PunjabTop News

ਪੰਜਾਬ ‘ਚ 10 ਦਿਨਾਂ ਅੰਦਰ ₹20 ਮਹਿੰਗੀ ਹੋਈ ਖੰਡ, ਉਤਪਾਦਨ 3 ਲੱਖ ਟਨ ਘਟਿਆ; ਮਿਠਾਈਆਂ ਵੀ ਹੋਣਗੀਆਂ ਮਹਿੰਗੀਆਂ

ਪੰਜਾਬ ਵਿੱਚ ਆਉਣ ਵਾਲੇ ਤਿਉਹਾਰੀ ਸੀਜ਼ਨ ਤੋਂ ਐਨ ਪਹਿਲਾਂ ਖੰਡ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਵੱਡਾ ਬੋਝ ਪਾ ਦਿੱਤਾ ਹੈ। ਮਹਿਜ਼ ਪਿਛਲੇ 10 ਦਿਨਾਂ ਦੇ ਅੰਦਰ ਖੰਡ ਦੇ ਭਾਅ ਵਿੱਚ ਪ੍ਰਤੀ ਕਿੱਲੋ 20 ਰੁਪਏ ਤੱਕ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਜਲੰਧਰ ਵਿੱਚ ਖੰਡ ਦੀ ਕੀਮਤ 45 ਰੁਪਏ ਪ੍ਰਤੀ ਕਿੱਲੋ ਤੋਂ ਸਿੱਧੀ 65 ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਲੁਧਿਆਣਾ, ਮੋਹਾਲੀ ਸਮੇਤ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਪ੍ਰਤੀ ਕਿੱਲੋ 15 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਏਸ਼ੀਆ ਦੀਆਂ ਪ੍ਰਮੁੱਖ ਕਰਿਆਨਾ ਮੰਡੀਆਂ ਵਿੱਚੋਂ ਇੱਕ ਮੰਨੀ ਜਾਂਦੀ ਜਲੰਧਰ ਦੀ ਫੈਂਟਨਗੰਜ ਮੰਡੀ ਦੇ ਖੰਡ ਥੋਕ ਕਾਰੋਬਾਰੀ ਗੋਪਾਲ ਅਨੁਸਾਰ ਕੇਂਦਰ ਸਰਕਾਰ ਵੱਲੋਂ ਸਟਾਕ ਦੀ ਹੱਦ ਤੈਅ ਕਰ ਦਿੱਤੀ ਗਈ ਹੈ। ਤਿਉਹਾਰਾਂ ਦਾ ਸੀਜ਼ਨ ਨੇੜੇ ਹੋਣ ਕਰਕੇ ਬਾਜ਼ਾਰ ਵਿੱਚ ਮੰਗ ਬਹੁਤ ਜ਼ਿਆਦਾ ਹੈ, ਪਰ ਉਸ ਮੁਕਾਬਲੇ ਸਪਲਾਈ ਬੇਹੱਦ ਘੱਟ ਰਹਿ ਗਈ ਹੈ, ਜਿਸ ਕਾਰਨ ਭਾਅ ਤੇਜ਼ੀ ਨਾਲ ਵਧ ਰਹੇ ਹਨ।
ਇਸ ਤੋਂ ਇਲਾਵਾ ਰਿਪੋਰਟਾਂ ਮੁਤਾਬਕ ਖੰਡ ਮਿੱਲਾਂ ਵੱਲੋਂ ਗੰਨੇ ਦੀ ਵਰਤੋਂ ਖੰਡ ਦੀ ਥਾਂ ਈਥਾਨੌਲ  ਬਣਾਉਣ ਲਈ ਜ਼ਿਆਦਾ ਕੀਤੀ ਜਾ ਰਹੀ ਹੈ। ਜਿਹੜੀਆਂ ਸ਼ੂਗਰ ਮਿੱਲਾਂ ਪਹਿਲਾਂ ਗੰਨੇ ਦੀ ਕੁੱਲ ਸਪਲਾਈ ਦਾ ਪੂਰਾ ਹਿੱਸਾ ਖੰਡ ਬਣਾਉਣ ਵਿੱਚ ਵਰਤਦੀਆਂ ਸਨ, ਉਹ ਹੁਣ ਲਗਭਗ 50 ਫ਼ੀਸਦੀ ਹਿੱਸਾ ਈਥਾਨੌਲ ਤਿਆਰ ਕਰਨ ਲਈ ਵਰਤ ਰਹੀਆਂ ਹਨ।
