Breaking NewsD5 specialNewsPunjab

Amritsar ਪਹੁੰਚੀ Train ‘ਚ ਇਕ ਦਿਨ ਦੇ ਬੱਚੇ ਨੂੰ Toilet ‘ਚ ਦਿੱਤਾ ਫਾਹਾ, ਰੱਬ ਨੇ ਬਚਾਇਆ (ਵੀਡੀਓ)

Newborn Baby Boy Flushed Down Toilet Of A Train In Amritsar ਅੰਮ੍ਰਿਤਸਰ : ਇੱਥੋਂ ਦੇ ਰੇਲਵੇ ਸਟੇਸ਼ਨ ਤੇ ਰੁਕੀ ਇੱਕ ਗੱਡੀ ਅੰਦਰ ਵਾਪਰੀ ਇੱਕ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਨਸਾਨੀਅਤ ਮਰ ਚੁੱਕੀ ਹੈ। ਜੀ ਹਾਂ, ਇਸ ਕੇਸ ਨੂੰ ਦੇਖਣ ਤੋਂ ਬਾਅਦ ਤਾਂ ਅਸੀਂ ਫਿਰ ਕਹਾਂਗੇ ਕਿ ਇਨਸਾਨੀਅਤ ਮਰ ਚੁੱਕੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਰੇਲ ਗੱਡੀ ਦੀ ਟੁਆਏਲਿਟ ਸੀਟ ਵਿੱਚ ਇੱਕ ਮਾਂ ਨੇ ਆਪਣੇ ਹੀ ਨਵਜੰਮੇ ਬੱਚੇ ਨੂੰ ਗਲ ਵਿੱਚ ਚੁੰਨੀ ਦਾ ਫੰਦਾ ਪਾ ਕੇ ਟੁਆਏਲਿਟ ਸੀਟ ਦੇ ਅੰਦਰੋਂ ਦੀ ਤੁੰਨ ਕੇ ਬੱਚੇ ਨੂੰ ਚਲਦੀ ਗੱਡੀ ’ਚੋਂ ਬਾਹਰ ਸੁੱਟਣ ਦੀ ਕੋਸ਼ਿਸ਼ ਤਾਂ ਕੀਤੀ ਪਰ ਟੁਆਏਲਿਟ ਸੀਟ ਦੇ ਥੱਲੇ ਲੱਗੀ ਪਾਈਪ ਤੰਗ ਹੋਣ ਕਾਰਨ ਬੱਚਾ ਪਾਈਪ ਵਿੱਚ ਹੀ ਫਸ ਗਿਆ ਤੇ ਉਸੇ ਹਾਲਤ ਵਿੱਚ ਲਗਭਗ 12 ਘੰਟੇ ਹੱਡ ਚੀਰਵੀਂ ਠੰਢ ਵਿੱਚ ਨੰਗੇ ਸਰੀਰ ਫਸਿਆ ਰਿਹਾ। ਇਸਦਾ ਪਤਾ ਉਸ ਵੇਲੇ ਲੱਗਿਆ ਜਦੋਂ ਗੱਡੀ ਰੇਲਵੇ ਸਟੇਸ਼ਨ ਤੇ ਰੁਕੀ ਤੇ ਯਾਤਰੀਆਂ ਦੇ ਉਤਰਨ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਗੱਡੀ ਦੀ ਸਫਾਈ ਕਰਨੀ ਸ਼ੁਰੂ ਕੀਤੀ।

ਇਸ ਸਬੰਧ ਵਿੱਚ ਸਫਾਈ ਕਰਮਚਾਰੀ ਸਾਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਰੇਲ ਗੱਡੀ ਅੰਦਰ ਸਫਾਈ ਕਰਵਾਉਣ ਦਾ ਠੇਕਾ ਹੈ ਤੇ ਇਸੇ ਤਹਿਤ ਕਲਕੱਤਾ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੀ ਹਾਵੜਾ ਮੇਲ ਜਦੋਂ ਖਾਲੀ ਹੋ ਗਈ ਤਾਂ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਗੱਡੀ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ। ਸਾਬੀ ਅਨੁਸਾਰ ਇਸ ਦੌਰਾਨ ਜਿਉਂ ਹੀ ਉਨ੍ਹਾਂ ਦੇ ਇੱਕ ਮੁਲਾਜ਼ਮ ਦੀ ਨਿਗ੍ਹਾ ਟੁਆਏਲਿਟ ਸੀਟ ਵਿੱਚ ਫਸੇ ਕਿਸੇ ਬੱਚੇਨੁਮਾ ਚੀਜ਼ ਤੇ ਪਈ ਤਾਂ ਉਸ ਮੁਲਾਜ਼ਮ ਨੇ ਤੁਰੰਤ ਇਸਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਤੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਬੱਚੇਨੁਮਾ ਚੀਜ਼ ਟੁਆਏਲਿਟ ਸੀਟ ਦੇ ਪਾਈਪ ਵਿੱਚ ਬੁਰੀ ਤਰ੍ਹਾਂ ਤੁੰਨ ਕੇ ਫਸਾਈ ਗਈ ਦਿੱਸ ਰਹੀ ਸੀ ਤੇ ਚੁੰਨੀ ਦੀ ਬਣਾਈ ਹੋਈ ਰੱਸੀਨੁਮਾ ਚੀਜ਼ ਸੀਟ ਦੇ ਬਾਹਰ ਪਈ ਸੀ।

