D5 specialNewsPunjabTop News

ਕੈਪਟਨ ਅਮਰਿੰਦਰ ਸਿੰਘ ਹੋਏ ਭਾਜਪਾ ਚ ਸ਼ਾਮਲ, ਆਪਣੀ ਪਾਰਟੀ ਪੀਐੱਲਸੀ ਦਾ ਵੀ ਭਾਜਪਾ ਚ ਕੀਤਾ ਰਲੇਵਾਂ

ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ  ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ  ਕੈਪਟਨ ਅਮਰਿੰਦਰ ਸਿੰਘ  ਨੇ ਆਖਰਕਾਰ ਬੀਜੇਪੀ ਦਾ ਪੱਲਾ ਫੜ ਹੀ ਲਿਆ ਹੈ। ਕੈਪਟਨ ਵੱਲੋਂ  ਬੀਜੇਪੀ ਚ ਸ਼ਮੂਲੀਅਤ  ਕਰਨ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ਪੀਐੱਲਸੀ ਦਾ ਵੀ ਬੀਜੇਪੀ ਵਿੱਚ ਰਲੇਵਾਂ ਕਰ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦੇ ਨਾਲ ਮੁਲਾਕਾਤ ਦੇ ਕੁਝ ਘੰਟਿਆਂ ਬਾਅਦ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਕੈਪਟਨ  80 ਵਰ੍ਹਿਆਂ ਦੇ ਹਨ ਅਤੇ  ਪੰਜਾਬ ਦੇ ਦੋ ਵਾਰ ਮੁੱਖਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ  ਕਾਂਗਰਸ ਪਾਰਟੀ  ਨੂੰ ਛੱਡਣ ਤੋਂ ਬਾਅਦ  2021ਵਿੱਚ ਆਪਣੀ ਪਾਰਟੀ  ਪੰਜਾਬ ਲੋਕ ਕਾਂਗਰਸ ਬਣਾ ਲਈ ਸੀ। ਛੇ ਮਹੀਨੇ ਪਹਿਲਾਂ ਹੋਈਆਂ  2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ  ਪੰਜਾਬ ਲੋਕ ਕਾਂਗਰਸ ਨੇ  ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ  ਨਾਲ ਗੱਠਜੋੜ  ਕਰਕੇ  ਚੋਣਾਂ ਲੜੀਆਂ ਸਨ ਪਰ ਉਨ੍ਹਾਂ ਦੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ। ਇੱਥੋਂ ਤੱਕ ਕਿ ਕੈਪਟਨ ਪਟਿਆਲਾ ਸ਼ਹਿਰੀ  ਵਿਧਾਨ ਸਭਾ ਹਲਕਾ ਤੋਂ  ਚੋਣ ਮੈਦਾਨ ਵਿੱਚ ਉਤਰੇ ਸਨ  ਪਰ ਉਹ ਆਪਣੀ ਜੱਦੀ ਸੀਟ ਤੋਂ ਵੀ ਹਾਰ ਗਏ ਸਨ।

ਪਟਿਆਲਾ ਰਿਆਸਤ ਨਾਲ ਸੰਬੰਧ ਰੱਖਦੇ ਕੈਪਟਨ ਅਮਰਿੰਦਰ ਸਿੰਘ  ਪੰਜਾਬ ਦੀ ਸਿਆਸਤ ਵਿੱਚ ਇੱਕ ਰਸੂਖ਼ਦਾਰ ਸਿਆਸਤਦਾਨ ਮੰਨੇ ਜਾਂਦੇ ਹਨ। ਬੀਤੇ ਵਰ੍ਹੇ ਨਵੰਬਰ ਵਿੱਚ ਕੈਪਟਨ ਨੇ ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ  ਇੰਡੀਅਨ ਨੈਸ਼ਨਲ ਕਾਂਗਰਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਕੈਪਟਨ ਦੇ ਪਿਛਲੇ ਮੁੱਖਮੰਤਰੀ ਦੇ ਸਮੇਂ ਦੌਰਾਨ ਉਨ੍ਹਾਂ ਦੀ ਸ਼ਬਦੀ ਜੰਗ ਲਗਾਤਾਰ ਕ੍ਰਿਕਟ ਤੋਂ ਸਿਆਸਤ ਵਿਚ ਆਏ  ਨਵਜੋਤ ਸਿੰਘ ਸਿੱਧੂ ਦੇ ਨਾਲ  ਚਲਦੀ ਰਹੀ। ਕੈਪਟਨ ਅਮਰਿੰਦਰ ਸਿੰਘ ਦੇ  ਮੁੱਖ ਮੰਤਰੀ ਅਹੁਦੇ ਤੋਂ ਬਾਹਰ ਹੋਣ ਦੇ ਬਾਅਦ  ਦਲਿਤ ਕਾਂਗਰਸੀ  ਚਰਨਜੀਤ ਸਿੰਘ ਚੰਨੀ ਨੂੰ ਅਖੀਰਲੇ ਤਿੰਨ ਮਹੀਨਿਆਂ ਚ ਮੁੱਖ ਮੰਤਰੀ ਬਣਾਇਆ ਗਿਆ ਸੀ।

