PunjabTop News

ਸਪੀਕਰ ਇਹ ਯਕੀਨੀ ਬਣਾਉਣ ਕਿ ਇਕਪੱਖੀ ਰਾਜਨੀਤੀ ਤੱਥਾਂ ਅਤੇ ਨਿਰਪੱਖਤਾ ‘ਤੇ ਹਾਵੀ ਨਾ ਹੋਵੇ: ਅਸ਼ਵਨੀ ਸ਼ਰਮਾ

ਚੰਡੀਗੜ੍ਹ, 7 ਅਗਸਤ

ਭਾਜਪਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਵਿਸਥਾਰਪੂਰਵਕ ਪੱਤਰ ਭੇਜ ਕੇ ਅਪੀਲ ਕੀਤੀ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਤੱਥਾਂ ਅਤੇ ਨਿਰਪੱਖਤਾ ਦੇ ਆਧਾਰ ‘ਤੇ ਦੇਖਿਆ ਜਾਵੇ।

ਆਪਣੇ ਪੱਤਰ ਵਿੱਚ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਸਿਰਫ਼ ਇੱਕ ਪ੍ਰਚਲਿਤ ਪੇਂਡੂ ਪੰਜਾਬੀ ਕਹਾਵਤ ਦਾ ਉਦਾਹਰਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਕਤ ਕਹਾਵਤ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਪਹਿਲਾਂ ਹੀ ਸਪੱਸ਼ਟ ਤੌਰ ‘ਤੇ “ਖਿਮਾ ਸਹਿਤ” ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਨਾਲ ਇਹ ਸਾਫ਼ ਸੀ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵਿਅਕਤੀ, ਭਾਈਚਾਰੇ, ਸਮਾਜ ਜਾਂ ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ ਨਹੀਂ, ਸਗੋਂ ਆਪਣੀ ਦਲੀਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਸੀ।

ਉਨ੍ਹਾਂ ਸਪੀਕਰ ਨੂੰ ਇਹ ਵੀ ਯਾਦ ਦਿਵਾਇਆ ਕਿ ਸਦਨ ਵਿੱਚ ਉਸੇ ਵੇਲੇ ਉਨ੍ਹਾਂ ਖੁਦ ਸਪੱਸ਼ਟ ਕੀਤਾ ਸੀ ਕਿ ਜੇਕਰ ਕਿਸੇ ਮੈਂਬਰ ਜਾਂ ਸਮਾਜ ਦੇ ਕਿਸੇ ਵਰਗ ਨੂੰ ਉਨ੍ਹਾਂ ਦੇ ਸ਼ਬਦਾਂ ਨਾਲ ਠੇਸ ਪਹੁੰਚੀ ਹੋਵੇ ਤਾਂ ਉਹ ਸ਼ਬਦ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਕੱਢੇ (Expunge) ਜਾ ਸਕਦੇ ਹਨ। ਇਸ ਰਾਹੀਂ ਉਨ੍ਹਾਂ ਨੇ ਸਦਨ ਦੀ ਮਰਿਆਦਾ ਪ੍ਰਤੀ ਆਪਣਾ ਸਤਿਕਾਰ ਅਤੇ ਲੋਕ ਭਾਵਨਾਵਾਂ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਦਰਸਾਈ ਸੀ।

ਸ਼ਰਮਾ ਨੇ ਕਿਹਾ ਕਿ ਇਸ ਸਪੱਸ਼ਟੀਕਰਨ ਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਨੇ ਬਿਨਾਂ ਲੋੜ ਇਸ ਮਾਮਲੇ ਦਾ ਰਾਜਨੀਤੀਕਰਨ ਕਰਦਿਆਂ ਉਨ੍ਹਾਂ ਖ਼ਿਲਾਫ਼ ਨਿੰਦਾ ਮਤਾ ਲਿਆਉਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਵਿਚਾਰਾਂ ਨੂੰ ਤੱਥਾਂ ‘ਤੇ ਹਾਵੀ ਨਾ ਹੋਣ ਦੇਣ ਅਤੇ ਨਿਰਪੱਖ ਤੇ ਇਨਸਾਫ਼ਪੂਰਣ ਫੈਸਲਾ ਯਕੀਨੀ ਬਣਾਉਣ।

ਭਾਜਪਾ ਆਗੂ ਨੇ ਅੱਗੇ ਕਿਹਾ ਕਿ ਜੇਕਰ ਇਹ ਮਾਮਲਾ ਸੱਚਮੁੱਚ ਮਹਿਲਾਵਾਂ ਦੀ ਇੱਜ਼ਤ ਅਤੇ ਸਨਮਾਨ ਨਾਲ ਜੁੜਿਆ ਹੈ ਤਾਂ ਵੱਖ-ਵੱਖ ਮੌਕਿਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਿਲਾਵਾਂ ਬਾਰੇ ਕਥਿਤ ਤੌਰ ‘ਤੇ ਦਿੱਤੀਆਂ ਗਈਆਂ ਜਨਤਕ ਟਿੱਪਣੀਆਂ ‘ਤੇ ਵੀ ਉਹੀ ਮਾਪਦੰਡ ਲਾਗੂ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਆਪਣੇ ਪੱਤਰ ਵਿੱਚ ਅਜਿਹੀਆਂ ਕਈ ਮਿਸਾਲਾਂ ਦਾ ਜ਼ਿਕਰ ਕਰਦਿਆਂ ਬੇਨਤੀ ਕੀਤੀ ਕਿ ਕਿਸੇ ਵੀ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਟਿੱਪਣੀਆਂ ਦੀ ਵੀ ਉਸੇ ਗੰਭੀਰਤਾ, ਨਿਰਪੱਖਤਾ ਅਤੇ ਇਨਸਾਫ਼ਪੂਰਣ ਢੰਗ ਨਾਲ ਜਾਂਚ ਕੀਤੀ ਜਾਵੇ।

ਪੰਜਾਬ ਵਿਧਾਨ ਸਭਾ ਦੀ ਮਰਿਆਦਾ ਅਤੇ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਸ਼ਰਮਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਰੇ ਤੱਥਾਂ ਦੇ ਆਧਾਰ ‘ਤੇ ਲਿਆ ਗਿਆ ਨਿਰਪੱਖ, ਸੰਤੁਲਿਤ ਅਤੇ ਇਨਸਾਫ਼ਪੂਰਣ ਫ਼ੈਸਲਾ ਲੋਕਾਂ ਦਾ ਸੰਸਥਾ ‘ਤੇ ਭਰੋਸਾ ਹੋਰ ਮਜ਼ਬੂਤ ਕਰੇਗਾ ਅਤੇ ਇਹ ਸੰਦੇਸ਼ ਦੇਵੇਗਾ ਕਿ ਰਾਜਨੀਤਿਕ ਸੰਬੰਧਾਂ ਤੋਂ ਉੱਪਰ ਉੱਠ ਕੇ ਹਰ ਮੈਂਬਰ ਲਈ ਇੱਕੋ ਜਿਹੇ ਮਾਪਦੰਡ ਲਾਗੂ ਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button