InternationalTop News

 ਸਪੇਨ ਨੇੜੇ ਪਰਵਾਸੀਆਂ ਦੀ ਕਿਸ਼ਤੀ ਪਲਟੀ; 80 ਤੋਂ ਵੱਧ ਮੌਤਾਂ

ਪੱਛਮੀ ਅਫਰੀਕਾ ਤੋਂ ਸਪੇਨ ਵੱਲ ਆ ਰਹੀ ਇੱਕ ਬੇੜੀ ਸਮੁੰਦਰ ਵਿੱਚ 27 ਦਿਨਾਂ ਤੱਕ ਭਟਕਦੀ ਰਹੀ, ਜਿਸ ਵਿੱਚ ਬੱਚੇ ਸਮੇਤ 80 ਤੋਂ ਵੱਧ ਪ੍ਰਵਾਸੀਆਂ ਦੀ ਭੁੱਖ, ਪਿਆਸ ਅਤੇ ਖ਼ਰਾਬ ਮੌਸਮ ਕਾਰਨ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਹਾ ਹੈ।
ਸਪੇਨ ਦੀ ‘ਮੈਰੀਟਾਈਮ ਰੈਸਕਿਊ’ (ਸਮੁੰਦਰੀ ਰਾਹਤ ਟੀਮ) ਨੇ ਬੁੱਧਵਾਰ ਨੂੰ ਗ੍ਰਾਨ ਕੈਨਾਰੀਆ ਦੇ ਤੱਟਵਰਤੀ ਸ਼ਹਿਰ ਅਰਗੁਈਨੇਗੁਇਨ  ਤੋਂ ਲਗਭਗ 65 ਨੌਟੀਕਲ ਮੀਲ ਦੂਰ ਇਸ ਬੇੜੀ ਨੂੰ ਲੱਭਿਆ। ਟੀਮ ਨੇ ਮੌਕੇ ‘ਤੇ ਪਹੁੰਚ ਕੇ 44 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ, ਜਦਕਿ ਬੇੜੀ ‘ਚੋਂ 5 ਮ੍ਰਿਤਕ ਦੇਹਾਂ ਵੀ ਮਿਲੀਆਂ ਹਨ।ਮਾਨਵ ਅਧਿਕਾਰ ਕਾਰਜਕਰਤਾ ਅਤੇ ‘ਕਾਮਿਨਾਂਦੋ ਫਰੰਟੇਰਾਸ’ ਸੰਸਥਾ ਦੀ ਸੰਸਥਾਪਕ ਹੈਲੇਨਾ ਮਾਲੇਨੋ ਗਾਰਜ਼ੋਨ ਦੇ ਅਨੁਸਾਰ, ਇਹ ਬੇੜੀ ਅਗਸਤ ਦੇ ਸ਼ੁਰੂ ਵਿੱਚ ਪੱਛਮੀ ਅਫਰੀਕੀ ਦੇਸ਼ ‘ਦਿ ਗਾਂਬੀਆ’ ਤੋਂ 127 ਲੋਕਾਂ ਨੂੰ ਲੈ ਕੇ ਰਵਾਨਾ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦਰਦਨਾਕ ਸਫ਼ਰ ਦੌਰਾਨ 83 ਲੋਕਾਂ ਦੀ ਜਾਨ ਜਾ ਚੁੱਕੀ ਹੈ।ਮੈਰੀਟਾਈਮ ਰੈਸਕਿਊ ਨੇ ਦੱਸਿਆ ਕਿ ਸਮੁੰਦਰ ‘ਚ 2.5 ਮੀਟਰ ਉੱਚੀਆਂ ਉੱਠ ਰਹੀਆਂ ਸ਼ੱਲਾਂ ਅਤੇ 20-ਨੌਟ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਉਹ ਬੇੜੀ ‘ਚੋਂ 5 ਮ੍ਰਿਤਕ ਦੇਹਾਂ ਨੂੰ ਬਾਹਰ ਨਹੀਂ ਕੱਢ ਸਕੇ। ਬਚਾਏ ਗਏ 44 ਲੋਕ ਸਬ-ਸਹਾਰਨ ਅਫਰੀਕਾ ਦੇ ਰਹਿਣ ਵਾਲੇ ਪੁਰਸ਼ ਹਨ। ਇਹਨਾਂ ਵਿੱਚੋਂ 3 ਨੌਜਵਾਨਾਂ ਦੀ ਹਾਲਤ ਬੇਹੱਦ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਏਅਰਲਿਫ਼ਟ ਕਰਕੇ ਹਸਪਤਾਲ ਪਹੁੰਚਾਇਆ ਗਿਆ ਹੈ, ਜਦਕਿ ਬਾਕੀਆਂ ਨੂੰ ਵੀਰਵਾਰ ਤੜਕੇ ਗ੍ਰਾਨ ਕੈਨਾਰੀਆ ਲਿਆਂਦਾ ਗਿਆ।ਕੈਨਾਰੀਆ ਆਈਲੈਂਡਜ਼ ਸਰਕਾਰ ਦੇ ਮੁਖੀ ਫਰਨਾਂਡੋ ਕਲਾਵੀਜੋ ਨੇ ਸੋਸ਼ਲ ਮੀਡੀਆ (X) ‘ਤੇ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ, “ਇਸ ਤਰ੍ਹਾਂ ਕੀਮਤੀ ਜਾਨਾਂ ਦਾ ਜਾਣ ਅਸਹਿ ਹੈ। ਅਸੀਂ ਅਟਲਾਂਟਿਕ ਮਹਾਸਾਗਰ ਨੂੰ ਮੌਤ ਦਾ ਜਾਲ ਬਣਦੇ ਨਹੀਂ ਦੇਖ ਸਕਦੇ।” ਪੱਛਮੀ ਅਫਰੀਕਾ ਤੋਂ ਕੈਨਾਰੀ ਲੈਂਡਜ਼ ਤੱਕ ਦਾ ਅਟਲਾਂਟਿਕ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਖ਼ਤਰਨਾਕ ਪ੍ਰਵਾਸੀ ਰਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਹਰ ਸਾਲ ਹਜ਼ਾਰਾਂ ਲੋਕ ਬਿਹਤਰ ਭਵਿੱਖ ਦੀ ਭਾਲ ‘ਚ ਆਪਣੀ ਜਾਨ ਜ਼ੋਖਮ ‘ਚ ਪਾਉਂਦੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button