Breaking NewsIndiaNewsPoliticsPunjab

MLA ਘੁਬਾਇਆ ਨਾਲ ਫੋਨ ਤੇ ਬੁਰੀ ਤਰ੍ਹਾਂ ਉਲਝਣ ਵਾਲੀ ਐਸਐਚਓ ਦਾ ਜੁੱਲੀ ਬਿਸਤਰਾ ਗੋਲ…

ਚੰਡੀਗੜ੍ਹ : ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ਤੇ ਬੁਰੀ ਤਰ੍ਹਾਂ ਉਲਝਣ ਵਾਲੀ ਥਾਣਾ ਸਿਟੀ ਫਾਜ਼ਿਲਕਾ ਦੀ ਐਸਐਚਓ ਲਵਮੀਤ ਕੌਰ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗੀ ਤੇ ਨਾਲ ਹੀ ਤੁਹਾਨੂੰ ਯਾਦ ਹੋਣਗੇ ਘੁਬਾਇਆ ਵਲੋਂ ਬੋਲੇ ਗਏ ਉਹ ਅੱਖਰ ਕਿ ਇਦਾਂ ਇੱਥੇ ਨਹੀਂ ਚੱਲਣ ਦੇਣਾ, ਜੇ ਇੰਝ ਹੀ ਕਰਨਾ ਹੈ ਤਾਂ ਫਿਰ ਆਪਣਾ ਜੁੱਲੀ ਬਿਸਤਰਾ ਬੰਨ੍ਹ ਲੈ। ਸੋ ਤੁਸੀਂ ਹੈਰਾਨ ਹੋਵੋਗੇ ਕਿ ਐਸਐਚਓ ਦਾ ਜੁੱਲੀ ਬਿਸਤਰਾ ਸੱਚਮੁੱਚ ਹੀ ਬੰਨ੍ਹਿਆ ਗਿਆ ਹੈ ਤੇ ਉਸਦਾ ਤਬਾਦਲਾ ਥਾਣਾ ਸਿਟੀ ਫਾਜ਼ਿਲਕਾ ਤੋਂ ਜਲਾਲਾਬਾਦ ਕਰ ਦਿੱਤਾ ਗਿਆ ਹੈ। ਭਾਵੇਂ ਕਿ ਪੁਲਿਸ ਅਧਿਕਾਰੀ ਇਸਨੂੰ ਰੁਟੀਨ ਵਿੱਚ ਕੀਤਾ ਗਿਆ ਤਬਾਦਲਾ ਦੱਸ ਰਹੇ ਹਨ ਪਰ ਘੁਬਾਇਆ ਸਮਰਥਕ ਅੰਦਰੋਂ ਅੰਦਰੀਂ ਮੁਸ਼ਕਰੀ ਹਾਸੀ ਹੱਸਦਿਆਂ ਕਹਿ ਰਹੇ ਹਨ ਕਿ ਐਸਐਚਓ ਤਾਂ ਉਂਝ ਹੀ ਮਾਰਦੀ ਰਹਿ ਗਈ ਕਿਉਂਕਿ ਪਾਣੀ ਤਾਂ ਆਖਰ ਪੁਲਾਂ ਥੱਲੋਂ ਹੀ ਲੰਘਣਾ ਹੁੰਦਾ ਹੈ। ਇਸ ਸਬੰਧ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਲਵਮੀਤ ਕੌਰ ਨੇ ਵੀ ਇਸ ਤਬਾਦਲੇ ਨੂੰ ਰੁਟੀਨ ਮਾਮਲਾ ਦੱਸਦਿਆਂ ਕਿਹਾ ਕਿ ਇਸਨੂੰ ਘੁਬਾਇਆ ਨਾਲ ਹੋਏ ਝਗੜੇ ਦੇ ਸਬੰਧ ਵਿਚ ਜੋੜ ਕੇ ਨਾ ਦੇਖਿਆ ਜਾਵੇ।

