
ਅੱਜਕੱਲ੍ਹ ਲੋਕ ਛੋਟੀ ਤੋਂ ਛੋਟੀ ਖਰੀਦਦਾਰੀ ਲਈ ਵੀ UPI ਰਾਹੀਂ ਪੇਮੈਂਟ ਕਰਦੇ ਹਨ। ਚਾਹ ਪੀਣ ਤੋਂ ਲੈ ਕੇ ਕਰਿਆਨੇ ਦਾ ਸਾਮਾਨ ਖਰੀਦਣ ਤੱਕ ਹਰ ਥਾਂ ਫੋਨ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ। ਪੇਮੈਂਟ ਹੁੰਦੇ ਹੀ ਬੈਂਕ ਵੱਲੋਂ SMS ਆ ਜਾਂਦਾ ਹੈ, ਜਿਸ ਨਾਲ ਪਤਾ ਲੱਗ ਜਾਂਦਾ ਹੈ ਕਿ ਖਾਤੇ ਵਿੱਚੋਂ ਪੈਸੇ ਕੱਟੇ ਹਨ ਜਾਂ ਨਹੀਂ ਪਰ ਨਵੇਂ ਸਾਲ ਤੋਂ HDFC ਬੈਂਕ ਦੇ ਗਾਹਕਾਂ ਲਈ ਇਸ ਸਹੂਲਤ ਵਿੱਚ ਬਦਲਾਅ ਹੋਣ ਜਾ ਰਿਹਾ ਹੈ।
HDFC Bank ਨੇ ਆਪਣੇ ਗਾਹਕਾਂ ਨੂੰ ਨੋਟੀਫਿਕੇਸ਼ਨ ਭੇਜ ਕੇ ਦੱਸਿਆ ਹੈ ਕਿ 1 ਜਨਵਰੀ 2027 ਤੋਂ 500 ਰੁਪਏ ਤੱਕ ਦੇ UPI ਲੈਣ-ਦੇਣ ‘ਤੇ SMS ਅਲਰਟ ਨਹੀਂ ਭੇਜਿਆ ਜਾਵੇਗਾ। ਮਤਲਬ ਜੇਕਰ ਤੁਸੀਂ 100, 200 ਜਾਂ 500 ਰੁਪਏ ਦਾ UPI ਪੇਮੈਂਟ ਕਰਦੇ ਹੋ ਤਾਂ ਤੁਹਾਡੇ ਮੋਬਾਈਲ ‘ਤੇ ਬੈਂਕ ਵੱਲੋਂ SMS ਨਹੀਂ ਆਵੇਗਾ।
RBI ਵੱਲੋਂ ਇਲੈਕਟ੍ਰਾਨਿਕ ਬੈਂਕਿੰਗ ਲੈਣ-ਦੇਣ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ 1 ਜਨਵਰੀ 2027 ਤੋਂ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਮੁਤਾਬਕ 500 ਰੁਪਏ ਤੋਂ ਵੱਧ ਦੇ ਇਲੈਕਟ੍ਰਾਨਿਕ ਬੈਂਕਿੰਗ ਲੈਣ-ਦੇਣ ‘ਤੇ ਬੈਂਕਾਂ ਲਈ ਤੁਰੰਤ SMS ਅਲਰਟ ਭੇਜਣਾ ਲਾਜ਼ਮੀ ਹੋਵੇਗਾ।
ਉੱਥੇ ਹੀ 500 ਰੁਪਏ ਜਾਂ ਇਸ ਤੋਂ ਘੱਟ ਦੇ ਲੈਣ-ਦੇਣ ‘ਤੇ SMS ਭੇਜਣਾ ਬੈਂਕ ਦੀ ਆਪਣੀ ਨੀਤੀ ‘ਤੇ ਨਿਰਭਰ ਕਰੇਗਾ। ਬੈਂਕ ਚਾਹੁਣ ਤਾਂ SMS ਭੇਜ ਸਕਦੇ ਹਨ ਅਤੇ ਚਾਹੁਣ ਤਾਂ ਇਹ ਸਹੂਲਤ ਬੰਦ ਵੀ ਕਰ ਸਕਦੇ ਹਨ। ਹਾਲਾਂਕਿ, ਅਜਿਹੇ ਛੋਟੇ ਲੈਣ-ਦੇਣ ਲਈ SMS ਭੇਜਣ ਵਾਸਤੇ ਗਾਹਕ ਤੋਂ ਕੋਈ ਚਾਰਜ ਨਹੀਂ ਲਿਆ ਜਾ ਸਕੇਗਾ।
HDFC ਬੈਂਕ ਦੇ ਨੋਟੀਫਿਕੇਸ਼ਨ ਮੁਤਾਬਕ, 1 ਜਨਵਰੀ ਤੋਂ 500 ਰੁਪਏ ਤੱਕ ਦੇ UPI ਪੇਮੈਂਟ ‘ਤੇ SMS ਨਹੀਂ ਆਵੇਗਾ, ਪਰ ਗਾਹਕਾਂ ਨੂੰ ਸਾਰੇ UPI ਲੈਣ-ਦੇਣ ਦੀ ਜਾਣਕਾਰੀ ਈਮੇਲ ਰਾਹੀਂ ਮਿਲਦੀ ਰਹੇਗੀ।
ਇਸ ਤੋਂ ਇਲਾਵਾ ਬੈਂਕ ਆਪਣੀ ਨੀਤੀ ਮੁਤਾਬਕ ਮੋਬਾਈਲ ਐਪ ਨੋਟੀਫਿਕੇਸ਼ਨ ਅਤੇ ਪੁਸ਼ ਨੋਟੀਫਿਕੇਸ਼ਨ ਵਰਗੀਆਂ ਹੋਰ ਸਹੂਲਤਾਂ ਵੀ ਦੇ ਸਕਦਾ ਹੈ। ਇਸ ਲਈ ਜੇਕਰ ਤੁਹਾਡੇ ਮੋਬਾਈਲ ‘ਤੇ ਛੋਟੇ UPI ਪੇਮੈਂਟ ਦਾ SMS ਨਹੀਂ ਆਉਂਦਾ ਤਾਂ ਘਬਰਾਉਣ ਦੀ ਲੋੜ ਨਹੀਂ, ਤੁਸੀਂ ਈਮੇਲ ਜਾਂ ਬੈਂਕ ਦੀ ਐਪ ਰਾਹੀਂ ਲੈਣ-ਦੇਣ ਦੀ ਜਾਣਕਾਰੀ ਚੈੱਕ ਕਰ ਸਕਦੇ ਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