ਖੰਡ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਪਾਰਾ ਵੀ ਚੜ੍ਹ ਗਿਆ ਹੈ।
ਪੰਜਾਬ ਵਿੱਚ ਸਾਲ 2025-26 ਦੇ ਪੀੜਾਈ ਸੀਜ਼ਨ ਦੌਰਾਨ ਖੰਡ ਦਾ ਉਤਪਾਦਨ 15.5 ਲੱਖ ਟਨ ਦਰਜ ਕੀਤਾ ਗਿਆ, ਜਦਕਿ 2024-25 ਵਿੱਚ ਇਹ 18.2 ਲੱਖ ਟਨ ਸੀ। ਇਸ ਤਰ੍ਹਾਂ ਉਤਪਾਦਨ ਵਿੱਚ ਲਗਭਗ 2.7 ਲੱਖ ਟਨ (ਕਰੀਬ 15 ਫ਼ੀਸਦੀ) ਦੀ ਕਮੀ ਆਈ ਹੈ। ਇਸ ਪਿੱਛੇ ਗੰਨੇ ਦੀ ਘੱਟ ਉਪਲਬਧਤਾ, ਘੱਟ ਬਾਰਿਸ਼ ਅਤੇ ਮੌਸਮੀ ਤਬਦੀਲੀਆਂ ਦੇ ਨਾਲ-ਨਾਲ ਮਿੱਲਾਂ ਵੱਲੋਂ ਈਥਾਨੌਲ ਉਤਪਾਦਨ ਨੂੰ ਪਹਿਲ ਦੇਣਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
ਪੰਜਾਬ ਵਿੱਚ ਮੌਜੂਦਾ ਸਮੇਂ ਸ਼ੂਗਰ ਮਿੱਲਾਂ ਅਤੇ ਗ੍ਰੇਨ-ਬੇਸਡ ਡਿਸਟਿਲਰੀਆਂ ਸਮੇਤ ਕੁੱਲ 20 ਯੂਨਿਟ ਈਥਾਨੌਲ ਉਤਪਾਦਨ ਲਈ ਰਜਿਸਟਰਡ ਹਨ। ਉਦਾਹਰਣ ਵਜੋਂ ਜਗਜੀਤ ਇੰਡਸਟਰੀਜ਼ (ਕਪੂਰਥਲਾ) ਨੇ ਸਾਲ 2025 ਵਿੱਚ 200 ਕਿਲੋਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਗ੍ਰੇਨ-ਬੇਸਡ ਪਲਾਂਟ ਸ਼ੁਰੂ ਕੀਤਾ ਸੀ, ਜਿਸ ਦਾ ਟੀਚਾ ਸਾਲਾਨਾ 6 ਤੋਂ 7 ਕਰੋੜ ਲੀਟਰ ਉਤਪਾਦਨ ਹੈ। ਇਸੇ ਤਰ੍ਹਾਂ ਪ੍ਰੀਮੀਅਰ ਸ਼ੂਗਰ ਮਿੱਲਜ਼ ਐਂਡ ਡਿਸਟਿਲਰੀ ਨੇ ਜੁਲਾਈ 2026 ਤੱਕ 14 ਹਜ਼ਾਰ ਮੀਟ੍ਰਿਕ ਟਨ ਈਥਾਨੌਲ ਤਿਆਰ ਕੀਤਾ ਹੈ।
ਰਾਸ਼ਟਰੀ ਪੱਧਰ ‘ਤੇ ਦੇਖਿਆ ਜਾਵੇ ਤਾਂ ਸਾਲ 2024-25 ਦੌਰਾਨ ਈਥਾਨੌਲ ਦੀ ਸਪਲਾਈ ਲਗਭਗ 1 ਹਜ਼ਾਰ ਕਰੋੜ ਲੀਟਰ ਰਹੀ, ਜੋ 2023-24 ਵਿੱਚ 679.4 ਕਰੋੜ ਲੀਟਰ ਸੀ—ਯਾਨੀ 53 ਫ਼ੀਸਦੀ ਦਾ ਵਾਧਾ। ਜੂਨ 2026 ਤੱਕ ਦੇਸ਼ ਵਿੱਚ 717.29 ਕਰੋੜ ਲੀਟਰ ਈਥਾਨੌਲ ਬਣ ਚੁੱਕਾ ਹੈ। ਪੈਟਰੋਲ ਵਿੱਚ ਈ-20 (E-20) ਅਤੇ ਈ-80 (E-80) ਮਿਸ਼ਰਣ ਦੀ ਵਧਦੀ ਮੰਗ ਪੂਰੀ ਕਰਨ ਲਈ ਮਿੱਲਾਂ ਖੰਡ ਨਾਲੋਂ ਈਥਾਨੌਲ ਬਣਾਉਣ ਨੂੰ ਤਰਜੀਹ ਦੇ ਰਹੀਆਂ ਹਨ।
