
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਅੱਜ ਤੋਂ ਦੋ-ਰੋਜ਼ਾ ਵਿਸ਼ਾਲ ਸਾਉਣੀ ਕਿਸਾਨ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ। 18 ਅਤੇ 19 ਸਤੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਇਸ ਸੂਬਾ ਪੱਧਰੀ ਮੇਲੇ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਖੇਤੀ ਮਾਹਿਰ ਅਤੇ ਪੇਂਡੂ ਨੌਜਵਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਪਹਿਰ ਬਾਅਦ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਰਸਮੀ ਤੌਰ ‘ਤੇ ਕਿਸਾਨ ਮੇਲੇ ਦਾ ਉਦਘਾਟਨ ਕੀਤਾ ਅਤੇ ਵਿਕਸਿਤ ਖੇਤੀ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ।
ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਆਖ਼ਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਅਹਿਦ ਲਿਆ ਸੀ, ਜੋ ਕਿ ਬਹੁਤ ਜਲਦ ਮੁਕੰਮਲ ਹੋਣ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਖੇਤਾਂ ਦੀ ਸਿੰਜਾਈ ਨਹਿਰੀ ਪਾਣੀ ਨਾਲ ਹੋ ਰਹੀ ਹੈ, ਉੱਥੇ ਫ਼ਸਲਾਂ ਦੇ ਝਾੜ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਨਹਿਰੀ ਨੈੱਟਵਰਕ ਮਜ਼ਬੂਤ ਹੋਣ ਕਾਰਨ ਪੰਜਾਬ ਦੇ ਕਈ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ 1 ਫੁੱਟ ਤੋਂ ਲੈ ਕੇ 5 ਫੁੱਟ ਤੱਕ ਦਾ ਸੁਧਾਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਡੀਜ਼ਲ ਅਤੇ ਜਨਰੇਟਰਾਂ ਦੇ ਖ਼ਰਚੇ ਵਿੱਚ ਵੱਡੀ ਕਟੌਤੀ ਹੋਈ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਖੇਤੀ ਲਾਗਤਾਂ ਘਟਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਿੱਟੀ ਅਤੇ ਫ਼ਸਲ ਦੀ ਸਹੀ ਜਾਂਚ ਕਰਵਾਉਣ ਤੋਂ ਬਾਅਦ ਹੀ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ। ਪਰਾਲੀ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨਾਂ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਸੂਬਾ ਸਰਕਾਰ ‘ਤੇ ਕਿਸਾਨਾਂ ਵਿਰੁੱਧ ਪਰਚੇ ਦਰਜ ਕਰਨ ਦਾ ਦਬਾਅ ਬਣਾ ਰਹੀ ਹੈ, ਪ੍ਰੰਤੂ ਪੰਜਾਬ ਸਰਕਾਰ ਆਪਣੇ ਕਿਸਾਨਾਂ ‘ਤੇ ਕੋਈ ਕੇਸ ਦਰਜ ਨਹੀਂ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਢੁਕਵਾਂ ਵਿੱਤੀ ਪ੍ਰੋਤਸਾਹਨ (ਇਨਸੈਂਟਿਵ) ਦੇਵੇ ਤਾਂ ਜੋ ਕਿਸਾਨ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੀ ਆਪਣੇ ਪੱਧਰ ‘ਤੇ ਕਿਸਾਨਾਂ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਏਗੀ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ ਕਿ ਉਹ ਧਰਨੇ-ਮੁਜ਼ਾਹਰੇ ਲਗਾਉਣ ਦੀ ਬਜਾਏ ਗੱਲਬਾਤ ਦਾ ਰਸਤਾ ਚੁਣਨ। ਉਨ੍ਹਾਂ ਕਿਹਾ, “ਮੇਲੇ ਵਿੱਚ ਕਿਸਾਨ ਆਗੂ ਵੀ ਆਏ ਹੋਣਗੇ। ਮੇਰੀ ਬੇਨਤੀ ਹੈ ਕਿ ਤੁਹਾਨੂੰ ਜਦੋਂ ਵੀ ਕੋਈ ਮਸਲਾ ਹੋਵੇ, ਪਹਿਲਾਂ ਮੇਰੇ ਕੋਲ ਸਿੱਧਾ ਆ ਜਾਇਆ ਕਰੋ। ਤੁਸੀਂ ਪਹਿਲਾਂ ਸੜਕਾਂ ‘ਤੇ ਧਰਨਾ ਲਗਾਉਂਦੇ ਹੋ ਅਤੇ ਬਾਅਦ ਵਿੱਚ ਕਹਿੰਦੇ ਹੋ ਕਿ ਮੀਟਿੰਗ ਕਰਨੀ ਹੈ।” ਮੁੱਖ ਮੰਤਰੀ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਉਹ ਤਾਂ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਵਾਲੇ ‘ਮਿੱਤਰ ਕੀੜੇ’ ਵਰਗੇ ਹਨ, ਇਸ ਲਈ ਉਨ੍ਹਾਂ ‘ਤੇ ਹੀ ਸਪਰੇਅ ਨਾ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




