InternationalTop News

ਕੈਨੇਡਾ ਵੱਲੋਂ ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਨਵੇਂ ਪੱਕੇ ਨਿਵਾਸੀਆਂ ਦੀ ਗਿਣਤੀ ‘ਚ ਕਟੌਤੀ

ਕੈਨੇਡਾ ‘ਚ ਪੱਕੇ ਤੌਰ ‘ਤੇ ਵੱਸਣ ਦਾ ਸੁਪਨਾ ਦੇਖਣ ਵਾਲੇ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਨੂੰ ਵੱਡਾ ਝਟਕਾ ਲਗਾ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਨਵੇਂ ਪੱਕੇ ਨਿਵਾਸੀਆਂ ਦੀ ਗਿਣਤੀ ‘ਚ ਵੱਡੀ ਕਟੌਤੀ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੁੱਲ ਗਿਰਾਵਟ ਵਿਚ ਲਗਭਗ 60 ਫੀਸਦੀ ਹਿੱਸਾ ਇਕੱਲੇ ਭਾਰਤੀਆਂ ਦਾ ਹੈ।
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਜਨਵਰੀ ਤੋਂ ਮਈ ਦਰਮਿਆਨ ਕੁੱਲ 1,68,800 ਲੋਕਾਂ ਨੂੰ ਪੀ.ਆਰ. ਮਿਲੀ ਸੀ, ਜੋ ਇਸ ਸਾਲ ਘੱਟ ਕੇ 1,47,260 ਰਹਿ ਗਈ ਹੈ। ਇਹ ਲਗਭਗ 12.5 ਫੀਸਦੀ ਦੀ ਗਿਰਾਵਟ ਹੈ। ਇਸ ਗਿਰਾਵਟ ਵਿਚ ਸਭ ਤੋਂ ਵੱਧ ਹਿੱਸਾ ਭਾਰਤੀਆਂ ਦਾ ਹੈ, ਜਿਨ੍ਹਾਂ ਦੀ ਗਿਣਤੀ 49,115 ਤੋਂ ਘੱਟ ਤੇ 36,910 ਰਹਿ ਗਈ ਹੈ ਮਤਲਬ ਲਗਭਗ ਇੱਕ ਚੌਥਾਈ ਦੀ ਕਮੀ ਆਈ। ਪੰਜ ਮਹੀਨਿਆਂ ਦੀ ਮਿਆਦ ਵਿਚ ਕੁੱਲ ਗਿਰਾਵਟ 21,540 ਸੀ ਅਤੇ ਇਸ ਵਿਚ ਭਾਰਤੀਆਂ ਦਾ ਹਿੱਸਾ 57% ਤੋਂ ਵੱਧ ਸੀ।
ਜ਼ਿਕਰਯੋਗ ਹੈ ਕਿ ਸਾਲ 2023 ਵਿਚ ਭਾਰਤੀ ਪੀ.ਆਰ. ਧਾਰਕਾਂ ਦੀ ਗਿਣਤੀ 1,39,790 ਦੇ ਸਿਖਰਲੇ ਪੱਧਰ ‘ਤੇ ਸੀ, ਜੋ ਹੁਣ ਤੇਜ਼ੀ ਨਾਲ ਹੇਠਾਂ ਆ ਰਹੀ ਹੈ। ‘ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼’ ਦੇ ਪ੍ਰਧਾਨ ਜੈਕ ਜੇਡਵਾਬ ਅਨੁਸਾਰ ਕੈਨੇਡਾ ਹੁਣ ਤੇਜ਼ੀ ਨਾਲ ਇਮੀਗ੍ਰੇਸ਼ਨ ਵਧਾਉਣ ਦੀ ਬਜਾਏ ਇਸ ਨੂੰ ਸੋਚ-ਸਮਝ ਕੇ ਘਟਾਉਣ ਵੱਲ ਵਧ ਰਿਹਾ ਹੈ। ਜਦੋਂ ਸਰਕਾਰ ਕਿਸੇ ਅਜਿਹੇ ਸਟ੍ਰੀਮ ਵਿਚ ਕਟੌਤੀ ਕਰਦੀ ਹੈ, ਜਿੱਥੇ ਇੱਕ ਦੇਸ਼ (ਜਿਵੇਂ ਕਿ ਭਾਰਤ) ਦੀ ਪ੍ਰਤੀਨਿਧਤਾ ਸਭ ਤੋਂ ਵੱਧ ਹੁੰਦੀ ਹੈ, ਤਾਂ ਉਸ ਦੇਸ਼ ‘ਤੇ ਇਸ ਦਾ ਸਭ ਤੋਂ ਵੱਡਾ ਅਸਰ ਪੈਂਦਾ ਹੈ।
