ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਮੁਹਿੰਮ ਚਲਾਉਣ ਦਾ ਐਲਾਨ

ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਦੇ ਡਰਾਈਵਰਾਂ ਨੂੰ ਹਟਾ ਕੇ ਨਵੀਂ ਯੋਜਨਾ ਤਹਿਤ ਸਾਬਕਾ ਫੌਜੀ ਸੈਨਿਕਾਂ ਨੂੰ ਕੀਤਾ ਜਾਵੇਗਾ ਨਿਯੁਕਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫਤੇ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਵਿਰੁੱਧ ਇੱਕ ਵੱਡੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਸੜਕਾਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਡਰਾਈਵਰਾਂ ਨੂੰ ਹਟਾਏਗਾ ਅਤੇ ਉਨ੍ਹਾਂ ਦੀ ਜਗ੍ਹਾ ਇੱਕ ਨਵੀਂ ਲਾਇਸੈਂਸਿੰਗ ਯੋਜਨਾ ਤਹਿਤ ਸਾਬਕਾ ਫੌਜੀ ਸੈਨਿਕਾਂ ਨੂੰ ਨਿਯੁਕਤ ਕਰੇਗਾ।
ਪੈਨਸਿਲਵੇਨੀਆ ਵਿਚ ਇੱਕ ਸੰਮੇਲਨ ਦੌਰਾਨ ਬੋਲਦਿਆਂ ਟਰੰਪ ਨੇ ਇਸ ਕਾਰਵਾਈ ਨੂੰ ਪੈਨਸਿਲਵੇਨੀਆ ਸਟੇਟ ਟ੍ਰੂਪਰ ਮਾਈਕਲ ਪਾਹੀਰਾ ਦੀ ਹਾਲ ਹੀ ਵਿਚ ਹੋਈ ਮੌਤ ਨਾਲ ਜੋੜਿਆ। ਉਨ੍ਹਾਂ ਦਾਅਵਾ ਕੀਤਾ ਕਿ ਟ੍ਰੂਪਰ ਦੀ ਮੌਤ ਇੱਕ ਅਜਿਹੇ ਗੈਰ-ਕਾਨੂੰਨੀ ਵਿਅਕਤੀ ਕਾਰਨ ਹੋਈ, ਜੋ ਵਪਾਰਕ ਲਾਇਸੈਂਸ ‘ਤੇ ਟਰੱਕ ਚਲਾ ਰਿਹਾ ਸੀ। ਟਰੰਪ ਨੇ ਇਲਜ਼ਾਮ ਲਾਇਆ ਕਿ ਕਈ ਗੈਰ-ਕਾਨੂੰਨੀ ਡਰਾਈਵਰ ਸੜਕੀ ਸੰਕੇਤਾਂ ਨੂੰ ਨਹੀਂ ਪੜ੍ਹ ਸਕਦੇ ਅਤੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਂਦੇ ਹਨ, ਜੋ ਜਨਤਕ ਸੁਰੱਖਿਆ ਲਈ ਖਤਰਾ ਹਨ।
ਰਾਸ਼ਟਰਪਤੀ ਟਰੰਪ ਨੇ ਪ੍ਰਸਤਾਵ ਦਿੱਤਾ ਕਿ ਜਿਨ੍ਹਾਂ ਅਮਰੀਕੀਆਂ ਨੇ ਫੌਜ ਵਿਚ ਭਾਰੀ ਟਰੱਕ ਚਲਾਏ ਹਨ, ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਵਪਾਰਕ ਡਰਾਈਵਿੰਗ ਲਾਇਸੈਂਸ (ਸੀ.ਡੀ.ਐੱਲ.) ਲਈ ਯੋਗ ਮੰਨਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਸਾਬਕਾ ਫੌਜੀਆਂ ਨੂੰ ਟਰੱਕ ਚਲਾਉਣਾ ਸਿਖਾਵਾਂਗੇ ਅਤੇ ਉਨ੍ਹਾਂ ਨੂੰ ਇਹ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਇਸ ਯੋਜਨਾ ਨੂੰ ਜਨਤਕ ਸੁਰੱਖਿਆ ਅਤੇ ਰੁਜ਼ਗਾਰ ਪੈਦਾ ਕਰਨ ਵਾਲੀ ਪਹਿਲ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਵਿਚ ਸਿੱਖ ਭਾਈਚਾਰੇ ਦਾ ਵੱਡਾ ਦਬਦਬਾ ਹੈ। ਹਾਲਾਂਕਿ ਕੁਝ ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਸਿੱਖ ਡਰਾਈਵਰਾਂ ਦੇ ਗੈਰ-ਕਾਨੂੰਨੀ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਹਨ, ਪਰ ਤੱਥ ਇਹ ਹਨ ਕਿ ਜ਼ਿਆਦਾਤਰ ਸਿੱਖ ਡਰਾਈਵਰ ਕਾਨੂੰਨੀ ਤੌਰ ‘ਤੇ ਅਮਰੀਕੀ ਨਾਗਰਿਕ, ਸਥਾਈ ਨਿਵਾਸੀ ਜਾਂ ਅਧਿਕਾਰਤ ਕਾਮੇ ਹਨ। ਕਿਸੇ ਵੀ ਰਾਜ ਵਿਚ ਵਪਾਰਕ ਲਾਇਸੈਂਸ ਲੈਣ ਲਈ ਸਖ਼ਤ ਟੈਸਟਾਂ ਵਿਚੋਂ ਗੁਜ਼ਰਨਾ ਪੈਂਦਾ ਹੈ ਅਤੇ ਕਈ ਮਾਮਲਿਆਂ ਵਿਚ ਰਾਜਨੀਤਿਕ ਸ਼ਰਨ ਮੰਗਣ ਵਾਲਿਆਂ ਨੂੰ ਵੀ ਅਸਥਾਈ ਕੰਮ ਦੇ ਪਰਮਿਟ ਦਿੱਤੇ ਜਾਂਦੇ ਹਨ।
ਮਾਹਿਰਾਂ ਅਨੁਸਾਰ ਇਹ ਕਾਰਵਾਈ ਅਮਰੀਕੀ ਟਰੱਕਿੰਗ ਉਦਯੋਗ ਲਈ ਚੁਣੌਤੀਆਂ ਪੈਦਾ ਕਰ ਸਕਦੀ ਹੈ, ਕਿਉਂਕਿ ਇਹ ਸੈਕਟਰ ਪਹਿਲਾਂ ਹੀ ਡਰਾਈਵਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਪ੍ਰਵਾਸੀ ਕਾਮਿਆਂ ‘ਤੇ ਬਹੁਤ ਨਿਰਭਰ ਹੈ। ਹਾਲਾਂਕਿ, ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਵਿਰੋਧੀਆਂ ਦੀ ਪਰਵਾਹ ਕੀਤੇ ਬਿਨਾਂ ਇਸ ਯੋਜਨਾ ‘ਤੇ ਅੱਗੇ ਵਧਣਗੇ। ਪ੍ਰਸ਼ਾਸਨ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਡਰਾਈਵਰਾਂ ਦੀ ਪਛਾਣ ਕਿਵੇਂ ਕਰੇਗਾ ਅਤੇ ਮੌਜੂਦਾ ਲਾਇਸੈਂਸਾਂ ਦੀ ਸਮੀਖਿਆ ਕਿਵੇਂ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




