ਕੈਨੇਡਾ ‘ਚ ਸਮਰਾਲਾ ਦੀ ਧੀ ਦਾ ਕਤਲ, ਲਿਵ-ਇਨ ਪਾਰਟਨਰ ‘ਤੇ ਸੈਕੰਡ ਡਿਗਰੀ ਮਰਡਰ ਦਾ ਕੇਸ

ਲੁਧਿਆਣਾ ਦੇ ਸਮਰਾਲਾ ਨੇੜਲੇ ਪਿੰਡ ਲੱਲ ਕਲਾ ਦੀ ਰਹਿਣ ਵਾਲੀ 23 ਸਾਲਾ ਦਮਨਪ੍ਰੀਤ ਕੌਰ ਦੀ ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਹੱਤਿਆ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਕੈਨੇਡੀਅਨ ਪੁਲਿਸ ਨੇ ਇਸ ਮਾਮਲੇ ਵਿੱਚ ਉਸ ਦੇ ਲਿਵ-ਇਨ ਪਾਰਟਨਰ ਰਿਤਿਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਸੈਕੰਡ ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਹੈ।
ਪੁਲਿਸ ਅਨੁਸਾਰ, 9 ਜੁਲਾਈ ਨੂੰ ਐਡਮੰਟਨ ਦੇ ਸਿਲਵਰਬੈਰੀ ਇਲਾਕੇ ਦੇ ਇੱਕ ਘਰ ਵਿੱਚ ਦਮਨਪ੍ਰੀਤ ਕੌਰ ਬੇਹੋਸ਼ ਹਾਲਤ ਵਿੱਚ ਮਿਲੀ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 12 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਦਮਨਪ੍ਰੀਤ ਦੀ ਮੌਤ ਗਲਾ ਘੁੱਟਣ ਕਾਰਨ ਹੋਈ। ਇਸ ਤੋਂ ਬਾਅਦ ਐਡਮੰਟਨ ਪੁਲਿਸ ਨੇ 22 ਸਾਲਾ ਰਿਤਿਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕੀਤਾ। ਪੁਲਿਸ ਨੇ ਇਸ ਘਟਨਾ ਨੂੰ ਇੰਟੀਮੇਟ ਪਾਰਟਨਰ ਹੋਮੀਸਾਈਡ (ਨਜ਼ਦੀਕੀ ਸਾਥੀ ਵੱਲੋਂ ਕਤਲ) ਵਜੋਂ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਦਮਨਪ੍ਰੀਤ ਕੌਰ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਦੌਰਾਨ ਉਸ ਦੀ ਰਿਤਿਸ਼ ਕੁਮਾਰ ਨਾਲ ਜਾਣ-ਪਛਾਣ ਹੋਈ ਅਤੇ ਬਾਅਦ ਵਿੱਚ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਏ।
ਦਮਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਹ ਘਰ ਦੀ ਇਕਲੌਤੀ ਧੀ ਸੀ ਅਤੇ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ। ਪਰਿਵਾਰ ਅਨੁਸਾਰ, ਦਮਨਪ੍ਰੀਤ ਅਗਸਤ ਮਹੀਨੇ ਵਿੱਚ ਭਾਰਤ ਵਾਪਸ ਆਉਣ ਵਾਲੀ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਦੁਖਦਾਈ ਘਟਨਾ ਵਾਪਰ ਗਈ।
ਪਰਿਵਾਰ ਨੇ ਇਹ ਵੀ ਦੱਸਿਆ ਕਿ ਦਮਨਪ੍ਰੀਤ ਦੀ ਮਾਤਾ ਦਾ ਦੇਹਾਂਤ ਉਸ ਦੇ ਬਚਪਨ ਵਿੱਚ ਹੀ ਹੋ ਗਿਆ ਸੀ ਅਤੇ ਉਸ ਦੇ ਪਿਤਾ ਸੁਖਜੀਤ ਸਿੰਘ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ। ਘਰ ਵਿੱਚ ਪਿਤਾ ਤੋਂ ਇਲਾਵਾ ਦਾਦਾ-ਦਾਦੀ ਹੀ ਹਨ।
ਐਡਮੰਟਨ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




