InternationalTop News

Canada Wildfires: ਕੈਨੇਡਾ ਵਿੱਚ ਜੰਗਲੀ ਅੱਗ ਦਾ ਕਹਿਰ ਜਾਰੀ

eਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਜੰਗਲੀ ਅੱਗ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ ਵਿੱਚ ਲੱਗੀਆਂ ਅੱਗਾਂ ਲਗਾਤਾਰ ਫੈਲ ਰਹੀਆਂ ਹਨ।
ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 950 ਤੋਂ ਵੱਧ ਥਾਵਾਂ ‘ਤੇ ਜੰਗਲੀ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ 241 ਥਾਵਾਂ ‘ਤੇ ਅਜੇ ਵੀ ਕਾਬੂ ਤੋਂ ਬਾਹਰ ਹਨ।ਹੁਣ ਤੱਕ ਲਗਭਗ 29 ਲੱਖ (2.9 ਮਿਲੀਅਨ) ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ। ਜੰਗਲੀ ਅੱਗਾਂ ਤੋਂ ਉੱਠ ਰਹੇ ਸੰਘਣੇ ਧੂੰਏਂ ਨੇ ਕਈ ਸੂਬਿਆਂ ਵਿੱਚ ਹਵਾ ਦੀ ਗੁਣਵੱਤਾ ਨੂੰ ਬਹੁਤ ਖ਼ਰਾਬ ਕਰ ਦਿੱਤਾ ਹੈ।
ਐਨਵਾਇਰਨਮੈਂਟ ਐਂਡ ਕਲਾਈਮਟ ਚੇਂਜ ਕੈਨੇਡਾ ਵੱਲੋਂ ਕਈ ਖੇਤਰਾਂ ਲਈ ਏਅਰ ਕੁਆਲਿਟੀ ਅਲਰਟ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।ਸੂਬੇ ਵਿੱਚ ਲਗਪਗ 115 ਜੰਗਲੀ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਅਜੇ ਵੀ ਬੇਕਾਬੂ ਹਨ। ਬੀਸੀ ਵਾਈਲਡ ਫਾਇਰ ਸਰਵਿਸ ਅਨੁਸਾਰ ਜ਼ਿਆਦਾਤਰ ਅੱਗਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਗੀਆਂ ਹਨ। ਦੱਖਣੀ ਕੈਰੀਬੂ ਖੇਤਰ ਦੇ ਬਿਗ ਬਾਰ ਲੇਕ ਨੇੜੇ ਕਰੀਬ 130 ਜਾਇਦਾਦਾਂ ਲਈ ਤੁਰੰਤ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੋਸਟਨ ਬਾਰ ਇਲਾਕੇ ਦੀ ਬਰੰਸਵਿਕ ਕ੍ਰੀਕ ਅੱਗ ਲਗਭਗ 40 ਵਰਗ ਕਿੱਲੋਮੀਟਰ ਤੱਕ ਫੈਲ ਚੁੱਕੀ ਹੈ, ਜਿੱਥੇ 500 ਤੋਂ ਵੱਧ ਅੱਗ ਬੁਝਾਊ ਕਰਮਚਾਰੀ ਮੋਰਚੇ ‘ਤੇ ਡਟੇ ਹੋਏ ਹਨ।ਓਂਟਾਰੀਓ ਵਿੱਚ ਲਗਪਗ 200 ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ ਹਨ। ਉੱਤਰ-ਪੱਛਮੀ ਓਂਟਾਰੀਓ ਦੀ “ਥੰਡਰ ਬੇਅ-36” ਅੱਗ 3.5 ਲੱਖ ਹੈਕਟੇਅਰ ਤੋਂ ਵੱਧ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ ਅਤੇ ਇਸ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੰਗਲੀ ਅੱਗ ਮੰਨਿਆ ਜਾ ਰਿਹਾ ਹੈ। ਧੂੰਏਂ ਕਾਰਨ ਟੋਰਾਂਟੋ ਸਮੇਤ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੇਠਾਂ ਡਿੱਗ ਗਈ, ਜਦਕਿ ਉੱਤਰੀ ਖੇਤਰਾਂ ਤੋਂ ਉਜਾੜੇ ਗਏ ਲੋਕਾਂ ਕਾਰਨ ਥੰਡਰ ਬੇਅ ਦੇ ਹੋਟਲ ਅਤੇ ਐਮਰਜੈਂਸੀ ਸ਼ੈਲਟਰ ਭਰ ਚੁੱਕੇ ਹਨ
ਉੱਤਰੀ ਮੈਨੀਟੋਬਾ ਵਿੱਚ 172 ਵਰਗ ਕਿੱਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲੀ ਅੱਗ ਕਾਰਨ ਓ-ਪੀਪੋਨ-ਨਾ-ਪੀਵਿਨ ਕ੍ਰੀ ਨੇਸ਼ਨ ਦੇ ਲਗਪਗ 600 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਸੰਘਣੇ ਧੂੰਏਂ ਅਤੇ ਘੱਟ ਦਿੱਖ ਕਾਰਨ ਰਾਹਤ ਅਤੇ ਅੱਗ ਬੁਝਾਉਣ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ।
ਨਾਰਥ ਵੈਸਟ ਟੈਰੀਟਰੀਜ਼ ਵਿੱਚ ਫੋਰਟ ਸਿਮਪਸਨ ਅਤੇ ਰਿਗਲੇ ਖੇਤਰਾਂ ਤੋਂ 1,400 ਤੋਂ ਵੱਧ ਲੋਕਾਂ ਨੂੰ ਖ਼ਾਲੀ ਕਰਵਾਇਆ ਗਿਆ ਹੈ। ਨੋਵਾ ਸਕੋਸ਼ੀਆ ਵਿੱਚ ਮੂਸਲੈਂਡ ਰੋਡ ਖੇਤਰ ਦੀ ਅੱਗ 14 ਵਰਗ ਕਿੱਲੋਮੀਟਰ ਤੱਕ ਫੈਲ ਗਈ ਹੈ, ਜਿਸ ਕਾਰਨ 150 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button