Read Also ਫਾਂਸੀ ‘ਤੇ ਲਟਕਦੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਕਈ ਘੰਟੇ ਨਾੜ ਨਾਲ ਲਟਕਦਾ ਰਿਹਾ (ਵੀਡੀਓ)

ਸਾਬੀ ਅਨੁਸਾਰ ਉਨ੍ਹਾਂ ਨੇ ਜਿਉਂ ਹੀ ਉਸ ਰੱਸੀ ਨੂੰ ਫੜ੍ਹ ਕੇ ਬਾਹਰ ਖਿੱਚਿਆ ਤਾਂ ਬੱਚਾ ਬਾਹਰ ਆ ਗਿਆ ਤਾਂ ਬੱਚੇ ਨੇ ਬਾਹਰ ਆਉਣ ਸਾਰ ਬੱਚੇ ਨੇ ਰੋਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਚਾ ਅਜੇ ਜਿਉਂਦਾ ਹੈ। ਸਾਬੀ ਦੱਸਦਾ ਹੈ ਕਿ ਬੱਚੇ ਦੀ ਹਾਲਤ ਇਹ ਸੀ ਕਿ ਇੱਕ ਪਾਸੇ ਉਸਦੇ ਪੇਟ ਨਾਲ ਨਾੜੂਆ ਲਟਕ ਰਿਹਾ ਸੀ ਤੇ ਗਰਦਨ ਵਿੱਚ ਰੱਸੀਨੁਮਾ ਚੁੰਨੀ, ਜੋ ਕਿ ਸ਼ਾਇਦ ਬੱਚੇ ਦੀ ਗਰਦਨ ਦੁਆਲੇ ਲਪੇਟ ਕੇ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਪਾਈ ਗਈ ਸੀ। ਇਸ ਸਫਾਈ ਕਰਮਚਾਰੀ ਅਨੁਸਾਰ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚਾ ਜਿਉਂਦਾ ਹੈ ਉਨ੍ਹਾਂ ਨੇ ਤੁਰੰਤ ਬੱਚੇ ਨੂੰ ਨੁਹਾ ਕੇ ਸਾਫ ਕੀਤਾ ਤੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਨ੍ਹਾਂ ਨੂੰ ਨਾਲ ਲੈ ਕੇ ਇਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇੱਧਰ ਦੂਜੇ ਪਾਸੇ ਹਸਪਤਾਲ ਵਿੱਚ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਸੰਦੀਪ ਨੇ ਦੱਸਿਆ ਕਿ ਜਿਸ ਵੇਲੇ ਬੱਚਾ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਉਸ ਵੇਲੇ ਉਸਦੀ ਹਾਲਤ ਨਾਜ਼ੁਕ ਸੀ ਤੇ ਬੱਚੇ ਦਾ ਸਰੀਰ ਬਿਲਕੁਲ ਠੰਢਾ ਪਿਆ ਸੀ। ਡਾਕਟਰ ਅਨੁਸਾਰ ਬੱਚੇ ਨੂੰ ਗਰਮ ਕੱਪੜੇ ਅਤੇ ਮਸ਼ੀਨਾਂ ਰਾਹੀਂ ਗਰਮੀ ਦਿੱਤੀ ਗਈ ਹੈ ਜਿਸਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਚਾਉਣ ਲਈ ਚਾਰ ਡਾਕਟਰਾਂ ਦੀ ਟੀਮ ਪੂਰੀ ਮਿਹਨਤ ਕਰ ਰਹੀ ਹੈ ਪਰ ਉਹ ਅਜੇ ਇਹ ਦੱਸਣ ਦੀ ਹਾਲਤ ਵਿੱਚ ਨਹੀਂ ਹਨ ਕਿ ਬੱਚੇ ਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਬੱਚਾ ਜਿਵੇਂ ਅੱਜ ਹੀ ਪੈਦਾ ਹੋਇਆ ਸੀ ਜਿਸ ਬਾਰੇ ਅਗਲੇ ਤੱਥਾਂ ਦੀ ਜਾਂਚ ਜਾਰੀ ਹੈ।

