
ਕਸ਼ਮੀਰੀ ਪੰਡਿਤ ਨਰਸ ਸਰਲਾ ਭੱਟ ਦੀ ਹੱਤਿਆ ਦੇ ਮਾਮਲੇ ਨੂੰ ਮੁੜ ਖੋਲ੍ਹਣ ਦੇ 10 ਮਹੀਨਿਆਂ ਬਾਅਦ ਸੂਬਾ ਜਾਂਚ ਏਜੰਸੀ (ਐਸ. ਏ. ਆਈ.) ਨੇ ਸੋਮਵਾਰ ਨੂੰ ਦੋਸ਼ ਪੱਤਰ ਦਾਇਰ ਕੀਤਾ। ਏਜੰਸੀ ਨੇ ਪਾਬੰਦੀਸ਼ੁਦਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ 5 ਕਾਰਕੁੰਨਾਂ ’ਤੇ ਹੱਤਿਆ ਦੇ ਦੋਸ਼ ਲਾਏ ਹਨ, ਜਿਨ੍ਹਾਂ ’ਚ ਜੇਲ੍ਹ ’ਚ ਬੰਦ ਅੱਤਵਾਦੀ ਸਮੂਹ ਦਾ ਮੁਖੀ ਯਾਸਿਨ ਮਲਿਕ ਵੀ ਸ਼ਾਮਿਲ ਹੈ। ਦੂਜੇ ਚਾਰ ਹੋਰ ਦੋਸ਼ੀਆਂ ’ਚੋਂ 3 ਪਹਿਲਾਂ ਹੀ ਮਾਰੇ ਜਾ ਚੁੱਕੇ ਹਨ, ਜਦੋਂ ਕਿ ਚੌਥਾ ਭਗੌੜਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ’ਚ ਹੈ। ਸਰਲਾ ਭੱਟ ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਕਾਜ਼ੀਗੁੰਡ ਤੋਂ 27 ਸਾਲਾਂ ਦੀ ਨਰਸ ਸੀ। ਉਹ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਖੇ ਕੰਮ ਕਰਦੀ ਸੀ ਅਤੇ ਉਸ ਦੀ ਜੇ. ਕੇ. ਐਲ. ਐਫ. ਦੇ ਅੱਤਵਾਦੀਆਂ ਵਲੋਂ ਅਗਵਾ ਕਰ ਕੇ ਹੱਤਿਆ ਕਰ ਦਿੱਤੀ ਗਈ ਸੀ। 18 ਅਪ੍ਰੈਲ 1990 ਨੂੰ ਸਰਲਾ ਭੱਟ ਨੂੰ ਸ਼ੱਕੀ ਅੱਤਵਾਦੀਆਂ ਨੇ ਉਸ ਦੇ ਹੋਸਟਲ ’ਚ ਜਬਰੀ ਦਾਖ਼ਲ ਹੋ ਕੇ ਬੰਦੂਕ ਦੇ ਜ਼ੋਰ ਨਾਲ ਅਗਵਾ ਕਰ ਲਿਆ ਸੀ। ਉਸ ਦੀ ਲਾਸ਼, ਜਿਸ ’ਤੇ ਕਈ ਗੋਲੀਆਂ ਦੇ ਨਿਸ਼ਾਨ ਸਨ, ਅਗਲੇ ਦਿਨ ਐਸ. ਕੇ. ਆਈ. ਐਮ. ਦੇ ਨੇੜਲੇ ਇਲਾਕੇ ਮਾਲਾਬਾਰ ਤੋਂ ਮਿਲੀ ਸੀ। ਉਸ ਦੀ ਲਾਸ਼ ਕੋਲੋਂ ਇਕ ਹੱਥ ਲਿਖਤ ਨੋਟ ਮਿਲਿਆ ਸੀ, ਜਿਸ ’ਤੇ ਸਰਲਾ ਦੇ ਪੁਲਿਸ ਦੀ ਮੁਖਬਰ ਹੋਣ ਦਾ ਦੋਸ਼ ਲਾਇਆ ਗਿਆ ਸੀ। ਜਦੋਂ 1990 ਦੇ ਸ਼ੁਰੂ ’ਚ ਜੰਮੂ-ਕਸ਼ਮੀਰ ’ਚ ਅੱਤਵਾਦ ਸ਼ੁਰੂ ਹੋਣ ਬਾਅਦ ਬਹੁਤੇ ਕਸ਼ਮੀਰੀ ਪੰਡਿਤ ਘਾਟੀ ਛੱਡ ਕੇ ਚਲੇ ਗਏ ਸਨ ਤਾਂ ਸਰਲਾ ਨੇ ਉਥੇ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਸ੍ਰੀਨਗਰ ਦੇ ਨਾਗੀਨ ਥਾਣੇ ’ਚ ਐਫ. ਆਈ. ਆਰ. ਨੰਬਰ 56, 1990 ਅਣਪਛਾਤੇ ਅੱਤਵਾਦੀਆਂ ਖ਼ਿਲਾਫ਼ ਦਰਜ ਕੀਤੀ ਸੀ। ਭਾਵੇਂ ਕਈ ਕਸ਼ਮੀਰੀ ਪੰਡਿਤਾਂ ਦੇ ਸੰਗਠਨਾਂ ਨੇ ਦਾਅਵਾ ਕੀਤਾ ਸੀ ਕਿ ਸਰਲਾ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ’ਤੇ ਤਸ਼ੱਦਦ ਕੀਤਾ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ ਪਰ ਪੁਲਿਸ ਰਿਪੋਰਟ ’ਚ ਸਿਰਫ ਹੱਤਿਆ ਦਾ ਜ਼ਿਕਰ ਕੀਤਾ ਗਿਆ। ਉਸ ਸਮੇਂ ਤੋਂ ਜਾਂਚ ਵਿਚ ਬਹੁਤ ਘੱਟ ਪ੍ਰਗਤੀ ਹੋਈ, ਜਦਕਿ 1990 ਦੇ ਸ਼ੁਰੂ ’ਚ ਪੁਲਿਸ ਵਲੋਂ ਦਰਜ ਕੀਤੀਆਂ ਗਈਆਂ ਕਈ ਐਫ. ਆਈ. ਆਰ. ਬਿਨਾਂ ਕਿਸੇ ਨਤੀਜੇ ’ਤੇ ਪੁੱਜੇ ਬੰਦ ਕਰ ਦਿੱਤੀਆਂ ਗਈਆਂ।