Read Also ਆਹ ਮੁੰਡਾ MLA ਤੇ SHO ਦੇ ਪੁਆੜੇ ਦੀ ਜੜ੍ਹ, ਸੁਣੋ ਕੀ ਹੋਇਆ ਸੀ ਉਸ ਦਿਨ

ਉਨ੍ਹਾਂ ਕਿਹਾ ਕਿ ਉਹ ਕੋਈ ਇਕੱਲੀ ਐਸਐਚਓ ਨਹੀਂ ਹਨ ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ ਉਨ੍ਹਾਂ ਦੇ ਨਾਲ ਜ਼ਿਲ੍ਹੇ ਕਈ ਹੋਰ ਐਸਐਚਓ ਵੀ ਤਬਦੀਲ ਕੀਤੇ ਗਏ ਹਨ। ਇੱਥੇ ਦੱਸ ਦੇਈਏ ਕਿ ਲਵਮੀਤ ਕੌਰ ਨਾਲ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਇੱਕ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿਚ ਘੁਬਾਇਆ ਫੋਨ ਕਰਕੇ ਐਸਐਚਓ ਨੂੰ ਇਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਉਹ ਪੁਲਿਸ ਅਧਿਕਾਰੀ ਉਸਦੇ ਸਮਰਥਕਾਂ ਨੂੰ ਬਿਨ੍ਹਾਂ ਵਜ੍ਹਾ ਤੰਗ ਪਰੇਸ਼ਾਨ ਕਰ ਰਹੀ ਹੈ ਪਰ ਪੁਲਿਸ ਅਧਿਕਾਰੀ ਲਵਮੀਤ ਕੌਰ ਦਾ ਉਸ ਗੱਲਬਾਤ ਵਿਚ ਇਹ ਕਹਿਣਾ ਹੈ ਕਿ ਉਸਨੇ ਵਾਹਨ ਦੇ ਕਾਗਜ਼ ਚੈੱਕ ਕਰਨ ਲਈ ਮੋਟਰ ਸਾਇਕਲ ਨੂੰ ਰੋਕਿਆ ਸੀ ਤੇ ਇਸ ਲਈ ਇਹ ਮਾਮਲਾ ਵਧਿਆ। ਇਸ ਮੌਕੇ ਐਸਐਚਓ ਦਾ ਇਹ ਕਹਿਣਾ ਸੀ ਕਿ ਉਹ ਐਸਐਚਓ ਬੇਇਜ਼ਤੀ ਕਰਾਉਣ ਲਈ ਨਹੀਂ ਲੱਗੀ ਹੋਈ ਜਿਸ ਤੇ ਘੁਬਾਇਆ ਕਹਿੰਦੇ ਸੁਣਾਈ ਦਿੰਦੇ ਹਨ ਕਿ ਤੂੰ ਐਸਐਚਓ ਲੱਗੀਂ ਹੈ ਕੋਈ ਰੱਬ ਨਹੀਂ।

