InternationalTop News

AI, ਪਰਮਾਣੂ ਜੰਗ ਤੇ ਜੈਵਿਕ ਹਥਿਆਰ ਮਿਟਾ ਸਕਦੇ ਨੇ ਮਨੁੱਖੀ ਸੱਭਿਅਤਾ! 17 ਵੱਡੇ ਖ਼ਤਰਿਆਂ ਦੀ ਪਛਾਣ

 ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਦੀ ਦੁਰਵਰਤੋਂ, ਪਰਮਾਣੂ ਜੰਗ ਤੇ ਜੈਵਿਕ ਹਥਿਆਰ ਆਉਣ ਵਾਲੀਆਂ ਪੀੜ੍ਹੀਆਂ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਜੇ ਇਨ੍ਹਾਂ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ, ਤਾਂ ਇਸ ਸਦੀ ਦੇ ਅਖੀਰ ਤੱਕ ਮਨੁੱਖੀ ਸੱਭਿਅਤਾ ਦੀ ਹੋਂਦ ’ਤੇ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਹਾਲਾਂਕਿ, ਅਜਿਹੀ ਤਬਾਹੀ ਦੀ ਸੰਭਾਵਨਾ ਬਹੁਤ ਘੱਟ ਹੈ। ‘ਦ ਲੈਂਸੇਟ’ ਦੀ ਨਵੀਂ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਖ਼ਤਰਿਆਂ ਨਾਲ ਨਜਿੱਠਣ ਲਈ ਦੁਨੀਆ ਨੂੰ ਹੁਣ ਤੋਂ ਹੀ ਮਿਲ ਕੇ ਯਤਨ ਕਰਨੇ ਪੈਣਗੇ।
ਮੀਡੀਆ ਰਿਪੋਰਟਾਂ ਮੁਤਾਬਕ, ‘ਲੈਂਸੇਟ ਕਮਿਸ਼ਨ ਆਨ 21ਵੀਂ ਸੈਂਚੁਰੀ ਗਲੋਬਲ ਥ੍ਰੈਟਸ ਟੂ ਹੈਲਥ’ ਨਾਮੀ ਰਿਪੋਰਟ ਵਿਚ ਮਨੁੱਖਤਾ ਸਾਹਮਣੇ ਮੌਜੂਦ 17 ਵੱਡੇ ਖ਼ਤਰਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ ਏਆਈ, ਪਰਮਾਣੂ ਟਕਰਾਅ ਅਤੇ ਜੈਵਿਕ ਹਥਿਆਰਾਂ ਤੋਂ ਇਲਾਵਾ ਜਲਵਾਯੂ ਤਬਦੀਲੀ, ਹਵਾ ਪ੍ਰਦੂਸ਼ਣ, ਕੁਦਰਤੀ ਮਹਾਮਾਰੀਆਂ, ਬੱਚਿਆਂ ਵਿਚ ਕੁਪੋਸ਼ਣ, ਮੋਟਾਪਾ ਅਤੇ ਕੌਮਾਂਤਰੀ ਸਹਾਇਤਾ ਵਿਚ ਕਟੌਤੀ ਵਰਗੇ ਮੁੱਦੇ ਸ਼ਾਮਲ ਹਨ। ਇਹ ਰਿਪੋਰਟ ਜਰਮਨੀ ਵਿਚ ਹੋਣ ਵਾਲੇ ਵਿਸ਼ਵ ਸਿਹਤ ਸੰਮੇਲਨ ਵਿਚ ਪੇਸ਼ ਕੀਤੀ ਜਾਣੀ ਹੈ।
ਰਿਪੋਰਟ ਮੁਤਾਬਕ, ਏਆਈ ਦੀ ਦੁਰਵਰਤੋਂ ਜੈਵਿਕ ਹਥਿਆਰ ਬਣਾਉਣ ਅਤੇ ਉਨ੍ਹਾਂ ਦੀ ਗ਼ਲਤ ਵਰਤੋਂ ਨੂੰ ਆਸਾਨ ਕਰ ਸਕਦੀ ਹੈ। ਅਜਿਹੇ ਹਥਿਆਰ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਸਕਦੇ ਹਨ। ਅਤਿ ਗੰਭੀਰ ਹਾਲਾਤ ਵਿਚ ਇਹ ਮਨੁੱਖਤਾ ਦੀ ਹੋਂਦ ਲਈ ਵੀ ਸੰਕਟ ਬਣ ਸਕਦੇ ਹਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਨਵੀਆਂ ਤਕਨੀਕਾਂ ਦੀ ਵਰਤੋਂ ਵਧਣ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਖ਼ਤਰਿਆਂ ’ਤੇ ਕਾਬੂ ਪਾਉਣ ਦੇ ਉਪਾਅ ਵੀ ਮਜ਼ਬੂਤ ਕਰਨੇ ਪੈਣਗੇ।
