IndiaTop News

PNB ਦੀ ਕਰੰਸੀ ਚੈਸਟ ‘ਚ 7 ਨਹੀਂ, 17 ਕਰੋੜ ਰੁਪਏ ਦੇ ਮਿਲੇ ਨਕਲੀ ਨੋਟ, 3 ਮੈਨੇਜਰ ਮੁਅੱਤਲ; ਜਾਂਚ ਜਾਰੀ!

ਪੰਜਾਬ ਨੈਸ਼ਨਲ ਬੈਂਕ ਦੀ ਸੋਫੀਆ ਮਾਰਕੀਟ ਸਥਿਤ ਸ਼ਾਖਾ ਦੀ ਕਰੰਸੀ ਚੈਸਟ ‘ਚ ਆਡਿਟ ਦੌਰਾਨ 17 ਕਰੋੜ ਰੁਪਏ ਦੇ ਨਕਲੀ ਨੋਟ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਜਾਂਚ ‘ਚ ਤਿੰਨ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਸੱਤ ਕਰੋੜ ਦੇ ਨਕਲੀ ਨੋਟ ਮਿਲਣ ਦੀ ਗੱਲ ਸਾਹਮਣੇ ਆਈ ਸੀ।
ਮੁਅੱਤਲ ਕੀਤੇ ਗਏ ਤਿੰਨਾਂ ਅਧਿਕਾਰੀਆਂ ਖ਼ਿਲਾਫ਼ ਨਕਲੀ ਕਰੰਸੀ ਮਿਲਣ ਦੇ ਮਾਮਲੇ ‘ਚ ਪੀ.ਐੱਨ.ਬੀ. ਦੇ ਮੁੱਖ ਪ੍ਰਬੰਧਕ ਅਤੇ ਜਾਂਚ ਅਧਿਕਾਰੀ ਅਰੁਣ ਕੁਮਾਰ ਚੌਬੇ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਘੱਟ ਨਕਦੀ ਮਿਲਣ ਦੇ ਮਾਮਲੇ ‘ਚ ਪਾਰਟ ਟਾਈਮ ਹਾਊਸ ਕੀਪਰ ਖ਼ਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੈਂਕ ਅਧਿਕਾਰੀਆਂ ਦੀ ਜਾਂਚ ਦੇ ਨਾਲ-ਨਾਲ ਪੁਲਿਸ ਵੀ ਆਪਣੀ ਜਾਂਚ ‘ਚ ਜੁਟੀ ਹੈ। ਕੁਝ ਦਿਨ ਪਹਿਲਾਂ ਪਾਰਟ ਟਾਈਮ ਹਾਊਸ ਕੀਪਰ ਵਿਸ਼ਾਲ ਕੁਮਾਰ ਨੂੰ ਕਰੰਸੀ ਚੈਸਟ ‘ਚ ਨੋਟਾਂ ਦੀਆਂ ਗੁੱਛੀਆਂ (ਗੱਡੀਆਂ) ਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਨ੍ਹਾਂ ‘ਚ ਗਲੇ, ਕੱਟੇ ਅਤੇ ਹੋਰ ਨੋਟ ਸਨ। ਇੱਥੋਂ ਸਾਢੇ 11 ਕਰੋੜ ਰੁਪਏ ਦੇ ਨੋਟਾਂ ਨੂੰ 5 ਅਗਸਤ ਨੂੰ ਆਰ.ਬੀ.ਆਈ. ਜੈਪੁਰ ਭੇਜਿਆ ਗਿਆ। ਉੱਥੇ ਗਿਣਤੀ ਹੋਣ ਤੋਂ ਬਾਅਦ ਇਨ੍ਹਾਂ ‘ਚੋਂ 4 ਲੱਖ 30 ਹਜ਼ਾਰ 900 ਰੁਪਏ ਘੱਟ ਮਿਲੇ।
ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੀ.ਐੱਨ.ਬੀ. ਮੇਰਠ ਜ਼ੋਨਲ ਹੈੱਡ ਅਜੇ ਕੁਮਾਰ ਟਿਬਰੇਵਾਲ ਨੂੰ ਦਿੱਤੀ ਗਈ। ਮੇਰਠ ਤੋਂ ਮੁੱਖ ਪ੍ਰਬੰਧਕ ਅਰੁਣ ਕੁਮਾਰ ਚੌਬੇ ਨੂੰ ਮਾਮਲੇ ਦੀ ਜਾਂਚ ਲਈ ਸਹਾਰਨਪੁਰ ਭੇਜਿਆ ਗਿਆ। ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਵਿਸ਼ਾਲ ਕੁਮਾਰ ਨੇ ਗੁੱਛੀਆਂ ‘ਚੋਂ ਨੋਟ ਕੱਢੇ ਹਨ। ਉਹ ਨੋਟ ਕੱਢਦਾ ਹੋਇਆ ਸੀ.ਸੀ.ਟੀ.ਵੀ. ‘ਚ ਦਿਖਾਈ ਦੇ ਰਿਹਾ ਹੈ। 9 ਅਗਸਤ ਤੋਂ ਗੜਬੜੀ ਨੂੰ ਲੈ ਕੇ ਆਡਿਟ ਸ਼ੁਰੂ ਕੀਤਾ ਗਿਆ ਅਤੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸਾਢੇ 11 ਕਰੋੜ ਰੁਪਏ ਦੀ ਨਕਲੀ ਕਰੰਸੀ ਬੈਂਕ ‘ਚ ਰੱਖੀ ਹੋਈ ਹੈ।
ਇਸ ਤੋਂ ਬਾਅਦ ਜਾਂਚ ਅਧਿਕਾਰੀ ਅਰੁਣ ਕੁਮਾਰ ਚੌਬੇ ਨੇ ਸੀਨੀਅਰ ਮੰਡਲ ਪ੍ਰਬੰਧਕ ਰਵਿ ਕੁਮਾਰ ਕਾਂਸੇ, ਕਰੰਸੀ ਚੈਸਟ ਪ੍ਰਬੰਧਕ ਸੁਸ਼ੀਲ ਕੁਮਾਰ ਅਤੇ ਹਰਿਆਣਾ ਦੇ ਯਮੁਨਾਨਗਰ ਜਗਾਧਰੀ ਦੇ ਕਰੰਸੀ ਚੈਸਟ ਪ੍ਰਬੰਧਕ ਅਮਿਤ ਕੁਮਾਰ ਨਾਲ ਗੱਲਬਾਤ ਕੀਤੀ। ਅਮਿਤ ਸਹਾਰਨਪੁਰ ਚੈਸਟ ਤੋਂ ਤਬਦੀਲ ਹੋ ਕੇ ਹਰਿਆਣਾ ਗਏ ਸਨ। ਤਿੰਨੋਂ ਹੀ ਅਧਿਕਾਰੀ ਇਸ ਮਾਮਲੇ ‘ਚ ਸਹੀ ਜਵਾਬ ਨਹੀਂ ਦੇ ਸਕੇ। ਇਸ ‘ਤੇ ਅਰੁਣ ਕੁਮਾਰ ਚੌਬੇ ਨੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। 29 ਅਗਸਤ ਦੀ ਸ਼ਾਮ ਨੂੰ ਹੀ ਉਨ੍ਹਾਂ ਨੇ ਤਿੰਨਾਂ ਪ੍ਰਬੰਧਕਾਂ ਖ਼ਿਲਾਫ਼ ਥਾਣਾ ਸਦਰ ਬਾਜ਼ਾਰ ‘ਚ ਸ਼ਿਕਾਇਤ ਦੇ ਕੇ ਮੁਕੱਦਮਾ ਦਰਜ ਕਰਵਾਇਆ।
ਦਿੱਲੀ ਰੋਡ ‘ਤੇ ਸਥਿਤ ਪੀ.ਐੱਨ.ਬੀ. ਦੇ ਮੰਡਲ ਦਫ਼ਤਰ ‘ਚ ਤਾਇਨਾਤ ਸੀਨੀਅਰ ਮੈਨੇਜਰ ਨਿਸ਼ਾ ਸਿੰਘ ਨੇ ਦੱਸਿਆ ਕਿ ਮਾਮਲਾ ਧਿਆਨ ‘ਚ ਆਉਣ ਤੋਂ ਬਾਅਦ ਤਿੰਨਾਂ ਪ੍ਰਬੰਧਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਅਰੁਣ ਕੁਮਾਰ ਚੌਬੇ ਨੇ ਪਾਰਟ ਟਾਈਮ ਹਾਊਸ ਕੀਪਰ ਵਿਸ਼ਾਲ ਕੁਮਾਰ ਖ਼ਿਲਾਫ਼ ਵੀ ਨੋਟ ਚੋਰੀ ਕਰਨ ਦੇ ਮਾਮਲੇ ‘ਚ ਮੁਕੱਦਮਾ ਦਰਜ ਕਰਵਾ ਕੇ ਉਸ ਨੂੰ ਕੰਮ ਤੋਂ ਹਟਾ ਦਿੱਤਾ ਹੈ।
