PunjabTop News

ਪੰਜਾਬ ਸਰਕਾਰ ‘ਸਤਿਕਾਰ ਰਾਸ਼ੀ’ ਦੀ 3 ਮਹੀਨਿਆਂ ਦੀ ਰਕਮ ਇੱਕੋ ਕਿਸ਼ਤ ਵਿੱਚ ਜਾਰੀ ਕਰ ਰਹੀ ਹੈ: CM ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ ਇਤਿਹਾਸਕ ਦਿਨ ਦੀ ਇਬਾਰਤ ਲਿਖਣ ਲਈ ਤਿਆਰ ਹੈ ਕਿਉਂਕਿ ਆਮ ਆਦਮੀ ਪਾਰਟੀ  ਦੀ ਸਰਕਾਰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਆਗਾਜ਼ ਨਾਲ ਇੱਕ ਹੋਰ ਵੱਡੀ ਗਾਰੰਟੀ ਪੂਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਮੋਬਾਈਲ ਫੋਨਾਂ ‘ਤੇ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ, ਕਿਉਂਕਿ ਤਿੰਨ ਮਹੀਨਿਆਂ ਦੀ ‘ਸਤਿਕਾਰ ਰਾਸ਼ੀ’ ਇੱਕੋ ਕਿਸ਼ਤ ਵਜੋਂ ਹਰ ਔਰਤ ਦੇ ਬੈਂਕ ਖਾਤੇ ਵਿੱਚ 3,000 ਰੁਪਏ ਅਤੇ ਅਨੁਸੂਚਿਤ ਜਾਤੀ (ਐਸ.ਸੀ.) ਭਾਈਚਾਰੇ ਨਾਲ ਸਬੰਧਤ ਔਰਤਾਂ ਦੇ ਖਾਤਿਆਂ ਵਿੱਚ 4,500 ਰੁਪਏ ਜਮ੍ਹਾਂ ਕੀਤੇ ਜਾ ਰਹੇ ਹਨ।
ਬਰਨਾਲਾ ਦੇ ਮਹਿਲ ਕਲਾਂ ਹਲਕੇ ਵਿੱਚ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਔਰਤਾਂ ਦੇ ਮਾਣ-ਸਨਮਾਨ ਅਤੇ ਵਿੱਤੀ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਤੇਜ਼ ਵਿਕਾਸ ਤੋਂ ਬੁਖਲਾਏ ਵਿਰੋਧੀ ਸੂਬੇ ਦੀ ਤਰੱਕੀ ਵਿੱਚ ਰੋੜਾ ਅਟਕਾਉਣ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ।
*ਮਹਿਲ ਕਲਾਂ ਵਿਖੇ ਲੋਕ ਮਿਲਣੀ ਦੌਰਾਨ ਛੱਤਾਂ ‘ਤੇ ਜੁੜੇ ਇਕੱਠ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ੋਰਦਾਰ ਸਵਾਗਤ*
ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਦੇ ਮਹਿਲ ਕਲਾਂ ਹਲਕੇ ਵਿੱਚ ਲੋਕ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ, ਤਾਂ ਉਨ੍ਹਾਂ ਦੇ ਪੂਰੇ ਭਾਸ਼ਣ ਦੌਰਾਨ ਲੋਕਾਂ ਨੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਲੋਕਾਂ ਦਾ ਇਕੱਠ ਇੰਨਾ ਜ਼ਿਆਦਾ ਸੀ ਕਿ ਪੰਡਾਲ ਵਿੱਚ ਜਗ੍ਹਾ ਘਟ ਗਈ, ਜਿਸ ਕਾਰਨ ਸੈਂਕੜੇ ਸਮਰਥਕਾਂ ਨੂੰ ਨੇੜਲੇ ਘਰਾਂ ਅਤੇ ਇਮਾਰਤਾਂ ਦੀਆਂ ਛੱਤਾਂ ਤੋਂ ਰੈਲੀ ਦੇਖਣੀ ਪਈ। ਉਹ ਮੁੱਖ ਮੰਤਰੀ ਦੇ ਸਮਰਥਨ ਵਿੱਚ ਪੋਸਟਰ ਲਹਿਰਾਉਂਦੇ ਰਹੇ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਉਤਸ਼ਾਹ ਨਾਲ ਜਵਾਬ ਦਿੰਦੇ ਰਹੇ। ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਦੀ ਹਰ ਛੱਤ ’ਤੇ ਲੋਕਾਂ ਦਾ ਵੱਡਾ ਇਕੱਠ ਸੀ।
ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਇਤਿਹਾਸਕ ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਇਕ ਜੁਲਾਈ ਤੋਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਹਰ ਔਰਤ ਨੂੰ 1,000 ਰੁਪਏ ਪ੍ਰਤੀ ਮਹੀਨਾ ਮਿਲੇਗਾ, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਹ ਰਕਮ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਜੋ ਔਰਤਾਂ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਲੈ ਰਹੀਆਂ ਹਨ, ਉਹ ਵੀ ਇਸ ਦੀਆਂ ਯੋਗ ਹੋਣਗੀਆਂ। ਪੰਜਾਬ ਦੀਆਂ ਲਗਭਗ 97 ਫੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ, ਜਿਸ ਲਈ ਸੂਬਾ ਸਰਕਾਰ ਨੇ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button