ਕੈਸਨਕੀ ਆਸ਼ਿਕ ਨੇ ਭਾਰਤੀ ਮੂਲ ਦੀ ਔਰਤ ਨੂੰ ਸ਼ਰੇਆਮ ਗੋਲੀਆਂ ਮਾਰ ਭੁੰਨਿਆ

ਅਮਰੀਕਾ ਦੇ ਕੈਲੀਫੋਰਨੀਆ ਤੋਂ ਇਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੈਕਰਾਮੈਂਟੋ ਸ਼ਹਿਰ ਵਿਚ ਭਾਰਤੀ ਮੂਲ ਦੀ 38 ਸਾਲਾ ਔਰਤ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਪਿਛਲੇ ਇਕ ਸਾਲ ਤੋਂ ਔਰਤ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਖ਼ਿਲਾਫ਼ ਰੈਸਟ੍ਰੇਨਿੰਗ ਆਰਡਰ ਵੀ ਲਿਆ ਜਾ ਚੁੱਕਾ ਸੀ।ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝੋ ਕਿ ਸ਼ਾਲਿਨੀ ਠਾਕੁਰ ਨਾਮ ਦੀ 38 ਸਾਲਾ ਔਰਤ ਮੰਗਲਵਾਰ ਦੁਪਹਿਰ ਕਰੀਬ 3 ਵਜੇ ਸੈਕਰਾਮੈਂਟੋ ਦੇ ਆਰਡਨ-ਆਰਕੇਡ ਇਲਾਕੇ ਵਿਚ ਇਕ ਰੈਸਟੋਰੈਂਟ ਦੇ ਬਾਹਰ ਮੌਜੂਦ ਸੀ। ਇਸੇ ਦੌਰਾਨ 22 ਸਾਲਾ ਇਕ ਨੌਜਵਾਨ, ਜਿਸ ਦੀ ਪਛਾਣ ਰੋਹਿਤ ਵਜੋਂ ਹੋਈ ਹੈ, ਉੱਥੇ ਪਹੁੰਚਿਆ ਅਤੇ ਉਸ ਨੇ ਸ਼ਾਲਿਨੀ ’ਤੇ ਗੋਲੀਆਂ ਚਲਾ ਦਿੱਤੀਆਂ।
ਚਸ਼ਮਦੀਦਾਂ ਮੁਤਾਬਕ, ਜਾਨ ਬਚਾਉਣ ਲਈ ਸ਼ਾਲਿਨੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਨੇ ਭੀੜ ਦੇ ਸਾਹਮਣੇ ਹੀ ਉਸ ਦਾ ਪਿੱਛਾ ਕੀਤਾ ਅਤੇ ਕਈ ਗੋਲੀਆਂ ਮਾਰੀਆਂ। ਜਦੋਂ ਉਹ ਜ਼ਮੀਨ ’ਤੇ ਡਿੱਗ ਗਈ ਤਾਂ ਮੁਲਜ਼ਮ ਨੇ ਨੇੜੇ ਜਾ ਕੇ ਉਸ ਦੇ ਸਿਰ ਵਿਚ ਇਕ ਹੋਰ ਗੋਲੀ ਮਾਰੀ।
ਮੌਕੇ ’ਤੇ ਪਹੁੰਚੇ ਮੈਡੀਕਲ ਸਟਾਫ ਨੇ ਸ਼ਾਲਿਨੀ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਰੋਹਿਤ ਆਪਣੀ ਕਾਰ ਰਾਹੀਂ ਫਰਾਰ ਹੋ ਗਿਆ। ਪੁਲਿਸ ਅਤੇ ਸ਼ੈਰਿਫ ਵਿਭਾਗ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਹਾਈਵੇ 50 ’ਤੇ ਉਸ ਦੀ ਕਾਰ ਨੂੰ ਘੇਰ ਲਿਆ।
ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨਾਲ ਆਹਮੋ-ਸਾਹਮਣੇ ਹੋਣ ਤੋਂ ਬਾਅਦ ਉਸ ਨੇ ਹਾਈਵੇ ’ਤੇ ਹੀ ਆਪਣੀ ਕਾਰ ਰੋਕ ਦਿੱਤੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਹਾਈਵੇ ਦੀਆਂ ਸਾਰੀਆਂ ਈਸਟਬਾਊਂਡ ਲੇਨਾਂ ਬੰਦ ਕਰ ਦਿੱਤੀਆਂ। ਪੁਲਿਸ ਨੇ ਬਖ਼ਤਰਬੰਦ ਗੱਡੀ ਨਾਲ ਉਸ ਨੂੰ ਘੇਰਿਆ, ਕਾਰ ਦੀ ਖਿੜਕੀ ਤੋੜੀ ਅਤੇ ਡ੍ਰੋਨ ਦੀ ਮਦਦ ਨਾਲ ਅੰਦਰ ਜਾਂਚ ਕੀਤੀ।
ਇਸ ਤੋਂ ਬਾਅਦ ਮੁਲਜ਼ਮ ਕਾਰ ਦੀ ਡਰਾਈਵਰ ਸੀਟ ’ਤੇ ਮ੍ਰਿਤ ਮਿਲਿਆ। ਪੁਲਿਸ ਮੁਤਾਬਕ, ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਪੁਲਿਸ ਨੇ ਜਵਾਬੀ ਫਾਇਰਿੰਗ ਨਹੀਂ ਕੀਤੀ ਸੀ।