ਐਸਐਚਓ ਨੂੰ ‘ਤੂੰ’ ਕਹਿ ਕੇ ਬੁਲਾਏ ਜਾਣ ਤੇ ਲਵਮੀਤ ਕੌਰ ਵਿਧਾਇਕ ਨੂੰ ਕ੍ਰਿਪਾ ਕਰਕੇ ਇੱਜ਼ਤ ਨਾਲ ਬੋਲੋ ਕਹਿੰਦੀ ਹੈ ਪਰ ਵਿਧਾਇਕ ਅੱਗੋਂ ਕਹਿੰਦਾ ਹੈ ਕਿ ਇੰਝ ਇੱਥੇ ਨਹੀਂ ਚੱਲਣਾ, ਉਹ ਅਜਿਹਾ ਨਹੀਂ ਹੋਣਗੇ ਤੇ ਜੇਕਰ ਅਜਿਹਾ ਕਰਨਾ ਹੈ ਤਾਂ ਉਹ ਆਪਣਾ ਜੁੱਲੀ ਬਿਸਤਰਾ ਬੰਨ੍ਹ ਲਵੇ। ਭਾਵੇਂ ਕਿ ਇਹ ਪੂਰੇ ਮਾਮਲੇ ਤੋਂ ਬਾਅਦ ਚਾਰੇ ਪਾਸੇ ਲੋਕਾਂ ਨੇ ਘੁਬਾਇਆ ਨੂੰ ਹੀ ਦੋਸ਼ੀ ਠਹਿਰਾਇਆ ਸੀ ਪਰ ਉਸ ਤੋਂ ਕੁਝ ਚਿਰ ਬਾਅਦ ਇਸੇ ਐਸਐਚਓ ਵੱਲੋਂ ਸਾਰਿਆਂ ਦੀ ਮੌਜੂਦਗੀ ਵਿੱਚ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਮਾਗਮ ਵਿਚੋਂ ਇੱਕ ਬੰਦੇ ਨੂੰ ਫੜ੍ਹ ਕੇ ਤਿੰਨ ਸਵਾਰੀਆਂ ਬਿਠਾ ਕੇ ਮੋਟਰ ਸਾਇਕਲ ਥਾਣੇ ਵੱਲ ਰਵਾਨਾ ਕਰ ਦਿੱਤਾ ਸੀ ਜਿਸਦੀ ਇਹ ਕਹਿ ਕੇ ਆਲੋਚਨਾ ਹੋਈ ਸੀ ਕਿ ਹੁਣ ਨਿਯਮ ਅਤੇ ਕਾਨੂੰਨ ਕਿੱਥੇ ਗਏ। ਇਸ ਤੋਂ ਇਲਾਵਾ ਜਿਉਂ ਹੀ ਇਹ ਆਡੀਓ ਵਾਇਰਲ ਹੁੰਦੀ ਹੋਈ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਇਸ ਤੇ ਸਖਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਲਿਖਤੀ ਤੌਰ ਤੇ ਐਸਐਚਓ ਲਵਮੀਤ ਕੌਰ ਨੂੰ ਗਲਤ ਠਹਿਰਾਇਆ ਸੀ।

ਫਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਤਾਂ ਐਸਐਚਓ ਅਤੇ ਵਿਧਾਇਕ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਆਈਜੀ ਜੋਨ ਅਧੀਨ ਪੈਂਦੇ ਪੰਜ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਪੁਲਿਸ ਮਰਿਆਦਾ ਦਾ ਪਾਲਣ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਸਨ। ਹੁਣ ਜਿਸ ਤਰ੍ਹਾਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਲਵਮੀਤ ਕੌਰ ਦਾ ਤਬਾਦਲਾ ਭਾਵੇਂ ਜ਼ਿਲ੍ਹੇ ਦੇ ਹੋਰ ਐਸਐਚਓਆਂ ਦੇ ਨਾਲ ਹੀ ਰੁਟੀਨ ਵਿੱਚ ਕਿਉਂ ਨਾ ਕੀਤਾ ਗਿਆ ਹੋਵੇ ਪਰ ਇਸ ਤਬਾਦਲੇ ਵਿਚੋਂ ਲੋਕਾਂ ਨੂੰ ਸਿਰਫ਼ ਲਵਮੀਤ ਕੌਰ ਦਾ ਤਬਾਦਲਾ ਹੀ ਨਜ਼ਰ ਆ ਰਿਹਾ ਹੈ। ਵੇਖਣਾ ਇਹ ਹੋਵੇਗਾ ਕਿ ਇਸ ਸਬੰਧੀ ਖਬਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀ ਇਹ ਮੰਨਣ ਨੂੰ ਤਿਆਰ ਹੁੰਦੇ ਹਨ ਕਿ ਇਹ ਤਬਾਦਲਾ ਵਿਧਾਇਕ ਨੇ ਕਰਵਾਇਆ ਹੈ ਜਾਂ ਉਹ ਵੀ ਲਵਮੀਤ ਕੌਰ ਦੇ ਉਸ ਬਿਆਨ ਨੂੰ ਹੀ ਦੁਹਰਾਉਣਗੇ ਕਿ ਇਹ ਤਾਂ ਰੁਟੀਨ ਤਬਾਦਲਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button