ਆਡਿਟ ਦੌਰਾਨ ਜਾਂਚ ਟੀਮ ਨੇ ਜਦੋਂ ਨੋਟਾਂ ਦੀਆਂ ਗੁੱਛੀਆਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਉਸ ‘ਚ ਇੱਕ ਅਸਲੀ ਨੋਟ ਉੱਪਰ ਜਦਕਿ ਇੱਕ ਨੋਟ ਹੇਠਾਂ ਲਗਾਇਆ ਗਿਆ ਸੀ। ਸ਼ੁਰੂਆਤੀ ਜਾਂਚ ‘ਚ ਸਾਢੇ 11 ਕਰੋੜ ਦੇ ਜਾਅਲੀ ਨੋਟ ਹੀ ਫੜੇ ਗਏ ਸਨ। ਆਡਿਟ ਟੀਮ ਦੇ ਅਧਿਕਾਰੀ ਅਰੁਣ ਕੁਮਾਰ ਚੌਬੇ ਨੇ ਸੋਮਵਾਰ ਰਾਤ 9 ਵਜੇ ਥਾਣੇ ‘ਚ ਸ਼ਿਕਾਇਤ ਦੇ ਕੇ ਦੱਸਿਆ ਕਿ ਜਾਂਚ ‘ਚ 17 ਕਰੋੜ ਰੁਪਏ ਦੇ ਨਕਲੀ ਨੋਟ ਮਿਲੇ ਹਨ। ਥਾਣਾ ਮੁਖੀ ਸਦਰ ਬਾਜ਼ਾਰ ਨੇਮਚੰਦ ਨੇ ਦੱਸਿਆ ਕਿ ਪਹਿਲਾਂ ਤੋਂ ਦਰਜ ਮੁਕੱਦਮੇ ‘ਚ ਹੁਣ ਨਕਲੀ ਨੋਟਾਂ ਦੀ ਕੀਮਤ ਨੂੰ ਵਧਾਇਆ ਜਾ ਰਿਹਾ ਹੈ।
ਕਰੰਸੀ ਚੈਸਟ ‘ਚ ਪੀ.ਐੱਨ.ਬੀ. ਦੀਆਂ ਵੱਖ-ਵੱਖ ਸ਼ਾਖਾਵਾਂ ਤੋਂ ਨਕਦੀ ਆਉਂਦੀ ਹੈ। ਕਰੰਸੀ ਚੈਸਟ ਦਾ ਆਡਿਟ ਅਜੇ ਚੱਲ ਰਿਹਾ ਹੈ। ਫਿਲਹਾਲ ਬੈਂਕ ਪੱਧਰ ‘ਤੇ ਸ਼ੱਕੀ ਲੈਣ-ਦੇਣ ਅਤੇ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਨਕਲੀ ਨੋਟਾਂ ਦੀ ਗਿਣਤੀ ਕਿੰਨੀ ਹੈ ਅਤੇ ਮਾਮਲਾ ਕਿਸ ਪੱਧਰ ਤੱਕ ਫੈਲਿਆ ਹੋਇਆ ਹੈ। ਸੀਨੀਅਰ ਮੈਨੇਜਰ ਨਿਸ਼ਾ ਸਿੰਘ ਨੇ ਦੱਸਿਆ ਕਿ ਬੈਂਕ ਅਧਿਕਾਰੀ ਜਾਂਚ ‘ਚ ਜੁੱਟੇ ਹੋਏ ਹਨ। ਅਜੇ ਹੋਰ ਵੀ ਨਕਲੀ ਨੋਟ ਕਰੰਸੀ ਚੈਸਟ ‘ਚੋਂ ਨਿਕਲ ਕੇ ਸਾਹਮਣੇ ਆ ਸਕਦੇ ਹਨ।ਇਸ ਮਾਮਲੇ ‘ਚ ਤਿੰਨ ਪ੍ਰਬੰਧਕਾਂ ਅਤੇ ਪਾਰਟ ਟਾਈਮ ਹਾਊਸ ਕੀਪਰ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਹੈ। ਬੈਂਕ ਆਪਣੇ ਪੱਧਰ ਤੋਂ ਜਾਂਚ ਕਰ ਰਿਹਾ ਹੈ। ਇਸ ਲਈ ਪੁਲਿਸ ਜਾਂਚ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। — ਅਭਿਨੰਦਨ, ਐੱਸ.ਐੱਸ.ਪੀ.
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button