PunjabTop News

HDFC ਬੈਂਕ ਨੂੰ ਪੰਜਾਬ ਸਰਕਾਰ ਦਾ ਝਟਕਾ! ਸਰਕਾਰੀ ਫੰਡ ਜਮ੍ਹਾਂ ਕਰਵਾਉਣ ਵਾਲੇ ਬੈਂਕਾਂ ਦੀ ਨਵੀਂ ਦਰਜਾਬੰਦੀ ਜਾਰੀ, HDFC ਬਾਹਰ

 ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ, ਸਥਾਨਕ ਸੰਸਥਾਵਾਂ ਅਤੇ ਏਜੰਸੀਆਂ ਵੱਲੋਂ ਫੰਡ ਜਮ੍ਹਾਂ ਕਰਵਾਉਣ ਸਬੰਧੀ ਬੈਂਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਵਿੱਤ ਵਿਭਾਗ ਦੇ ਛੋਟੀਆਂ ਬੱਚਤਾਂ, ਬੈਂਕਿੰਗ ਅਤੇ ਲਾਟਰੀਆਂ ਡਾਇਰੈਕਟੋਰੇਟ ਵੱਲੋਂ ਜਾਰੀ ਇਸ ਸੂਚੀ ਵਿੱਚ 24 ਬੈਂਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐੱਚਡੀਐੱਫਸੀ ਬੈਂਕ ਨੂੰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
ਵਿੱਤ ਵਿਭਾਗ ਦੇ 13 ਅਕਤੂਬਰ, 2026 ਦੇ ਪੱਤਰ ਅਨੁਸਾਰ ਇਹ ਫ਼ੈਸਲਾ ਖੁਰਾਕ ਖ਼ਰੀਦ ਏਜੰਸੀਆਂ ਵੱਲੋਂ ਉਠਾਏ ਗਏ ਇਤਰਾਜ਼ਾਂ ਅਤੇ ਪੰਜਾਬ ਰਾਜ ਅਨਾਜ ਖ਼ਰੀਦ ਨਿਗਮ (ਪਨਗ੍ਰੇਨ) ਦੇ ਡਾਇਰੈਕਟਰ ਤੇ ਮੈਨੇਜਿੰਗ ਡਾਇਰੈਕਟਰ ਵੱਲੋਂ ਦਿੱਤੀਆਂ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ 17 ਅਕਤੂਬਰ, 2025 ਨੂੰ ਜਾਰੀ ਪੱਤਰ ਰਾਹੀਂ ਸੂਬੇ ਵਿੱਚ 25 ਬੈਂਕਾਂ ਨੂੰ ਸੂਚੀਬੱਧ ਕੀਤਾ ਗਿਆ ਸੀ। ਖੁਰਾਕ ਖ਼ਰੀਦ ਏਜੰਸੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਐੱਚਡੀਐੱਫਸੀ ਬੈਂਕ ਨਾਲ ਉਨ੍ਹਾਂ ਦੇ ਖਾਤਿਆਂ ਦੇ ਸੰਚਾਲਨ ਕਾਰਨ ਵਿਆਜ ਦਾ ਨੁਕਸਾਨ ਹੋਇਆ। ਇਸ ਮਾਮਲੇ ਵਿੱਚ ਬੈਂਕ ਨੂੰ ਪਹਿਲਾਂ ਇਹ ਨੁਕਸਾਨ ਪੂਰਾ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ। ਪੱਤਰ ਮੁਤਾਬਕ ਐੱਚਡੀਐੱਫਸੀ ਬੈਂਕ ਨੇ ਪਨਸਪ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਸੀ ਅਤੇ ਹੋਰ ਖ਼ਰੀਦ ਏਜੰਸੀਆਂ ਦੇ ਨੁਕਸਾਨ ਦੀ ਪੂਰਤੀ ਲਈ ਵੀ ਉਸ ਨੂੰ ਮੌਕੇ ਦਿੱਤੇ ਗਏ ਸਨ।
