ਵੈਨਕੂਵਰ ’ਚ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਇਨਸਾਫ਼ ਲਈ ਗੂੰਜੀ ਆਵਾਜ਼, ਸਿੱਖ ਕਾਰਕੁਨਾਂ ਦੀ ਸੁਰੱਖਿਆ ’ਤੇ ਵੀ ਉੱਠੇ ਗੰਭੀਰ ਸਵਾਲ

ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਇਨਸਾਫ਼, ਜਵਾਬਦੇਹੀ ਅਤੇ ਸੱਚ ਸਾਹਮਣੇ ਲਿਆਉਣ ਦੀ ਮੰਗ ਨੂੰ ਲੈ ਕੇ ਅੱਜ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਟੀਮ ਸ਼ਹੀਦ ਨਿੱਝਰ ਵੱਲੋਂ ਮਹੀਨਾਵਾਰੀ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਵੱਡੀ ਗਿਣਤੀ ਵਿੱਚ ਖਾਲਿਸਤਾਨ ਪੱਖੀ ਸਿੱਖਾਂ ਨੇ ਸ਼ਮੂਲੀਅਤ ਕਰਦਿਆਂ ਨਿੱਝਰ ਕਤਲ ਕਾਂਡ ਨਾਲ ਜੁੜੇ ਸਵਾਲਾਂ ਦੇ ਜਵਾਬ ਅਤੇ ਦੋਸ਼ੀਆਂ ਖ਼ਿਲਾਫ਼ ਜਵਾਬਦੇਹੀ ਦੀ ਮੰਗ ਨੂੰ ਮੁੜ ਜ਼ੋਰਦਾਰ ਢੰਗ ਨਾਲ ਉਠਾਇਆ। ਰੈਲੀ ਦੌਰਾਨ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵੱਲੋਂ ਹਾਲ ਹੀ ਵਿੱਚ ਦਿੱਤੀਆਂ ‘ਡਿਊਟੀ ਟੂ ਵਾਰਨ’ (ਖ਼ਤਰੇ ਤੋਂ ਪਹਿਲਾਂ ਚੇਤਾਵਨੀ) ਸਬੰਧੀ ਚੇਤਾਵਨੀਆਂ ਦਾ ਵੀ ਜ਼ਿਕਰ ਕੀਤਾ ਗਿਆ। ਇਨ੍ਹਾਂ ਚੇਤਾਵਨੀਆਂ ਵਿੱਚ ਇੰਦਰਜੀਤ ਸਿੰਘ ਗੋਸਲ, ਮਨਜਿੰਦਰ ਸਿੰਘ ਖਾਲਸਾ ਅਤੇ ਨਰਿੰਦਰ ਸਿੰਘ ਰੰਧਾਵਾ ਦੇ ਨਾਮ ਸਾਹਮਣੇ ਆਉਣ ਕਾਰਨ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋਰ ਗੰਭੀਰ ਹੋਣ ਦੀ ਗੱਲ ਆਖੀ ਗਈ। ਰੈਲੀ ਵਿੱਚ ਮੰਗ ਕੀਤੀ ਗਈ ਕਿ ਕੈਨੇਡੀਅਨ ਧਰਤੀ ’ਤੇ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਜਾਨੀ ਧਮਕੀਆਂ ਨਾਲ ਸਬੰਧਤ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਦੇ ਨਾਲ ਹੀ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੁੜੇ ਹਰ ਪੱਖ ਦੀ ਪਾਰਦਰਸ਼ੀ ਜਾਂਚ ਕਰਕੇ ਸੱਚ ਲੋਕਾਂ ਸਾਹਮਣੇ ਲਿਆਉਣ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਵੀ ਉੱਠੀ। ਰੈਲੀ ਦੌਰਾਨ ਸੰਗਤ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ 18 ਅਕਤੂਬਰ 2026 ਨੂੰ ਐਡਮਿੰਟਨ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਹੋਣੀ ਹੈ, ਜਿਸ ਨੂੰ ਆਯੋਜਕਾਂ ਵੱਲੋਂ ਸਿੱਖਾਂ ਨੂੰ ਆਪਣੀ ਸਿਆਸੀ ਰਾਏ ਜਮਹੂਰੀ ਢੰਗ ਨਾਲ ਪ੍ਰਗਟ ਕਰਨ ਦਾ ਮੌਕਾ ਦੱਸਿਆ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵੱਲੋਂ ਗੁਰਮੀਤ ਸਿੰਘ ਤੂਰ ਅਤੇ ਨਰਿੰਦਰ ਸਿੰਘ ਰੰਧਾਵਾ, ਜਦਕਿ ਟੀਮ ਸ਼ਹੀਦ ਨਿੱਝਰ ਵੱਲੋਂ ਭਾਈ ਮਨਜਿੰਦਰ ਸਿੰਘ ਖਾਲਸਾ, ਗਗਨਦੀਪ ਸਿੰਘ, ਰਜਿੰਦਰ ਸਿੰਘ, ਭਾਈ ਜੋਗਾ ਸਿੰਘ ਅਤੇ ਜਸਵੀਰ ਸਿੰਘ ਬਰਾੜ ਸਮੇਤ ਹੋਰ ਸਿੱਖ ਸੰਗਤ ਹਾਜ਼ਰ ਰਹੀ। ਰੈਲੀ ਦਾ ਸੁਨੇਹਾ ਸਪੱਸ਼ਟ ਸੀ ਕਿ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਲਈ ਇਨਸਾਫ਼ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਇਨਸਾਫ਼, ਸੱਚ ਤੇ ਜਵਾਬਦੇਹੀ ਦੀ ਮੰਗ ਲਗਾਤਾਰ ਜਾਰੀ ਰਹੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




