
ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਸ਼ਿਕਾਇਤ ਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਸੀ. ਬੀ. ਆਈ. ਦੀ ਅਰਜ਼ੀ ਨੂੰ ਮਨਜ਼ੂਰ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਸੀ. ਬੀ. ਆਈ. ਅਦਾਲਤ ਨੇ ਇਹ ਮਨਜ਼ੂਰੀ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਸੀ. ਬੀ. ਆਈ. ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਰਾਹੀਂ ਦਾਇਰ ਅਰਜ਼ੀ ‘ਚ ਕਿਹਾ ਕਿ ਕਥਿਤ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਇਸ ਅਦਾਲਤ ਸਾਹਮਣੇ ਵਿਚਾਰ ਅਧੀਨ ਹੈ ਅਤੇ ਕਾਨੂੰਨ ਮੁਤਾਬਕ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਮਕਸਦ ਲਈ ਬਰਾਮਦਗੀ ਦੇ ਗਵਾਹ ਰਾਜਕੁਮਾਰ ਨੂੰ 24 ਸਤੰਬਰ 2026 ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਆਕਾਸ਼ ਬੱਟਾ ਇਸ ਮਾਮਲੇ ਦਾ ਮੁੱਖ ਗਵਾਹ ਹੈ ਅਤੇ ਮੌਜੂਦਾ ਕੇਸ ਦੇ ਸਹੀ ਨਿਪਟਾਰੇ ਲਈ ਉਸ ਦੀ ਗਵਾਹੀ ਬਹੁਤ ਜ਼ਰੂਰੀ ਹੈ। ਸਰਕਾਰੀ ਪੱਖ (ਪ੍ਰੋਸੀਕਿਊਸ਼ਨ) ਨੇ ਇਸ ਅਦਾਲਤ ‘ਚ ਦਾਇਰ ਚਾਰਜਸ਼ੀਟ ‘ਚ ਆਕਾਸ਼ ਬੱਟਾ ਨੂੰ ਪਹਿਲਾਂ ਹੀ ਗਵਾਹ ਵਜੋਂ ਨਾਮਜ਼ਦ ਕੀਤਾ ਹੋਇਆ ਹੈ। ਇਸ ਲਈ ਸ਼ਿਕਾਇਤ ਤੱਕ ਪਹੁੰਚਣ ਦੇ ਹਾਲਾਤ, ਰਿਸ਼ਵਤ ਦੀ ਮੰਗ, ਪੜਤਾਲੀਆ ਕਾਰਵਾਈ, ਟਰੈਪ (ਜਾਲ) ਲਗਾਉਣ ਤੋਂ ਪਹਿਲਾਂ ਦੀ ਕਾਰਵਾਈ, ਟਰੈਪ ਦੀ ਕਾਰਵਾਈ ਅਤੇ ਰਿਸ਼ਵਤ ਦੀ ਰਕਮ ਦੀ ਪ੍ਰਾਪਤੀ ਅਤੇ ਬਰਾਮਦਗੀ ਸਮੇਤ ਕੇਸ ਦੇ ਮਹੱਤਵਪੂਰਨ ਤੱਥਾਂ ਨੂੰ ਸਾਬਤ ਕਰਨ ਲਈ ਉਸ ਦੀ ਪੁੱਛਗਿੱਛ ਜ਼ਰੂਰੀ ਹੈ।
ਸੀ. ਬੀ. ਆਈ. ਨੇ ਦੱਸਿਆ ਕਿ ਮੁਲਜ਼ਮ ਭੁੱਲਰ ਦੀ ਜ਼ਮਾਨਤ ਦਾ ਮਾਮਲਾ ਵੀ ਭਾਰਤ ਦੀ ਸੁਪਰੀਮ ਕੋਰਟ ਵਿੱਚ ਐੱਸ. ਐੱਲ. ਪੀ. ਹੇਠ ਵਿਚਾਰ ਅਧੀਨ ਹੈ। ਸੁਪਰੀਮ ਕੋਰਟ ‘ਚ 15 ਸਤੰਬਰ 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ ਅਤੇ ਇਸ ਨੂੰ 27 ਅਕਤੂਬਰ ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਸੀ. ਬੀ. ਆਈ. ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਗਈ ਸੀ ਕਿ ਉਹ ਰਾਜ ਕੁਮਾਰ (ਬਰਾਮਦਗੀ ਦੇ ਗਵਾਹ) ਦੀ ਪੁੱਛਗਿੱਛ ਤੋਂ ਪਹਿਲਾਂ 24 ਸਤੰਬਰ ਦੀ ਨਿਰਧਾਰਤ ਤਾਰੀਖ਼ ਨੂੰ ਸ਼ਿਕਾਇਤ ਕਰਤਾ ਆਕਾਸ਼ ਬੱਟਾ ਦੀ ਪੁੱਛਗਿੱਛ ਪੂਰੀ ਕਰਵਾਉਣਾ ਯਕੀਨੀ ਬਣਾਉਣ।
