
ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕੰਟੇਨਰ ਟਰੱਕ ਵਿੱਚੋਂ 7 ਕੁਇੰਟਲ ਅਫ਼ੀਮ ਡੋਡਾ (ਚੂਰਾ ਪੋਸਤ) ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਨਾਮੀ ਅੰਤਰ-ਰਾਜੀ ਨਸ਼ਾ ਤਸਕਰ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸਦੇ ਦੋ ਸਾਥੀ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।ਐਸਆਈ ਸ਼ਰੀਫ਼ ਖ਼ਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਓਸਵਾਲ ਟਾਊਨਸ਼ਿਪ ਅਤੇ ਪਾਲ ਸੂਏ ਦੇ ਕੋਲ ਰੂਟੀਨ ਗਸ਼ਤ ‘ਤੇ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਾਹਰਲੇ ਰਾਜਾਂ ਤੋਂ ਇੱਕ ਵੱਡੇ ਕੰਟੇਨਰ ਟਰੱਕ ਰਾਹੀਂ ਭਾਰੀ ਮਾਤਰਾ ਵਿੱਚ ਨਸ਼ਾ ਲਿਆਂਦਾ ਜਾ ਰਿਹਾ ਹੈ ਅਤੇ ਤਸਕਰ ਬਠਿੰਡਾ ਰੋਡ ਰਾਹੀਂ ਬਰਨਾਲਾ ਵੱਲ ਆ ਰਹੇ ਹਨ।ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਬਠਿੰਡਾ ਰੋਡ ‘ਤੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਜਦੋਂ ਬਠਿੰਡਾ ਵੱਲੋਂ ਆ ਰਹੇ ਇੱਕ ਟਾਟਾ ਕੰਟੇਨਰ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਦੇ ਹੋਸ਼ ਉੱਡ ਗਏ। ਟਰੱਕ ਦੇ ਅੰਦਰੋਂ ਪਲਾਸਟਿਕ ਦੇ 35 ਕੱਟੇ (ਬੋਰੇ) ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਹਰੇਕ ਵਿੱਚ 20-20 ਕਿਲੋਗ੍ਰਾਮ ਚੂਰਾ ਪੋਸਤ ਭਰਿਆ ਹੋਇਆ ਸੀ। ਪੁਲਿਸ ਨੇ ਨਸ਼ੀਲੇ ਪਦਾਰਥ ਅਤੇ ਟਰੱਕ ਨੂੰ ਜ਼ਬਤ ਕਰਕੇ ਮੁੱਖ ਮੁਲਜ਼ਮ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਪੇਸ਼ੇਵਰ ਅਪਰਾਧੀ ਹੈ ਮੁੱਖ ਮੁਲਜ਼ਮ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਤਾਜ ਮੁਹੰਮਦ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਸ਼ਾਹਪੁਰ (ਲੁਧਿਆਣਾ) ਦਾ ਰਹਿਣ ਵਾਲਾ ਹੈ ਅਤੇ ਹੁਣ ਮਲੇਰਕੋਟਲਾ ਵਿੱਚ ਰਹਿ ਰਿਹਾ ਸੀ। ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਤਾਜ ਮੁਹੰਮਦ ਇੱਕ ਪੇਸ਼ੇਵਰ ਅਪਰਾਧੀ ਹੈ। ਸਾਲ 2009 ਵਿੱਚ ਥਾਣਾ ਪਾਇਲ (ਖੰਨਾ) ਵਿਖੇ ਉਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਸਾਲ 2014 ਵਿੱਚ ਅਦਾਲਤ ਨੇ ਉਸ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ ਅਤੇ ਜੀਂਦ ਵਿੱਚ ਵੀ ਉਸ ਦੇ ਖ਼ਿਲਾਫ਼ ਧੋਖਾਧੜੀ ਅਤੇ ਲੜਾਈ-ਝਗੜੇ ਦੇ ਮਾਮਲੇ ਦਰਜ ਹਨ। ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਉਂਦੇ ਹੀ ਉਹ ਦੁਬਾਰਾ ਇਸ ਕਾਲੇ ਧੰਦੇ ਵਿੱਚ ਸਰਗਰਮ ਹੋ ਗਿਆ ਸੀ।
ਫ਼ਰਾਰ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ
ਪੁਲਿਸ ਨੇ ਇਸ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀ ਪਛਾਣ ਭਵਨ ਸਿੰਘ (ਵਾਸੀ ਚੀਮਾ ਸ਼ੇਰਗੜ੍ਹ, ਮਲੇਰਕੋਟਲਾ) ਅਤੇ ਲਾਲਾ ਸਿੰਘ (ਵਾਸੀ ਬਰਨਾਲਾ) ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਫਿਲਹਾਲ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




