
ਚੰਡੀਗੜ੍ਹ, 29 ਜੁਲਾਈ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਰਾਜ ਦਿਹਾਤੀ ਆਜੀਵੀਕਾ ਮਿਸ਼ਨ ਵਿਚ ਹੋਈ ਭਰਤੀ ਵਿਚ ਅਨਿਯਮਤਾਵਾਂ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਸਾਮ, ਦੰਡ, ਭੇਦ ਦੀ ਨੀਤੀ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਆਪ ਆਗੂਆਂ ਨੇ ਪੰਜਾਬ ਦਾ ਖਜਾਨਾ, ਪੰਜਾਬ ਵਿਚ ਸਥਾਨਕ ਸਰਕਾਰਾਂ ਚੋਣਾਂ ਅਤੇ ਇੱਥੋਂ ਦੇ ਮਾਇਨਿੰਗ ਨੂੰ ਲੁੱਟਣ ਤੋਂ ਬਾਅਦ ਹੁਣ ਨੌਕਰੀਆਂ ਦੀ ਵੀ ਲੁੱਟ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਇਕ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ ਕੱਟਰ ਇਮਾਨਦਾਰੀ ਦਾ ਚੋਗਾ ਪਾ ਕੇ ਵਿਚਰਨ ਵਾਲੀ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਰਾਜ ਦਿਹਾਤੀ ਆਜੀਵੀਕਾ ਮਿਸ਼ਨ ਵਿਚ ਇਸਤਿਹਾਰ ਨੰਬਰ 126 ਮਿਤੀ 28-01-2026 ਅਨੁਸਾਰ ਭਰਤੀ ਦੌਰਾਨ ਅਨਿਯਮਿਤਾਵਾਂ ਵੇਖਣ ਨੂੰ ਮਿਲੀਆਂ ਹਨ। ਭੇਦ ਤਾਂ ਖੁੱਲਿਆ ਜਦ ਇਕ ਪ੍ਰਾਰਥੀ ਮਾਨਯੋਗ ਹਾਈਕੋਰਟ ਵਿਚ ਪਹੁੰਚਿਆ। ਕੋਰਟ ਨੇ ਨਿਰਪੱਖ ਜਾਂਚ ਕਮੇਟੀ ਬਣਾਈ ਹੈ। ਕੀ ਸਰਕਾਰ ਦੱਸੇਗੀ, ਇਹ ਹੇਰ ਫੇਰ ਕਿਸੇ ਦੀ ਸਿਫਾਰਸ਼ ਨਾਲ ਹੋਇਆ, ਕੀ ਇਸ ਲਈ ਕਿਸੇ ਦੀ ਜਿੰਮੇਵਾਰੀ ਤੈਅ ਹੋਵੇਗੀ ਤੇ ਕੀ ਇਸ ਲਈ ਸਬੰਧਤ ਮੰਤਰੀ ਦਾ ਅਸਤੀਫਾ ਲਿਆ ਜਾਵੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਕੱਟਰ ਇਮਾਨਦਾਰੀ ਦਾ ਢੌਂਗ ਕਰਨ ਵਾਲੇ ਆਪ ਆਗੂ ਪੰਜਾਬ ਪਹੁੰਚਦਿਆਂ ਹੀ ਨੈਤਿਕਤਾ ਅਤੇ ਇਮਾਨਦਾਰੀ ਨੂੰ ਸਾਮ, ਦੰਡ, ਭੇਦ ਵਾਲੇ ਝੋਲੇ ਵਿਚ ਪਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਨਿੱਤ ਦਾਅਵੇ ਕਰ ਰਹੇ ਹਨ ਕਿ ਪੰਜਾਬ ਵਿਚ ਬਿਨ੍ਹਾਂ ਸਿਫਾਰਸ਼ ਤੇ ਬਿਨ੍ਹਾ ਕੈਸ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਇਸੇ ਸਰਕਾਰ ਵਿਚ ਨੌਕਰੀਆਂ ਵਿਚ ਫਰਜੀਵਾੜੇ ਦੇ ਭੇਦ ਖੁੱਲ ਰਹੇ ਹਨ। ਵੈਸੇ ਇਮਾਨਦਾਰੀ ਨਾਲ ਨੌਕਰੀਆਂ ਦੇਣ ਦੇ ਆਪ ਸਰਕਾਰ ਦੇ ਦਾਅਵੇ ਵਿਚ ਵੀ ਉਨ੍ਹੀ ਕੁ ਹੀ ਸੱਚਾਈ ਹੈ ਜਿੰਨ੍ਹਾਂ ਪੰਜਾਬ ਵਿਚ ਅੱਧੀ ਦਰਜਨ ਪੇਪਰ ਲੀਕ ਹੋਣ ਦੇ ਬਾਅਦ ਵੀ ਪੇਪਰ ਲੀਕ ਨਾ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਵਿਚ ਹੈ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਇਮਾਨਦਾਰੀ ਦੀ ਲੋਈ ਹੇਠ ਆਪ ਸਰਕਾਰ ਪੰਜਾਬ ਨੂੰ ਕੱਟੜ ਬੇਈਮਾਨੀ ਤੇ ਬੇਰਹਿਮੀ ਨਾਲ ਲੁੱਟ ਰਹੀ ਹੈ ਅਤੇ ਹੁਣ ਇਸ ਲੜੀ ਵਿਚ ਬੇਰੁਜਗਾਰ ਨੌਜਵਾਨਾਂ ਦੇ ਹੱਕ ਮਾਰਨ ਦੀ ਲੜੀ ਵੀ ਸ਼ੁਰੂ ਕਰ ਲਈ ਗਈ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਇਸ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਦੋਂ ਹੋਵੇਗੀ ਅਤੇ ਸਬੰਧਤ ਮਹਿਕਮੇ ਦਾ ਮੰਤਰੀ ਦਾ ਅਸਤੀਫਾ ਕਦੋਂ ਲਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




