ਕੋਵਿਡ-19 ਨੂੰ ਮਾਤ ਦੇ ਪਰਤੇ ਘਰਾਂ ਨੂੰ 51 ਵਿਅਕਤੀ, ਸੰਗਰੂਰ ‘ਚ ਹੁਣ 35 ਐਕਟਿਵ ਕੇਸ ਬਾਕੀ
ਸੰਗਰੂਰ : ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲੇ ਲਈ ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ ਜਦੋਂ 51 ਵਿਅਕਤੀਆਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ। ਇਸ ਮੌਕੇ ਹਸਪਤਾਲ ਦੇ ਸਟਾਫ਼ ਵੱਲੋਂ ਇਨਾਂ ਸਾਰੇ ਵਿਅਕਤੀਆਂ ਨੂੰ ਭਾਵੁਕ ਤੇ ਨਿੱਘੀ ਵਿਦਾਇਗੀ ਦਿੰਦਿਆਂ ਤਾੜੀਆਂ ਦੀ ਗੂੰਜ ’ਚ ਕੋਵਿਡ ਕੇਅਰ ਸੈਂਟਰਾਂ ਤੋਂ ਘਰ ਭੇਜਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 5 ਪਾਜਿਟਿਵ ਮਰੀਜ਼ ਕੋਵਿਡ-19 ਨੂੰ ਮਾਤ ਦੇ ਸਫ਼ਲ ਇਲਾਜ ਤੋਂ ਬਾਅਦ ਆਪਣੇ ਘਰ ਜਾ ਚੁੱਕੇ ਹਨ ਅਤੇ ਇਸ ਵੇਲੇ ਸੰਗਰੂਰ ਜ਼ਿਲੇ ’ਚ 35 ਐਕਟਿਵ ਕੇਸ ਰਹਿ ਗਏ ਹਨ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨਾਂ ’ਚੋਂ ਲਗਭਗ ਸਾਰੇ ਹੀ ਮਰੀਜ਼ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸਨ ਤੇ ਇੱਥੇ ਆਉਣ ’ਤੇ ਟੈਸਟਿੰਗ ਦੌਰਾਨ ਕੋਵਿਡ-19 ਤੋਂ ਪੀੜਤ ਪਾਏ ਗਏ ਸਨ।
ਉਨਾਂ ਕਿਹਾ ਕਿ ਅੱਜ ਕੋਵਿਡ-19 ਨੂੰ ਮਾਤ ਦੇਣ ਵਾਲੇ ਮਰੀਜ਼ਾਂ ’ਚ 16 ਸਿਹਤ ਵਿਭਾਗ ਦੇ ਸ਼ੇਰਪੁਰ ਬਲਾਕ ਦੇ ਵਾਸੀ ਸਨ ਜਦਕਿ 10 ਕੌਹਰੀਆਂ, 7 ਫਤਿਹਗੜ ਪੰਜਗਰਾਂਈਆਂ, 6 ਸੰਗਰੂਰ, 5 ਲੌਂਗੋਵਾਲ ਅਤੇ 3-3 ਅਮਰਗੜ ਤੇ ਭਵਾਨੀਗੜ ਬਲਾਕ ਦੇ ਰਹਿਣ ਵਾਲੇ ਸਨ। ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਕਿ ਥੋੜੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਉਨਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।
ਸ਼੍ਰੀ ਥੋਰੀ ਨੇ ਕਿਹਾ ਕਿ ਕੋਵਿਡ-19 ਇੱਕ ਵਿਅਕਤੀ ਤੋਂ ਦੂਜੇ ਦੇ ਸੰਪਰਕ ’ਚ ਆਉਣ ਨਾਲ ਫੈਲਦਾ ਹੈ ਕਿਉਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਅਤੇ ਬਾਹਰੀ ਇਲਾਕਿਆਂ ਖ਼ਾਸਕਰ ਇਸ ਤੋਂ ਪ੍ਰਭਾਵਿਤ ਇਲਾਕਿਆਂ ਤੋਂ ਸੰਗਰੂਰ ਜ਼ਿਲੇ ’ਚ ਵਾਪਿਸ ਆਉਣ ਵਾਲੇ ਲੋਕਾਂ ਨੂੰ ਇਸਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਜ਼ਿਲੇ ’ਚ ਬਾਹਰੋਂ ਪੁੱਜਣ ਉਪਰੰਤ ਤੁਰੰਤ ਇਸਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਨੰਬਰ 01672-232304 ’ਤੇ ਦੇਣੀ ਚਾਹੀਦੀ ਹੈ ਤਾਂ ਜੋ ਸਬੰਧਤ ਵਿਅਕਤੀ ਦੇ ਤੁਰੰਤ ਸੈਂਪਲ ਲੈ ਕੇ ਉਸਨੂੰ ਬਾਕੀਆਂ ਤੋਂ ਵੱਖਰਾ ਰੱਖਿਆ ਜਾ ਸਕੇ।
ਉਨਾਂ ਕਿਹਾ ਕਿ ਕੋਵਿਡ-19 ਵਿਰੁੱਧ ਜੰਗ ਜਿੱਤਣ ਲਈ ਸਭ ਦਾ ਸਹਿਯੋਗ ਮਹੱਤਵਪੂਰਨ ਹੈ ਕਿਉਕਿ ਇੱਕ ਵਿਅਕਤੀ ਵੱਲੋਂ ਕੀਤੀ ਗਈ ਭੁੱਲ ਵੱਡੀ ਗਿਣਤੀ ’ਚ ਲੋਕਾਂ ’ਤੇ ਭਾਰੂ ਪੈ ਸਕਦੀ ਹੈ। ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ, ਐਸ.ਐਮ.ਓ. ਡਾ. ਕਿਰਪਾਲ ਸਿੰਘ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਹਰਿੰਦਰਪਾਲ ਸਿੰਘ, ਹਸਪਤਾਲ ਐਡਮਿਨੀਸਟ੍ਰੇਟਰ ਡਾ. ਸੁਹਾਨੀ ਹਿਨਾ, ਡਾ. ਪਰਵੀਨ ਮੜਕਨ, ਡਾ. ਰਾਹੁਲ, ਡਾ. ਸੁਨੀਤਾ ਅਤੇ ਸਾਰਾ ਨਰਸਿੰਗ ਤੇ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.