PunjabTop News

ਕੋਟ ਈਸੇ ਖਾਂ ਦੀ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ

ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵੱਲੋਂ ਬੀਤੇ ਦਿਨੀਂ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੀ ਗਈ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਇੰਸਪੈਕਟਰ ਸੁਨੀਤਾ ਬਾਵਾ ਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਅਦਾਲਤ ਵੱਲੋਂ ਇਕ ਦਿਨ ਲਈ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਸ ਤੋਂ ਪਹਿਲੋਂ ਮਿਲੇ ਦੋ ਦਿਨਾਂ ਰਿਮਾਂਡ ਦੇ ਖ਼ਤਮ ਹੋਣ ’ਤੇ ਮੰਗਲਵਾਰ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਇੰਸਪੈਕਟਰ ਸੁਨੀਤਾ ਬਾਵਾ ਨੂੰ ਅਦਾਲਤ ’ਚ ਪੇਸ਼ ਕਰਦਿਆਂ ਅਦਾਲਤ ਨੂੰ ਦੱਸਿਆ ਸੀ ਕਿ ਸੁਨੀਤਾ ਬਾਵਾ ਦੇ ਖਾਤਿਆਂ ਤੇ ਹੋਰ ਲਿੰਕਾਂ ਦੀ ਪੁੱਛਗਿੱਛ ਕੀਤੀ ਗਈ ਹੈ। ਵਿਭਾਗ ਨੂੰ ਉਸ ਤੋਂ ਮਜੀਦ ਪੁੱਛਗਿੱਛ ਲਈ ਦੋ ਦਿਨ ਦਾ ਹੋਰ ਰਿਮਾਂਡ ਚਾਹੀਦਾ ਹੈ। ਇਸ ’ਤੇ ਅਦਾਲਤ ਵੱਲੋਂ ਸੁਨੀਤਾ ਬਾਵਾ ਨੂੰ ਇਕ ਦਿਨ ਲਈ ਹੋਰ ਰਿਮਾਂਡ ’ਤੇ ਭੇਜਿਆ ਗਿਆ ਹੈ।

ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇੰਸਪੈਕਟਰ ਸੁਨੀਤਾ ਬਾਵਾ ਦੇ ਫੜੇ ਜਾਣ ਮਗਰੋਂ ਵੱਡੀ ਗਿਣਤੀ ’ਚ ਲੋਕ ਸਾਹਮਣੇ ਆ ਕੇ ਸ਼ਿਕਾਇਤਾਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਕੋਟ ਈਸੇ ਖਾਂ ਪੁਲਿਸ ਵੱਲੋਂ ਨਸ਼ੇ ਸਮੇਤ ਕਾਬੂ ਕੀਤਾ ਗਿਆ ਸੀ। ਵਿਜੀਲੈਂਸ ਅਧਿਕਾਰੀਆਂ ਦਾ ਦੋਸ਼ ਹੈ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਫੜੇ ਗਏ ਵਿਅਕਤੀ ਤੋਂ ਮਿਲੀ ਜਾਣਕਾਰੀ ਦਾ ਬਹਾਨਾ ਬਣਾ ਕੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਨੇ ਪਿੰਡ ਨੂਰਪੁਰ ਹਕੀਮਾਂ ਵਾਸੀ ਰਾਜਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਨਸ਼ਾ ਤਸਕਰੀ ਦੇ ਝੂਠੇ ਕੇਸ ’ਚ ਉਲਝਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇੰਸਪੈਕਟਰ ਵੱਲੋਂ ਰਾਜਵਿੰਦਰ ਸਿੰਘ ਨੂੰ ਕੇਸ ਵਿਚੋਂ ਬਾਹਰ ਕੱਢਣ ਤੇ ਉਸ ਉੱਪਰ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਬਦਲੇ ਮੋਟੀ ਰਕਮ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ।

ਥਾਣਾ ਮੁਖੀ ਸੁਨੀਤਾ ਬਾਵਾ ਪਹਿਲਾਂ ਹੀ ਰਾਜਵਿੰਦਰ ਸਿੰਘ ਕੋਲੋਂ 50,000 ਰੁਪਏ ਦੀ ਰਿਸ਼ਵਤ ਵਸੂਲ ਕਰ ਚੁੱਕੀ ਸੀ। ਇਸ ਦੇ ਬਾਵਜੂਦ ਉਹ ਰਾਜਵਿੰਦਰ ਸਿੰਘ ’ਤੇ 50,000 ਰੁਪਏ ਹੋਰ ਦੇਣ ਲਈ ਲਗਾਤਾਰ ਮਾਨਸਿਕ ਦਬਾਅ ਪਾ ਰਹੀ ਸੀ। ਥਾਣਾ ਇੰਚਾਰਜ ਦੀਆਂ ਵਾਰ-ਵਾਰ ਮਿਲ ਰਹੀਆਂ ਧਮਕੀਆਂ ਅਤੇ ਬਾਰ-ਬਾਰ ਪੈਸੇ ਮੰਗਣ ਤੋਂ ਤੰਗ ਆ ਕੇ ਰਾਜਵਿੰਦਰ ਸਿੰਘ ਨੇ ਆਖਿਰਕਾਰ ਇਸ ਸਬੰਧੀ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button