ਘਰੇਲੂ ਬਜਟ ‘ਤੇ ਬੋਝ: ਜੇਕਰ ਇੱਕ ਔਸਤ ਪਰਿਵਾਰ ਮਹੀਨੇ ਵਿੱਚ 2 ਕਿੱਲੋ ਖੰਡ ਵਰਤਦਾ ਹੈ, ਤਾਂ ਪੁਰਾਣੇ 46 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖ਼ਰਚਾ 92 ਰੁਪਏ ਆਉਂਦਾ ਸੀ, ਜੋ ਹੁਣ 65 ਰੁਪਏ ਦੇ ਹਿਸਾਬ ਨਾਲ 130 ਰੁਪਏ ਹੋ ਗਿਆ ਹੈ (ਲਗਭਗ 38 ਤੋਂ 42 ਰੁਪਏ ਪ੍ਰਤੀ ਪਰਿਵਾਰ ਵਾਧੂ ਖ਼ਰਚ)। ਪੰਜਾਬ ਦੇ ਲਗਭਗ 75 ਲੱਖ ਪਰਿਵਾਰਾਂ ਦੇ ਹਿਸਾਬ ਨਾਲ ਇਹ ਬੋਝ ਮਹੀਨੇ ਦਾ 28.5 ਕਰੋੜ ਰੁਪਏ ਅਤੇ ਤਿੰਨ ਮਹੀਨਿਆਂ ਵਿੱਚ 85.5 ਕਰੋੜ ਰੁਪਏ ਬਣਦਾ ਹੈ।
ਮਿਠਾਈਆਂ ਦੀਆਂ ਕੀਮਤਾਂ ‘ਚ 10% ਵਾਧਾ: ਜਲੰਧਰ ਦੇ ਮਿਠਾਈ ਕਾਰੋਬਾਰੀ ਰਾਕੇਸ਼ ਅਨੁਸਾਰ ਖੰਡ ਦੇ ਨਾਲ-ਨਾਲ ਮਾਵਾ, ਛੈਣਾ, ਦੁੱਧ ਅਤੇ ਹੋਰ ਸਮੱਗਰੀ ਮਹਿੰਗੀ ਹੋਣ ਕਾਰਨ ਮਿਠਾਈਆਂ ਦੇ ਭਾਅ 10 ਫ਼ੀਸਦੀ ਤੱਕ ਵਧ ਗਏ ਹਨ, ਜਿਸ ਦਾ ਸਿੱਧਾ ਅਸਰ ਖ਼ਰੀਦਦਾਰਾਂ ‘ਤੇ ਪਵੇਗਾ।ਗੰਨੇ ਦਾ ਨਵਾਂ ਪੀੜਾਈ ਸੀਜ਼ਨ ਅਕਤੂਬਰ ਦੇ ਅਖ਼ੀਰ ਜਾਂ ਨਵੰਬਰ ਦੀ ਸ਼ੁਰੂਆਤ ਵਿੱਚ ਆਉਣ ਦੀ ਸੰਭਾਵਨਾ ਹੈ, ਇਸ ਲਈ ਉਦੋਂ ਤੱਕ ਬਾਜ਼ਾਰ ਵਿੱਚ ਕੀਮਤਾਂ ਉੱਚੀਆਂ ਰਹਿਣ ਦਾ ਖ਼ਦਸ਼ਾ ਹੈ। ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਨੇ ਥੋਕ ਵਪਾਰੀਆਂ ‘ਤੇ 30 ਨਵੰਬਰ 2026 ਤੱਕ ਸਟਾਕ ਲਿਮਿਟ ਲਾਗੂ ਕਰ ਦਿੱਤੀ ਹੈ, ਜਿਸ ਤਹਿਤ ਵਪਾਰੀ ਨਿਰਧਾਰਤ ਹੱਦ ਅਨੁਸਾਰ ਹੀ ਖੰਡ ਰੱਖ ਸਕਣਗੇ। ਇਸ ਤੋਂ ਇਲਾਵਾ ਸਰਕਾਰ ਕੀਮਤਾਂ ਕੰਟਰੋਲ ਕਰਨ ਲਈ ਸੀਮਤ ਮਾਤਰਾ ਵਿੱਚ ਡਿਊਟੀ-ਫ੍ਰੀ ਖੰਡ ਦੀ ਦਰਾਮਦ (ਇੰਪੋਰਟ) ਕਰਨ ਦੇ ਬਦਲ ‘ਤੇ ਵੀ ਵਿਚਾਰ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button