ਮਾਮਲੇ ਵਿਚ ਸ਼ਾਲਿਨੀ ਦੀ ਮਾਂ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਮੁਲਜ਼ਮ ਰੋਹਿਤ ਪਿਛਲੇ ਕਰੀਬ ਇਕ ਸਾਲ ਤੋਂ ਉਨ੍ਹਾਂ ਦੀ ਧੀ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ। ਰੋਹਿਤ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਮਰ ਦੇ ਫ਼ਰਕ ਅਤੇ ਹੋਰ ਕਾਰਨਾਂ ਕਰਕੇ ਸ਼ਾਲਿਨੀ ਨੇ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ।
ਮਾਂ ਨੇ ਰੋਂਦਿਆਂ ਦੱਸਿਆ ਕਿ ਸ਼ਾਲਿਨੀ ਉਸ ਤੋਂ ਬਹੁਤ ਡਰਦੀ ਸੀ। ਘਟਨਾ ਤੋਂ ਠੀਕ ਇਕ ਘੰਟਾ ਪਹਿਲਾਂ ਮਾਂ ਅਤੇ ਧੀ ਦੀ ਫੋਨ ’ਤੇ ਗੱਲ ਹੋਈ ਸੀ। ਸ਼ਾਲਿਨੀ ਨੇ ਕਿਹਾ ਸੀ ਕਿ ਉਹ 15 ਮਿੰਟ ਵਿਚ ਮੁੜ ਫੋਨ ਕਰੇਗੀ, ਪਰ ਉਹ ਕਾਲ ਕਦੇ ਨਹੀਂ ਆਈ। ਇਸ ਤੋਂ ਬਾਅਦ ਮਾਂ ਨੇ ਕਈ ਕਾਲਾਂ ਅਤੇ ਵ੍ਹਟਸਐਪ ਸੁਨੇਹੇ ਭੇਜੇ, ਪਰ ਕੋਈ ਜਵਾਬ ਨਹੀਂ ਮਿਲਿਆ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਇਹ ਪਰੇਸ਼ਾਨ ਕਰਨ ਦਾ ਸਿਲਸਿਲਾ ਸਤੰਬਰ 2025 ਦੇ ਆਸ-ਪਾਸ ਸ਼ੁਰੂ ਹੋਇਆ ਸੀ ਅਤੇ ਹੌਲੀ-ਹੌਲੀ ਹੋਰ ਖ਼ਤਰਨਾਕ ਹੁੰਦਾ ਗਿਆ
ਸ਼ਾਲਿਨੀ ਅਤੇ ਰੋਹਿਤ ਦੀ ਜਾਣ-ਪਛਾਣ ਕਥਿਤ ਤੌਰ ’ਤੇ ਸ਼ਾਲਿਨੀ ਦੇ ਕੰਮ ਵਾਲੀ ਥਾਂ ’ਤੇ ਡੋਰਡੈਸ਼ ਪਿਕਅੱਪ ਰਾਹੀਂ ਹੋਈ ਸੀ।
ਮੁਲਜ਼ਮ ਨੇ ਸ਼ਾਲਿਨੀ ਦੀ ਕਾਰ ਦੇ ਹੇਠਾਂ ਐਪਲ ਏਅਰਟੈਗ ਲੁਕਾ ਦਿੱਤਾ ਸੀ, ਤਾਂ ਜੋ ਉਹ ਉਸ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਸਕੇ।
ਉਹ ਘੰਟਿਆਂ ਤੱਕ ਸ਼ਾਲਿਨੀ ਦੇ ਘਰ ਦੇ ਬਾਹਰ ਉਡੀਕ ਕਰਦਾ ਸੀ, ਉਸ ਦੀ ਕਾਰ ਦੇ ਟਾਇਰਾਂ ਦੀ ਹਵਾ ਕੱਢ ਦਿੰਦਾ ਸੀ ਅਤੇ ਉਸ ’ਤੇ ਉਸ ਨਾਲ ਵਿਆਹ ਕਰਨ ਲਈ ਦਬਾਅ ਬਣਾਉਂਦਾ ਸੀ।
ਇਕ ਵਾਰ ਤਾਂ ਮੁਲਜ਼ਮ ਨੇ ਉਸ ਦੇ ਫਲੈਟ ਦੀ ਚਾਬੀ ਦੀ ਡੁਪਲੀਕੇਟ ਕਾਪੀ ਵੀ ਬਣਵਾ ਲਈ ਸੀ ਅਤੇ ਸ਼ਾਲਿਨੀ ਦੇ ਸੌਂਦੇ ਸਮੇਂ ਉਸ ਦੇ ਘਰ ਵਿਚ ਦਾਖ਼ਲ ਹੋ ਗਿਆ ਸੀ।
ਇਨ੍ਹਾਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਸ਼ਾਲਿਨੀ ਨੇ ਅਦਾਲਤ ਤੋਂ ਰੈਸਟ੍ਰੇਨਿੰਗ ਆਰਡਰ ਲੈ ਲਿਆ ਸੀ, ਜੋ 19 ਮਈ ਨੂੰ ਮੁਲਜ਼ਮ ਨੂੰ ਸੌਂਪਿਆ ਵੀ ਗਿਆ ਸੀ। ਇਸ ਦੇ ਬਾਵਜੂਦ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਉਸ ਨੇ ਜੁਲਾਈ ਦੇ ਅਖੀਰ ਵਿਚ ਅਦਾਲਤੀ ਹੁਕਮ ਦੀ ਉਲੰਘਣਾ ਕਰਦਿਆਂ ਸ਼ਾਲਿਨੀ ਦੇ ਘਰ ਦੇ ਬਾਹਰ ਕਰਿਆਨੇ ਦਾ ਸਾਮਾਨ ਲਿਆ ਕੇ ਰੱਖ ਦਿੱਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