ਕੈਪਟਨ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰਨ ਨੂੰ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਵੱਲੋਂ ਭਾਜਪਾ ਦਾ ਲੜ ਫੜੇ ਜਾਣ ਵਾਲੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਅਤੇ ਯਕੀਨਨ ਕਾਂਗਰਸ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕੈਪਟਨ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਐਲਾਨ ਉਨ੍ਹਾਂ ਵੱਲੋਂ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਦੇ ਕਈ ਦਿਨਾਂ ਬਾਅਦ ਆਇਆ ਹੈ।

ਕੈਪਟਨ ਦੇ ਭਗਵਾ ਪਾਰਟੀ ਚ ਸ਼ਾਮਲ ਹੋਣ ਦੇ ਨਾਲ  ਉਨ੍ਹਾਂ ਦੇ ਪੁੱਤਰ  ਰਣਇੰਦਰ ਸਿੰਘ ਅਤੇ ਧੀ ਜੈਇੰਦਰ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।  ਇਸ ਦੇ ਨਾਲ ਹੀ  7 ਸਾਬਕਾ ਵਿਧਾਇਕ ਅਤੇ ਇਕ ਸਾਬਕਾ ਮੈਂਬਰ ਪਾਰਲੀਮੈਂਟ ਨੇ ਵੀ ਭਾਜਪਾ ਦਾ ਪੱਲਾ ਫੜਿਆ। ਜ਼ਿਕਰਯੋਗ ਹੈ ਕਿ  ਕੈਪਟਨ ਅਮਰਿੰਦਰ ਸਿੰਘ ਦੀ ਪਤਨੀ  ਪਰਨੀਤ ਕੌਰ  ਇਸ ਵਕਤ  ਕਾਂਗਰਸ ਪਾਰਟੀ ਦੇ  ਮੈਂਬਰ ਪਾਰਲੀਮੈਂਟ ਹਨ ।

ਕੈਪਟਨ ਅਤੇ ਉਨ੍ਹਾਂ ਦੀ ਪਾਰਟੀ  ਵੱਲੋਂ ਭਾਜਪਾ ਚ ਰਲੇਵਾਂ ਕਰਨ ਤੋਂ ਬਾਅਦ ਸਿਆਸੀ ਮਾਹਿਰਾਂ  ਦਾ ਮੰਨਣਾ ਹੈ ਕਿ ਇਸ  ਤਰੀਕੇ ਨਾਲ  ਭਾਰਤੀ ਜਨਤਾ ਪਾਰਟੀ  ਪੰਜਾਬ ਵਿੱਚ ਆਪਣੀ ਜ਼ਮੀਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ  ਪਿਛਲੇ ਦਿਨੀਂ ਹੀ ਲੰਡਨ ਤੋਂ  ਆਪਣੀ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਵਾ ਕੇ ਪਰਤੇ ਹਨ ਅਤੇ ਉਥੋਂ ਆਉਣ ਦੇ ਬਾਅਦ ਉਨ੍ਹਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤਾਂ ਕੀਤੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button