
ਆਸਟਰੇਲਿਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਦੇ 1999 ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਿੰਦੂਤਵੀ ਕਾਰਕੁਨ ਦਾਰਾ ਸਿੰਘ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਉੜੀਸਾ ਸਰਕਾਰ ਨੇ ਰੱਦ ਕਰ ਦਿੱਤਾ ਹੈ। ਦਾਰਾ ਸਿੰਘ ਨੇ ਜੇਲ੍ਹ ਵਿੱਚ 25 ਸਾਲ ਪੂਰੇ ਹੋਣ ਦਾ ਹਵਾਲਾ ਦਿੰਦਿਆਂ ਸਮੇਂ ਤੋਂ ਪਹਿਲਾਂ ਰਿਹਾਈ ਲਈ ਅਪੀਲ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਕਰ ਰਿਹਾ ਹੈ ਤੇ ਸਰਵਉਚ ਅਦਾਲਤ ਨੇ ਉੜੀਸਾ ਸਰਕਾਰ ਨੂੰ ਇਸ ਮਾਮਲੇ ਵਿੱਚ ਜਲਦੀ ਫੈਸਲਾ ਲੈਣ ਲਈ ਕਿਹਾ ਸੀ।
ਇਸ ਮਾਮਲੇ ਵਿੱਚ ਉੜੀਸਾ ਸਰਕਾਰ ਨੇ 31 ਅਗਸਤ ਨੂੰ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੁਝ ਖਾਸ ਤੱਥਾਂ ਅਤੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਇਸ ਪੜਾਅ ‘ਤੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਸ਼ ਕਰਨ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ।67 ਸਾਲਾ ਦਾਰਾ ਸਿੰਘ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਜਨਵਰੀ 1999 ਵਿੱਚ ਕੇਂਦੁਝਰ ਜ਼ਿਲ੍ਹੇ ਵਿੱਚ ਗ੍ਰਾਹਮ ਸਟੇਨਜ਼ (ਜੋ ਉਸ ਸਮੇਂ 58 ਸਾਲਾਂ ਦੇ ਸਨ) ਅਤੇ ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਫਿਲਿਪ ਅਤੇ ਤਿਮੋਥੀ ਨੂੰ ਇੱਕ ਸਟੇਸ਼ਨ ਵੈਗਨ ਵਿੱਚ ਸੁੱਤੇ ਪਏ ਜ਼ਿੰਦਾ ਸਾੜਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ।
ਭੁਵਨੇਸ਼ਵਰ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਪਹਿਲਾਂ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਉਸਦੀ ਸਜ਼ਾ ਨੂੰ ਫਾਂਸੀ ਤੋਂ ਬਦਲ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਦਾਰਾ ਸਿੰਘ ਦੀ ਰਿਹਾਈ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਇਸ ਮਾਮਲੇ ‘ਤੇ ਵਿਚਾਰ ਕਰਕੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਵਿੱਚ ਆਉਂਦੀ 17 ਸਤੰਬਰ ਨੂੰ ਹੋਣੀ ਤੈਅ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




