
ਸੰਗਰੂਰ ਜ਼ਿਲ੍ਹੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਦੇ ਘਰ ਚੱਲ ਰਹੀ ਸੀਬੀਆਈ ਰੇਡ ਦੌਰਾਨ ਹੋਏ ਘਟਨਾਕ੍ਰਮ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੇ ਲੰਕੇਸ਼ ਤੇ ਵਾਰਿਸ ਪੰਜਾਬ ਦੇ ਹਲਕਾ ਸੰਗਰੂਰ ਇੰਚਾਰਜ ਚਮਨਦੀਪ ਮਿਲਖੀ ਨੂੰ ਹਿਰਾਸਤ ’ਚ ਲੈ ਲਿਆ। ਜਿਨ੍ਹਾਂ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਦਰਅਸਲ ਇਹ ਕਾਰਵਾਈ ਸੀਬੀਆਈ ਦੀ ਗੱਡੀ ’ਤੇ ਫੁੱਲ ਵਰਸਾਉਣ ਤੇ ਢੋਲ ਵਜਾਉਣ ਦੇ ਮਾਮਲੇ ’ਚ ਕੀਤੀ ਗਈ।
ਪੁਲਿਸ ਹਿਰਾਸਤ ’ਚੋਂ ਰਿਹਾਅ ਹੋਏ ਵਾਰਿਸ ਪੰਜਾਬ ਦੇ ਹਲਕਾ ਸੰਗਰੂਰ ਇੰਚਾਰਜ ਚਮਨਦੀਪ ਮਿਲਖੀ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ, “ਸਾਨੂੰ 8 ਵਜੇ ਹਿਰਾਸਤ ’ਚ ਲੈ ਲਿਆ। ਇਨ੍ਹਾਂ ਨੇ ਬਾਅਦ ’ਚ ਦੱਸਿਆ ਕਿ ਜਦੋਂ ਰਾਜਵੀਰ ਦੇ ਘਰ ਸਬੀਆਈ ਆਈ ਤਾਂ ਅਸੀਂ ਉਨ੍ਹਾਂ ’ਤੇ ਫੁੱਲ ਸੁੱਟੇ ਅਤੇ ਢੋਲ ਧਮਾਕਿਆਂ ਨਾਲ ਸਵਾਗਤ ਕੀਤਾ। ਇਹ ਉਨ੍ਹਾਂ ਦਾ ਕਸੂਰ ਹੈ। ਪੰਜਾਬ ’ਚ ਇਸ ਸਮੇਂ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ’ਚ ਇਸ ਸਮੇਂ ਜੋ ਸਕਰਾਰ ਹੈ ਉਹ ਖੁਦ ਨੂੰ ਔਰੰਗਜੇਬ ਸਮਝ ਰਹੀ ਹੈ ਅਤੇ ਪਹਿਲਾਂ ਵੀ ਇਨ੍ਹਾਂ ਵੱਲੋਂ ਟਰੱਕ ਯੂਨੀਅਨ ਦੇ ਲੋਕਾਂ ਨੂੰ ਕੁੱਟਿਆ ਅਤੇ ਇਨ੍ਹਾਂ ਅੱਗੇ ਕੋਈ ਬੋਲਦਾ ਨਹੀਂ ਸੀ ਪਰ ਹੁਣ ਉਨ੍ਹਾਂ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ। ਪੁਲਿਸ ਦੀ ਕਾਰਵਾਈ ਦੇ ਖਿਲਾਫ ਆਵਾਜ਼ ਚੁੱਕਣ ਮਗਰੋਂ ਸਾਨੂੰ ਰਿਹਾਅ ਕਰ ਦਿੱਤਾ। ਇਸ ਦੌਰਾਨ ਸਾਡੇ ਨਾਲ ਕੋਈ ਕੁੱਟਮਾਰ ਨਹੀਂ ਹੋਈ ਹੈ।”
ਸਵੇਰੇ ਕਰੀਬ 8 ਵਜੇ ਸੰਗਰੂਰ ਪੁਲਿਸ ਵੱਲੋਂ ਚਮਨਦੀਪ ਮਿਲਖੀ ਅਤੇ ਵਿਜੇ ਲੰਕੇਸ਼ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ਤੋਂ ਹਿਰਾਸਤ ਵਿੱਚ ਲਿਆ ਗਿਆ। ਇਲਜ਼ਾਮ ਹੈ ਕਿ ਬੀਤੀ ਰਾਤ ਪਿੰਡ ਘਰਾਚੋਂ ਵਿੱਚ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਘੁੰਮਣ ਦੇ ਘਰ ਸੀਬੀਆਈ ਦੀ ਰੇਡ ਚੱਲ ਰਹੀ ਸੀ। ਇਸ ਦੌਰਾਨ ਦੋਵੇਂ ਆਗੂ ਢੋਲ ਲੈ ਕੇ ਮੌਕੇ ’ਤੇ ਪਹੁੰਚੇ ਸੀ।
ਇਸ ਦੌਰਾਨ ਢੋਲ ਵਜਾਇਆ ਗਿਆ ਅਤੇ ਸੀਬੀਆਈ ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ’ਚ ਕੁਝ ਲੋਕ ਢੋਲ ਦੀ ਧੁਨ ’ਤੇ ਨੱਚਦੇ ਹੋਏ ਵੀ ਦਿਖਾਈ ਦੇ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