ਉਪਰੋਕਤ ਨਿਰਦੇਸ਼ਾਂ ਅਤੇ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਮਾਮਲਾ 27 ਅਕਤੂਬਰ ਨੂੰ ਸੁਪਰੀਮ ਕੋਰਟ ਸਾਹਮਣੇ ਵਿਚਾਰਿਆ ਜਾਣਾ ਹੈ, ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਤਲਬ ਕੀਤਾ ਜਾਵੇ ਅਤੇ ਉਸ ਦੀ ਪੁੱਛਗਿੱਛ ਪਹਿਲਾਂ ਤੋਂ ਨਿਰਧਾਰਤ ਤਰੀਕ 24 ਸਤੰਬਰ ਨੂੰ ਹੀ ਕੀਤੀ ਜਾਵੇ। ਮੁਲਜ਼ਮ ਦੇ ਵਕੀਲ ਐੱਸ. ਪੀ. ਐੱਸ. ਭੁੱਲਰ ਨੇ ਇਸ ਅਰਜ਼ੀ ’ਤੇ ਕੋਈ ਇਤਰਾਜ਼ ਨਹੀਂ ਜਤਾਇਆ। ਬਹਿਸ ਸੁਣਨ ਤੋਂ ਬਾਅਦ ਸੀ. ਬੀ. ਆਈ. ਅਦਾਲਤ ਨੇ ਸੀ. ਬੀ. ਆਈ. ਦੀ ਇਸ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਇਜਾਜ਼ਤ ਦੇ ਦਿੱਤੀ।
ਇਸ ਮਾਮਲੇ ਵਿੱਚ ਐੱਫ.ਆਈ.ਆਰ. ਆਕਾਸ਼ ਬੱਟਾ ਨਾਮ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ, ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਪੁਲਸ ਦੇ ਤਤਕਾਲੀ ਡੀ. ਆਈ. ਜੀ. ਰੋਪੜ ਰੇਂਜ ਵਜੋਂ ਤਾਇਨਾਤ ਭੁੱਲਰ ਨੇ ਥਾਣਾ ਸਰਹਿੰਦ ‘ਚ ਦਰਜ ਐੱਫ਼. ਆਈ. ਆਰ. ‘ਚ ਰਾਹਤ ਦੇਣ ਅਤੇ ਸ਼ਿਕਾਇਤ ਕਰਤਾ ਦੇ ਕਾਰੋਬਾਰ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਹੋਣ ਦੇਣ ਦੇ ਬਦਲੇ ਇਕ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਸੀ। ਰਿਸ਼ਵਤਖੋਰੀ ਦੇ ਇਸ ਮਾਮਲੇ ‘ਚ ਭੁੱਲਰ ਵਿਰੁੱਧ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਸ਼ਿਕਾਇਤ ਮਿਲਣ ਮਗਰੋਂ ਜਾਲ ਵਿਛਾਇਆ ਗਿਆ ਅਤੇ ਭੁੱਲਰ ਦੇ ਕਥਿਤ ਸਾਥੀ ਕ੍ਰਿਸ਼ਾਨੂ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਸ਼ਿਕਾਇਤ ਕਰਤਾ ਤੋਂ ਮੰਗੀ ਗਈ ਰਿਸ਼ਵਤ ਦੀ ਕਿਸ਼ਤ ਵਜੋਂ 5,00,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਭੁੱਲਰ ਨੂੰ ਵੀ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 3 ਦਸੰਬਰ 2025 ਨੂੰ ਬੀ. ਐੱਨ. ਐੱਸ. ਐੱਸ. ਦੀ ਧਾਰਾ 193 ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