ਮੁੜ ਕਿਸ ਤਰ੍ਹਾਂ ਖੋਲ੍ਹਿਆ ਗਿਆ ਕੇਸ
ਕਸ਼ਮੀਰੀ ਪੰਡਿਤਾਂ ਦੇ ਇਕ ਸੰਗਠਨ ‘ਰੂਟਸ ਇਨ ਕਸ਼ਮੀਰ’ ਨੇ 2017 ’ਚ ਸੁਪਰੀਮ ਕੋਰਟ ’ਚ ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਕੇਸਾਂ ਨੂੰ ਮੁੜ ਖੋਲ੍ਹਣ ਅਤੇ ਜਾਂਚ ਕਸ਼ਮੀਰ ਤੋਂ ਬਾਹਰ ਕਿਸੇ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕਰਦਿਆਂ ਇਕ ਪਟੀਸ਼ਨ ਦਾਇਰ ਕੀਤੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ. ਐਸ. ਖੇਹਰ ਅਤੇ ਡੀ. ਵਾਈ. ਚੰਦਰਚੂੜ ਵਾਲੇ ਇਕ ਡਿਵੀਜ਼ਨ ਬੈਂਚ ਨੇ ਇਹ ਕਹਿੰਦਿਆਂ ਪਟੀਸ਼ਨ ਖ਼ਾਰਜ ਕਰ ਦਿੱਤੀ ਕਿ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਛੱਡਿਆ 27 ਸਾਲ ਬੀਤ ਚੁੱਕੇ ਹਨ ਅਤੇ ਸਬੂਤਾਂ ਦੇ ਮੌਜੂਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਦਸੰਬਰ 2022 ’ਚ ਰੂਟਸ ਇਨ ਕਸ਼ਮੀਰ ਵਲੋਂ ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ਦੇ ਮਾਮਲੇ ਦੀ ਜਾਂਚ ਦੀ ਮੰਗ ਵਾਲੀ ਕਿਊਰੇਟਿਵ ਪਟੀਸ਼ਨ ਵੀ ਸੁਪਰੀਮ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਪਰ 7 ਮਹੀਨਿਆਂ ਬਾਅਦ ਐਸ. ਆਈ. ਏ. ਨੇ ਕਸ਼ਮੀਰੀ ਪੰਡਿਤਾਂ ਦੀ ਹੱਤਿਆ ਨਾਲ ਸੰਬੰਧਿਤ ਪਹਿਲਾ ਕੇਸ ਮੁੜ ਖੋਲ੍ਹਿਆ। ਇਹ ਕੇਸ ਨਵੰਬਰ 1989 ’ਚ ਸ੍ਰੀਨਗਰ ’ਚ ਜੇ ਕੇ. ਐਲ. ਐਫ. ਦੇ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਿਤ ਜੱਜ ਨੀਲਕੰਠ ਗੰਜੂ ਦੀ ਕੀਤੀ ਹੱਤਿਆ ਨਾਲ ਸੰਬੰਧਿਤ ਸੀ। ਜੱਜ ਗੰਜੂ ਨੇ ਜੇ. ਕੇ. ਐਲ. ਐਫ. ਦੇ ਸੰਸਥਾਪਕ ਮੁਹੰਮਦ ਮਕਬੂਲ ਭੱਟ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਪਿਛਲੇ ਸਾਲ ਅਗਸਤ ’ਚ ਐਸ. ਆਈ. ਏ. ਨੇ ਭੱਟ ਦੀ ਹੱਤਿਆ ਦੀ ਜਾਂਚ ਮੁੜ ਸ਼ੁਰੂ ਕੀਤੀ ਅਤੇ ਏਜੰਸੀ ਵਲੋਂ ਮੁੜ ਖੋਲ੍ਹਿਆ ਗਿਆ ਇਹ ਦੂਜਾ ਕੇਸ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