ਪਰਮਾਣੂ ਜੰਗ ਦਾ ਅਸਰ ਸਿਰਫ਼ ਧਮਾਕਿਆਂ ਤੇ ਜਾਨੀ ਨੁਕਸਾਨ ਤੱਕ ਸੀਮਤ ਨਹੀਂ ਰਹੇਗਾ। ਇਸ ਨਾਲ ਉੱਠਣ ਵਾਲਾ ਧੂੰਆਂ ਅਤੇ ਕਣ ਜਦੋਂ ਵਾਯੂਮੰਡਲ ਦੀਆਂ ਉੱਪਰਲੀਆਂ ਪਰਤਾਂ ਤੱਕ ਪਹੁੰਚਣਗੇ, ਤਾਂ ਸੂਰਜ ਦੀ ਰੌਸ਼ਨੀ ਧਰਤੀ ਤੱਕ ਘੱਟ ਪਹੁੰਚ ਸਕਦੀ ਹੈ। ਇਸ ਕਾਰਨ ਤਾਪਮਾਨ ਡਿੱਗਣ, ਫ਼ਸਲਾਂ ਦੀ ਪੈਦਾਵਾਰ ਵਿਚ ਭਾਰੀ ਕਮੀ ਆਉਣ ਅਤੇ ਵਿਸ਼ਵ ਪੱਧਰ ’ਤੇ ਖੁਰਾਕ ਦਾ ਸੰਕਟ ਪੈਦਾ ਹੋਣ ਦਾ ਖ਼ਤਰਾ ਹੈ। ਜੇ ਇਹ ਹਾਲਤ ਲੰਮੇ ਸਮੇਂ ਤੱਕ ਬਣੀ ਰਹੀ, ਤਾਂ ਵੱਡੇ ਪੱਧਰ ’ਤੇ ਭੁੱਖਮਰੀ ਅਤੇ ਮਨੁੱਖੀ ਜੀਵਨ ਲਈ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।
ਕਮਿਸ਼ਨ ਦੇ 35 ਮਾਹਿਰਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ਵਿਚ ਰਵਾਇਤੀ ਜੰਗ, ਹੱਦ ਤੋਂ ਵੱਧ ਸ਼ਰਾਬ ਪੀਣ, ਹਾਈ ਬਲੱਡ ਪ੍ਰੈਸ਼ਰ, ਆਮਦਨ ਵਿਚ ਅਸਮਾਨਤਾ, ਸਿੱਖਿਆ ਦਾ ਨੀਵਾਂ ਪੱਧਰ, ਮਾੜੀ ਮਾਨਸਿਕ ਸਿਹਤ, ਤਮਾਕੂਨੋਸ਼ੀ ਅਤੇ ਸਿਹਤਮੰਦ ਢੰਗ ਨਾਲ ਨਾ ਬੀਤ ਰਹੀ ਬੁਢਾਪੇ ਦੀ ਅਵਸਥਾ ਨੂੰ ਵੀ ਪ੍ਰਮੁੱਖ ਚੁਣੌਤੀਆਂ ਵਿਚ ਗਿਣਿਆ ਗਿਆ ਹੈ।
ਕਮਿਸ਼ਨ ਦੇ ਸਹਿ-ਚੇਅਰ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫ਼ਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਡਾਇਰੈਕਟਰ ਪ੍ਰੋਫੈਸਰ ਕ੍ਰਿਸਟੋਫ਼ਰ ਮਰੇ ਮੁਤਾਬਕ, ਅੱਜ ਲਏ ਜਾਣ ਵਾਲੇ ਫ਼ੈਸਲੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਖ਼ੁਸ਼ਹਾਲੀ ਤੈਅ ਕਰਨਗੇ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਖ਼ਤਰਿਆਂ ਦੀ ਪਛਾਣ, ਰੋਕਥਾਮ ਅਤੇ ਇਨ੍ਹਾਂ ਨਾਲ ਨਜਿੱਠਣ ਦੀ ਤਿਆਰੀ ਲਈ ਲੋੜੀਂਦੇ ਸਰੋਤ ਅਤੇ ਮੁਲਾਜ਼ਮ ਮੁਹੱਈਆ ਕਰਵਾਏ ਜਾਣ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button