PunjabTop News

ਬਰਾਬਰ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਹੁਣ ਮਿਲੇਗਾ ਬਰਾਬਰ ਰੈਂਕ, ਉਮਰ ਦੇ ਆਧਾਰ ‘ਤੇ ਫੈਸਲੇ ਦੀ ਪ੍ਰਥਾ ਖ਼ਤਮ

 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੀ ਪੇਪਰ ਮੁਲਾਂਕਣ ਪ੍ਰਣਾਲੀ ਵਿਚ ਬਦਲਾਅ ਕਰਦਿਆਂ ਬੋਰਡ ਪ੍ਰੀਖਿਆਵਾਂ ਵਿਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਬਰਾਬਰ ਰੈਂਕ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਜਨਮ ਮਿਤੀ ਨੂੰ ਟਾਈ-ਬ੍ਰੇਕਰ ਵਜੋਂ ਵਰਤਣ ਦੀ ਲੰਬੇ ਸਮੇਂ ਤੋਂ ਪ੍ਰਚੱਲਿਤ ਰਿਵਾਇਤ ਖ਼ਤਮ ਹੋ ਜਾਵੇਗੀ। ਇਹ ਅਹਿਮ ਫੈਸਲਾ ਅੱਜ ਪੀ.ਐਸ.ਈ.ਬੀ. ਦੀ ਬੋਰਡ ਮੀਟਿੰਗ ਦੌਰਾਨ ਲਿਆ ਗਿਆ ਹੈ।

ਬੈਂਸ ਨੇ ਕਿਹਾ ਕਿ ਵਿਦਿਆਰਥੀ ਕੇਂਦਰਿਤ ਸਿੱਖਿਆ ਵੱਲ ਇਹ ਇੱਕ ਇਤਿਹਾਸਕ ਕਦਮ ਹੈ। ਟਾਪਰ ਵਿਦਿਆਰਥੀ ਦੇ ਬਰਾਬਰ ਅੰਕਾਂ ਵਾਲੇ ਵਿਦਿਆਰਥੀ ਨੂੰ ਉਮਰ ਦੇ ਆਧਾਰ ‘ਤੇ ਘੱਟ ਰੈਂਕ ਨਹੀਂ ਦਿੱਤਾ ਜਾ ਸਕਦਾ। ਬੈਂਸ ਨੇ ਕਿਹਾ ਕਿ ਰੈਂਕਿੰਗ ਵਿਚ ਕੀਤੇ ਸੁਧਾਰਾਂ ਤੋਂ ਇਲਾਵਾ, ਸਿੱਖਿਆ ਬੋਰਡ ਨੇ ਪ੍ਰਸ਼ਨ ਪੱਤਰ ਡਿਜ਼ਾਈਨ ਵਿਚ ਵੀ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸਦਾ ਉਦੇਸ਼ ਨਕਲ ਨੂੰ ਰੋਕਣਾ ਅਤੇ ਰੱਟਾ ਲਗਾਉਣ ਦੀ ਆਦਤ ਨੂੰ ਖ਼ਤਮ ਕਰਨਾ ਹੈ।ਬੈਂਸ ਨੇ ਕਿਹਾ, “ਅਸੀਂ ਵਿਸ਼ਾ ਮਾਹਿਰਾਂ ਵੱਲੋਂ ਨਿਰਧਾਰਤ ਕੰਪੀਟੈਂਸੀ-ਅਧਾਰਤ ਪ੍ਰਸ਼ਨ ਪੱਤਰਾਂ ਨੂੰ ਅਪਣਾ ਰਹੇ ਹਾਂ। ਵਿਦਿਆਰਥੀ ਦੀ ਸਮਝ, ਵਿਸ਼ਲੇਸ਼ਣਾਤਮਕ ਯੋਗਤਾ ਅਤੇ ਤਰਕ ਦੀ ਜਾਂਚ ਕਰਨ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ, ਨਾ ਕਿ ਇਸ ‘ਤੇ ਕਿ ਉਹ ਕਿੰਨੀ ਚੰਗੀ ਤਰ੍ਹਾਂ ਰੱਟਾ ਲਗਾ ਸਕਦੇ ਹਨ। ਬਿਹਤਰ ਪ੍ਰਸ਼ਨ ਪੱਤਰਾਂ ਦਾ ਉਦੇਸ਼ ਨਕਲ ਦੀ ਗੁੰਜਾਇਸ਼ ਨੂੰ ਖ਼ਤਮ ਕਰਨਾ ਹੈ। ਜਦੋਂ ਪ੍ਰਸ਼ਨ ਰੱਟੇ ਦੀ ਬਜਾਇ ਸੋਚਣ ਦੀ ਸਮਰੱਥਾ ਨੂੰ ਪਰਖਦੇ ਹਨ ਤਾਂ ਪੇਪਰ ਲੀਕ ਅਤੇ ਨਕਲ ਦੀ ਗੁੰਜਾਇਸ਼ ਨਹੀਂ ਰਹਿੰਦੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਸਾਡਾ ਭਵਿੱਖ ਹਨ। ਸਾਡੇ ਵੱਲੋਂ ਲਏ ਗਏ ਹਰ ਫੈਸਲੇ ਨਾਲ ਉਨ੍ਹਾਂ ਨੂੰ ਨਿਰਪੱਖਤਾ, ਆਤਮ-ਵਿਸ਼ਵਾਸ ਅਤੇ ਵਿਸ਼ਵ ਪੱਧਰੀ ਮਿਆਰ ਮਿਲਣੇ ਚਾਹੀਦੇ ਹਨ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਨੀਤੀਆਂ ਵਿਚ ਤਰਜੀਹ ਦਿੱਤੀ ਗਈ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਤੋਂ ਪ੍ਰਾਪਤ ਸਾਰੇ ਉਸਾਰੂ ਸੁਝਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਅਗਲੀ ਬੋਰਡ ਪ੍ਰੀਖਿਆ ਤੋਂ ਪਹਿਲਾਂ ਸਾਂਝੀ ਰੈਂਕਿੰਗ ਪ੍ਰਣਾਲੀ ਅਤੇ ਨਵੇਂ ਪ੍ਰਸ਼ਨ ਪੱਤਰ ਪੈਟਰਨਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button