
ਪਟਿਆਲਾ : ਸਥਾਨਕ ਐੱਸਐੱਸਟੀ ਨਗਰ ਇਲਾਕੇ ਵਿਚ 11 ਜੁਲਾਈ ਨੂੰ ਦਿਨ-ਦਿਹਾੜੇ ਜਿਮ ਟ੍ਰੇਨਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਬਾਬਾ ਬਖਸ਼ੀਸ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜਿਮ ਟ੍ਰੇਨਰ ਸਿਮਰ ਭਟਨਾਗਰ ਇਸ ਫਾਇਰਿੰਗ ਵਿਚ ਵਾਲ-ਵਾਲ ਬਚ ਗਏ ਸਨ, ਜਿਸ ਤੋਂ ਬਾਅਦ ਲਾਹੌਰੀ ਗੇਟ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸਿਮਰ ਭਟਨਾਗਰ ਅਨੁਸਾਰ ਉਨ੍ਹਾਂ ‘ਤੇ ਫਾਇਰਿੰਗ ਕਰਨ ਵਾਲਿਆਂ ਵਿਚ ਪੁਲਿਸ ਵਰਦੀ ਪਹਿਨੇ ਲੋਕ ਵੀ ਸ਼ਾਮਲ ਸਨ। ਬਾਬਾ ਬਖਸ਼ੀਸ਼ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁਲਾਸਾ ਹੋਇਆ ਕਿ ਫਾਇਰਿੰਗ ਉਨ੍ਹਾਂ ਦੇ ਗਨਮੈਨ ਦੁਆਰਾ ਕੀਤੀ ਗਈ ਸੀ, ਹਾਲਾਂਕਿ ਫਾਇਰਿੰਗ ਦੇ ਕਾਰਨ ਸਾਫ਼ ਨਹੀਂ ਕੀਤੇ ਗਏ ਹਨ।
ਥਾਣਾ ਲਾਹੌਰੀ ਗੇਟ ਇੰਚਾਰਜ ਸੌਰਵ ਸਭਰਵਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਬਖਸ਼ੀਸ਼ ਸਿੰਘ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਫਾਇਰਿੰਗ ਕਰਨ ਵਾਲੇ ਗਨਮੈਨ ਦੀ ਵਿਭਾਗੀ ਜਾਂਚ ਜਾਰੀ ਹੈ। ਪੀੜਤ ਸਿਮਰ ਭਟਨਾਗਰ ਉਮਰ 22 ਸਾਲ ਨਿਵਾਸੀ ਮਥੁਰਾ ਕਾਲੋਨੀ ਨੇ ਦੱਸਿਆ ਕਿ ਉਹ ਫਲਾਈਓਵਰ ਹੋਟਲ ਨੇੜੇ ਜਿਮ ਵਿਚ ਟ੍ਰੇਨਰ ਦੀ ਨੌਕਰੀ ਕਰਦੇ ਹਨ, ਸ਼ਨਿੱਚਰਵਾਰ ਨੂੰ ਉਹ ਜਿਮ ਤੋਂ ਕੰਮ ਖ਼ਤਮ ਕਰਕੇ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਸ਼ਮਸ਼ਾਨਘਾਟ ਵਾਲੀ ਰੋਡ ਤੋਂ ਐੱਸਐੱਸਟੀ ਨਗਰ ਵੱਲ ਪਹੁੰਚੇ, ਉਦੋਂ ਹੀ ਇੱਕ ਚਿੱਟੇ ਰੰਗ ਦੀ ਪੁਰਾਣੇ ਮਾਡਲ ਦੀ ਉੱਤਰ ਪ੍ਰਦੇਸ਼ ਦੇ ਨੰਬਰ ਵਾਲੀ ਫਾਰਚੂਨਰ ਨੇ ਉਨ੍ਹਾਂ ਦੀ ਮਾਰੂਤੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਫਾਰਚੂਨਰ ਵਿਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਨੇ ਪੁਲਿਸ ਵਰਦੀ ਪਾਈ ਹੋਈ ਸੀ, ਜਦਕਿ ਤੀਜਾ ਵਿਅਕਤੀ ਸਫ਼ਾਰੀ ਸੂਟ ਵਿੱਚ ਸੀ। ਪਿੱਛਾ ਕਰਦੇ ਹੋਏ ਇਨਾਂ ਲੋਕਾਂ ਨੇ ਪਹਿਲਾਂ ਕਾਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਦੋ ਤੋਂ ਤਿੰਨ ਹਵਾਈ ਫਾਇਰ ਕੀਤੇ। ਫਾਇਰਿੰਗ ਦੌਰਾਨ ਇੱਕ ਗੋਲੀ ਕਾਰ ਦੀ ਡਿੱਗੀ ਵਿਚ ਲੱਗੀ ਤਾਂ ਕਾਰ ਰੋਕ ਕੇ ਉਹ ਹੇਠਾਂ ਉੱਤਰ ਗਏ। ਉੱਧਰ ਫਾਇਰਿੰਗ ਕਰਨ ਵਾਲੇ ਫਾਰਚੂਨਰ ਸਵਾਰ ਲੋਕ ਹੇਠਾਂ ਉੱਤਰੇ ਤਾਂ ਉਨਾਂ ਨੇ ਆਪਸ ਵਿਚ ਗੱਲਬਾਤ ਕਰਦਿਆਂ ਕਿਹਾ, ‘ਅਰੇ, ਇਹ ਤਾਂ ਕੋਈ ਹੋਰ ਹੈ।’ ਇਸ ਤੋਂ ਬਾਅਦ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