ਹਾਲਾਂਕਿ, ਪਨਗ੍ਰੇਨ ਦੇ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ ਦੀਆਂ ਟਿੱਪਣੀਆਂ, ਐੱਚਡੀਐੱਫਸੀ ਬੈਂਕ ਵੱਲੋਂ ਸਰਕਾਰ ਨੂੰ ਜਵਾਬ ਨਾ ਦਿੱਤੇ ਜਾਣ ਅਤੇ ਹੋਰ ਖ਼ਰੀਦ ਏਜੰਸੀਆਂ ਦੇ ਨੁਕਸਾਨ ਦੀ ਭਰਪਾਈ ਨਾ ਹੋਣ ਦੇ ਮੱਦੇਨਜ਼ਰ ਸਰਕਾਰ ਨੇ ਇਸ ਬੈਂਕ ਨਾਲ ਕੋਈ ਵੀ ਸਰਕਾਰੀ ਕਾਰੋਬਾਰ ਕਰਨਾ ਠੀਕ ਨਹੀਂ ਸਮਝਿਆ। ਇਸੇ ਤਹਿਤ ਬੈਂਕ ਨੂੰ ਸੂਚੀ ਵਿੱਚੋਂ ਹਟਾ ਕੇ 24 ਬੈਂਕਾਂ ਦੀ ਨਵੀਂ ਦਰਜਾਬੰਦੀ ਜਾਰੀ ਕੀਤੀ ਗਈ ਹੈ।
ਇਹ ਹੁਕਮ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ, ਛੋਟੀਆਂ ਬੱਚਤਾਂ, ਬੈਂਕਿੰਗ ਅਤੇ ਲਾਟਰੀਆਂ ਵੱਲੋਂ ਜਾਰੀ ਕੀਤੇ ਗਏ ਹਨ। ਪੱਤਰ ਦੀਆਂ ਕਾਪੀਆਂ ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ, ਪ੍ਰਸ਼ਾਸਕੀ ਸਕੱਤਰਾਂ, ਸੂਬੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਭੇਜੀਆਂ ਗਈਆਂ ਹਨ।
ਨਵੀਂ ਸੂਚੀ ਵਿੱਚ ਸੈਂਟਰਲ ਬੈਂਕ ਆਫ਼ ਇੰਡੀਆ ਨੂੰ ਪਹਿਲਾ, ਪੰਜਾਬ ਗ੍ਰਾਮੀਣ ਬੈਂਕ ਨੂੰ ਦੂਜਾ, ਕੇਨਰਾ ਬੈਂਕ ਨੂੰ ਤੀਜਾ ਅਤੇ ਪੰਜਾਬ ਨੈਸ਼ਨਲ ਬੈਂਕ ਨੂੰ ਚੌਥਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ ਪੰਜਵੇਂ, ਸਟੇਟ ਬੈਂਕ ਆਫ਼ ਇੰਡੀਆ ਛੇਵੇਂ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਸੱਤਵੇਂ ਸਥਾਨ ‘ਤੇ ਹਨ। ਬੈਂਕ ਆਫ਼ ਇੰਡੀਆ ਨੂੰ ਅੱਠਵਾਂ, ਯੂਕੋ ਬੈਂਕ ਨੂੰ ਨੌਵਾਂ, ਇੰਡੀਅਨ ਓਵਰਸੀਜ਼ ਬੈਂਕ ਨੂੰ ਦਸਵਾਂ, ਇੰਡੀਅਨ ਬੈਂਕ ਨੂੰ 11ਵਾਂ ਅਤੇ ਆਈਸੀਆਈਸੀਆਈ ਬੈਂਕ ਨੂੰ 12ਵਾਂ ਦਰਜਾ ਦਿੱਤਾ ਗਿਆ ਹੈ। ਬੈਂਕ ਆਫ਼ ਬੜੌਦਾ 13ਵੇਂ, ਐਕਸਿਸ ਬੈਂਕ 14ਵੇਂ, ਆਈਡੀਬੀਆਈ ਬੈਂਕ 15ਵੇਂ, ਕੈਪੀਟਲ ਸਮਾਲ ਫਾਈਨਾਂਸ ਬੈਂਕ 16ਵੇਂ ਅਤੇ ਏਯੂ ਸਮਾਲ ਫਾਈਨਾਂਸ ਬੈਂਕ 17ਵੇਂ ਸਥਾਨ ‘ਤੇ ਹਨ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੂੰ ਵਿਸ਼ੇਸ਼ ਮਾਮਲੇ ਵਜੋਂ 18ਵਾਂ ਦਰਜਾ ਦਿੱਤਾ ਗਿਆ ਹੈ। ਕੋਟਕ ਮਹਿੰਦਰਾ ਬੈਂਕ 19ਵੇਂ, ਯੈੱਸ ਬੈਂਕ 20ਵੇਂ, ਫੈਡਰਲ ਬੈਂਕ 21ਵੇਂ, ਬੈਂਕ ਆਫ਼ ਮਹਾਰਾਸ਼ਟਰ 22ਵੇਂ, ਇੰਡਸਇੰਡ ਬੈਂਕ 23ਵੇਂ ਅਤੇ ਆਈਡੀਐੱਫਸੀ ਫਸਟ ਬੈਂਕ 24ਵੇਂ ਸਥਾਨ ‘ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button