
ਪੰਜਾਬ ਕੇਡਰ ਦੀ ਸੀਨੀਅਰ ਆਈਏਐਸ ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ ਬਹੁ-ਚਰਚਿਤ ਮੋਹਾਲੀ ਜ਼ਮੀਨ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਵੀਰਵਾਰ ਨੂੰ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਖੇਤਰੀ ਦਫ਼ਤਰ ’ਚ ਪੇਸ਼ ਹੋਏ। ਈਡੀ ਅਧਿਕਾਰੀਆਂ ਨੇ ਉਨ੍ਹਾਂ ਤੋਂ ਸੱਤ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। 2007 ਬੈਚ ਦੀ ਬਰਾੜ ਇਸ ਵੇਲੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ’ਚ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ।
ਜਾਣਕਾਰੀ ਅਨੁਸਾਰ ਬਰਾੜ ਸਵੇਰੇ ਕਰੀਬ 10 ਵਜੇ ਈਡੀ ਦਫ਼ਤਰ ਪਹੁੰਚੇ। ਐਂਟਰੀ ਰਜਿਸਟਰ ’ਤੇ ਦਸਤਖ਼ਤ ਕਰਨ ਮਗਰੋਂ ਉਹ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਸਿੱਧਾ ਅੰਦਰ ਚਲੇ ਗਏ। ਇਸ ਤੋਂ ਪਹਿਲਾਂ 18 ਅਗਸਤ ਨੂੰ ਵੀ ਈਡੀ ਨੇ ਉਨ੍ਹਾਂ ਤੋਂ ਕਰੀਬ ਅੱਠ ਤੋਂ ਸਾਢੇ ਅੱਠ ਘੰਟੇ ਪੁੱਛਗਿੱਛ ਕੀਤੀ ਸੀ
ਈਡੀ ਦੀ ਜਾਂਚ ਮੁਤਾਬਕ 2024 ’ਚ ਜਦੋਂ ਬਰਾੜ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ’ਚ ਸੇਵਾ ਨਿਭਾ ਰਹੇ ਸਨ, ਉਸ ਸਮੇਂ ਮੋਹਾਲੀ ਦੇ ਨਿਊ ਚੰਡੀਗੜ੍ਹ (ਮੁੱਲਾਂਪੁਰ) ਖੇਤਰ ’ਚ ‘ਸਨਟੈਕ ਸਿਟੀ’ ਪ੍ਰਾਜੈਕਟ ਨੂੰ ਜ਼ਮੀਨੀ ਮਨਜ਼ੂਰੀਆਂ ਦਿੱਤੀਆਂ ਗਈਆਂ ਸਨ। ਦੋਸ਼ ਹੈ ਕਿ ਕਰੀਬ 15 ਕਿਸਾਨਾਂ ਦੀ 30.5 ਏਕੜ ਜ਼ਮੀਨ ਸਬੰਧੀ ਜਾਅਲੀ ਦਸਤਖ਼ਤ ਤੇ ਅੰਗੂਠੇ ਲਾ ਕੇ ਫ਼ਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਗਏ, ਜਿਨ੍ਹਾਂ ਦੇ ਆਧਾਰ ’ਤੇ ਸੀਐੱਲਯੂ ਮਨਜ਼ੂਰ ਕੀਤਾ ਗਿਆ।
ਇਸ ਮਾਮਲੇ ’ਚ ਈਡੀ ‘ਇੰਡੀਅਨ ਕੋ-ਆਪਰੇਟਿਵ ਹਾਊਸ ਬਿਲਡਿੰਗ ਲਿਮਟਿਡ’ ਦੇ ਸਕੱਤਰ ਅਤੇ ਪ੍ਰਾਜੈਕਟ ਦੇ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਮਈ ’ਚ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਏਜੰਸੀ ਮੁਤਾਬਕ ਮਾਮਲਾ ਕਰੀਬ 348 ਕਰੋੜ ਰੁਪਏ ਦੀ ਅਪਰਾਧਿਕ ਕਮਾਈ ਨਾਲ ਜੁੜਿਆ ਹੈ
ਈਡੀ ਵੱਲੋਂ ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫ਼ਰਜ਼ੀ ਦਸਤਾਵੇਜ਼ਾਂ ਦੀ ਸਰਕਾਰੀ ਪੱਧਰ ’ਤੇ ਜਾਂਚ ’ਚ ਕਿੱਥੇ ਲਾਪਰਵਾਹੀ ਹੋਈ ਅਤੇ ਕੀ ਹੋਰ ਅਧਿਕਾਰੀ ਵੀ ਇਸ ਮਾਮਲੇ ਨਾਲ ਜੁੜੇ ਹਨ। ਹਾਊਸਿੰਗ ਵਿਭਾਗ ਅਤੇ ਗਮਾਡਾ ਦੇ ਪੁਰਾਣੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਵੀ 31 ਅਗਸਤ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਗਏ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