ਆਈ.ਆਰ.ਸੀ.ਸੀ. ਨੇ ਸਪੱਸ਼ਟ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਨੂੰ ਸਥਿਰ ਪੱਧਰ ‘ਤੇ ਲਿਆਉਣ ਲਈ ਵਚਨਬੱਧ ਹੈ। ਸਰਕਾਰ ਦਾ ਟੀਚਾ 2027 ਤੋਂ ਬਾਅਦ ਨਵੇਂ ਪੱਕੇ ਨਿਵਾਸੀਆਂ ਦੀ ਗਿਣਤੀ ਨੂੰ ਦੇਸ਼ ਦੀ ਕੁੱਲ ਆਬਾਦੀ ਦੇ 1 ਫੀਸਦੀ ਤੋਂ ਘੱਟ ਤੱਕ ਸੀਮਤ ਕਰਨਾ ਹੈ। ਹੁਣ ਸਰਕਾਰ ਦਾ ਮੁੱਖ ਧਿਆਨ ਉਨ੍ਹਾਂ ਲੋਕਾਂ ਨੂੰ ਪੀ.ਆਰ. ਦੇਣ ਵੱਲ ਹੈ, ਜੋ ਪਹਿਲਾਂ ਹੀ ਕੈਨੇਡਾ ਵਿਚ ਰਹਿ ਰਹੇ ਹਨ, ਉੱਥੇ ਕੰਮ ਕਰ ਰਹੇ ਹਨ ਅਤੇ ਦੇਸ਼ ਦੀ ਆਰਥਿਕਤਾ ਵਿਚ ਯੋਗਦਾਨ ਪਾ ਰਹੇ ਹਨ।
ਆਈ.ਆਰ.ਸੀ.ਸੀ. ਦੇ ਅੰਕੜਿਆਂ ਅਨੁਸਾਰ, 2025 ਵਿਚ ਕੈਨੇਡਾ ਵਿਚ 393,530 ਨਵੇਂ ਸਥਾਈ ਪ੍ਰਵਾਸੀ ਆਏ, ਜਦੋਂ ਕਿ 2024 ਵਿਚ ਇਹ ਗਿਣਤੀ 483,655 ਸੀ, ਜੋ ਕਿ ਉਨ੍ਹਾਂ ਦੀ ਗਿਣਤੀ ਵਿਚ 19% ਦੀ ਕਮੀ ਹੈ। ਇਹ ਕਮੀ ਭਾਰਤ ਤੋਂ ਕੈਨੇਡਾ ਵਿਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਵਿਚ ਆਈ ਗਿਰਾਵਟ ਕਾਰਨ ਵੀ ਹੋਈ, ਜਿਸ ਕਾਰਨ ਉਨ੍ਹਾਂ ਦੀ ਗਿਣਤੀ 127,375 ਤੋਂ ਘੱਟ ਕੇ 98,770 ਹੋ ਗਈ। ਕੈਨੇਡਾ ਵਿਚ ਦਾਖਲ ਹੋਣ ਵਾਲੇ ਭਾਰਤੀ ਸਥਾਈ ਨਿਵਾਸੀਆਂ ਦੀ ਗਿਣਤੀ 2020 ਵਿਚ ਸਿਰਫ਼ 42,875 ਤੋਂ ਤੇਜ਼ੀ ਨਾਲ ਵਧ ਕੇ 2023 ਵਿਚ 139,790 ਦੇ ਸਿਖਰ ‘ਤੇ ਪਹੁੰਚ ਗਈ।
ਭਾਰਤੀ ਲੋਕਾਂ ਦੀ ਗੱਲ ਕੀਤੀ ਜਾਵੇ, ਤਾਂ 2025 ਦੇ ਪਹਿਲੇ 6 ਮਹੀਨੇ ਦੌਰਾਨ ਤਕਰੀਬਨ 62 ਹਜ਼ਾਰ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਪਰ ਮੌਜੂਦਾ ਵਰ੍ਹੇ ਦੌਰਾਨ ਅੰਕੜਾ ਘੱਟ ਕੇ 42 ਹਜ਼ਾਰ ਰਹਿ ਗਿਆ। ਬਾਕੀ ਮੁਲਕਾਂ ਦੇ ਮੁਕਾਬਲੇ ਪਰਮਾਨੈਂਟ ਰੈਜ਼ੀਡੈਂਟਸ ‘ਤੇ ਚੱਲੀ ਕੈਂਚੀ ਦਾ ਸਭ ਤੋਂ ਵੱਧ ਅਸਰ ਭਾਰਤੀ ਲੋਕਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਪੱਕੇ ਵੀਜ਼ੇ ਤੋਂ ਹੱਥ ਧੋਣ ਵਾਲਿਆਂ ਵਿਚੋਂ 48 ਫ਼ੀਸਦੀ ਭਾਰਤੀ ਬਣਦੇ ਹਨ। ਸਟੱਡੀ ਵੀਜ਼ਾ ਦੀ ਮਿਸਾਲ ਪੇਸ਼ ਕੀਤੀ ਜਾਵੇ, ਤਾਂ 2023 ਵਿਚ 2 ਲੱਖ 78 ਹਜ਼ਾਰ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਦਾ ਜਹਾਜ਼ ਚੜ੍ਹਨ ਦਾ ਮੌਕਾ ਮਿਲਿਆ ਪਰ 2025 ਵਿਚ ਅੰਕੜਾ 93,840 ਰਹਿ ਗਿਆ ਅਤੇ ਮੌਜੂਦਾ ਵਰ੍ਹੇ ਦੌਰਾਨ ਹਾਲਾਤ ਹੋਰ ਵੀ ਡਾਵਾਂਡੋਲ ਨਜ਼ਰ ਆ ਰਹੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button