ਉਧਰ ਇਸ ਕੇਸ ਦੀ ਜਾਂਚ ਕਰ ਰਹੇ ਏਐਸਆਈ ਦਇਆ ਸਿੰਘ ਨੇ ਦੱਸਿਆ ਕਿ ਜਿਉਂ ਹੀ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਉਨ੍ਹਾਂ ਨੇ ਤੁਰੰਤ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ। ਦਇਆ ਸਿੰਘ ਅਨੁਸਾਰ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਬੱਚਾ ਟੁਆਏਲਿਟ ਸੀਟ ਵਿੱਚ ਕੌਣ ਫਸਾ ਗਿਆ, ਇਸ ਬੱਚੇ ਦਾ ਮਾਂ ਬਾਪ ਕੌਣ ਹਨ। ਸਾਨੂੰ ਪਤਾ ਹੈ ਕਿ ਜਿਉਂ ਜਿਉਂ ਤੁਸੀਂ ਇਹ ਖਬਰ ਪੜ੍ਹਦੇ ਜਾ ਰਹੇ ਹੋ ਤੁਹਾਡੇ ਦਿਮਾਗ ਵਿਚ ਇਹ ਗੱਲ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ ਕਿ ਇਹ ਬੱਚਾ ਕਿਸੇ ਅਣਵਿਆਹੀ ਮਾਂ ਦਾ ਹੋ ਸਕਦਾ ਹੈ, ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਸੋਚ ਨੂੰ ਇੱਥੇ ਹੀ ਬਰੇਕ ਲਾਓ ਕਿਉਂਕਿ ਸਾਡੀ ਅਜਿਹੀ ਸੋਚ ਹੀ ਉਨ੍ਹਾਂ ਮਾਂਵਾਂ ਨੂੰ ਅਜਿਹੇ ਕਾਰੇ ਕਰਨ ਨੂੰ ਮਜਬੂਰ ਕਰਦੀ ਹੈ ਜਿਨ੍ਹਾਂ ਦੀ ਨਜ਼ਰ ਵਿੱਚ ਉਨ੍ਹਾਂ ਨੇ ਬੱਚਾ ਨਹੀਂ ਬਦਨਾਮੀ ਨੂੰ ਜਨਮ ਦਿੱਤਾ ਹੈ।

ਉਹ ਬਦਨਾਮੀ ਜੋ ਉਸਦਾ ਆਉਣ ਵਾਲੀ ਜ਼ਿੰਦਗੀ ਵਿੱਚ ਜਿਉਣਾ ਹਰਾਮ ਕਰ ਦੇਵੇਗੀ, ਉਹ ਬਦਨਾਮੀ ਜਿਸਨੂੰ ਉਸ ਵਲੋਂ ਫਲੱਸ਼ ਵਿੱਚ ਤੁੰਨ ਕੇ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਬੱਚਾ ਸਮਾਜ ਦੀ ਨਜ਼ਰ ਵਿਚ ਨਾਜਾਇਜ਼ ਹੈ। ਜ਼ਰਾ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ, ਕੀ ਸੱਚਮੁਚ ਇਹ ਬੱਚਾ ਨਾਜਾਇਜ਼ ਹੈ? ਸਾਨੂੰ ਯਕੀਨ ਹੈ ਤੁਹਾਡੇ ਅੰਦਰੋਂ ਇਹ ਆਵਾਜ਼ ਆਵੇਗੀ ਕਿ ਨਹੀਂ, ਨਾਜਾਇਜ਼ ਬੱਚਾ ਨਹੀਂ, ਨਾਜਾਇਜ਼ ਉਸਦੀ ਮਾਂ ਹੈ, ਜਿਸਨੇ ਆਪਣੀ ਹੀ ਜੰਮੀ ਔਲਾਦ ਨੂੰ ਫਲੱਸ਼ ਦੀ ਪਾਈਪ ਵਿੱਚ ਤੁੰਨ ਕੇ ਮਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਮਾਂ ਨੂੰ ਨਾਜਾਇਜ਼ ਬਣਾਇਆ ਹੈ ਸਾਡੀ ਤੁਹਾਡੀ ਇਸ ਸੋਚ ਨੇ। ਤੇ ਜਦੋਂ ਤੱਕ ਅਸੀਂ ਆਪਣੀ ਇਹ ਸੋਚ ਬਦਲ ਨਹੀਂ ਦਿੰਦੇ ਉਦੋਂ ਤੱਕ ਇਹੋ ਜਿਹੀਆਂ ਮਾਵਾਂ ਬੱਚਿਆਂ ਨੂੰ ਫਲੱਸ਼ਾਂ ਵਿੱਚ ਤੁੰਨ ਤੁੰਨ ਕੇ ਮਾਰਦੀਆਂ ਰਹਿਣਗੀਆਂ। ਇਹ ਬੱਚਾ ਖੁਸ਼ਕਿਸਮਤ ਸੀ ਜੋ ਬਚ ਗਿਆ ਪਰ ਸ਼ਾਇਦ ਅਗਲਾ ਬੱਚਾ ਇੰਨਾ ਖੁਸ਼ਕਿਸਮਤ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button