
ਪੰਜਾਬ ਸਰਕਾਰ ਪਾਵਰਕੌਮ ਦੇ ਡਾਇਰੈਕਟਰ (ਜੈਨਰੇਸ਼ਨ) ਦੀ ਨਿਯੁਕਤੀ ਨੂੰ ਅੰਤਿਮ ਛੋਹਾਂ ਦੇਣ ਲੱਗੀ ਹੈ। ਬੁੱਧਵਾਰ ਨੂੰ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਇਸ ਅਸਾਮੀ ਲਈ ਨਾਵਾਂ ’ਤੇ ਵਿਚਾਰ ਕਰੇਗੀ। ਪਾਵਰਕੌਮ ਦਾ ਇਹ ਅਹੁਦਾ 4 ਨਵੰਬਰ 2025 ਤੋਂ ਖ਼ਾਲੀ ਪਿਆ ਹੈ। ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਤਤਕਾਲੀ ਡਾਇਰੈਕਟਰ ਹਰਜੀਤ ਸਿੰਘ ਜੋ ਕਿ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ, ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਮੁੱਖ ਸਕੱਤਰ ਦੀ ਅਗਵਾਈ ਹੇਠਲੀ ਕਮੇਟੀ ਹੁਣ ਇਸ ਅਸਾਮੀ ਲਈ ਨਾਵਾਂ ਦੀ ਸਿਫ਼ਾਰਸ਼ ਕਰੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਅੰਤਿਮ ਫ਼ੈਸਲਾ ਲੈਣਗੇ। ਪੰਜਾਬ ਸਰਕਾਰ ਲਈ ਇਹ ਨਿਯੁਕਤੀ ਅਹਿਮ ਹੈ, ਕਿਉਂਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵਿੱਚ ਹੋਰ ਵਾਧਾ ਹੋਵੇਗਾ ਅਤੇ ਜਿਸ ਦੀ ਪੂਰਤੀ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਇਰੈਕਟਰ (ਜੈਨਰੇਸ਼ਨ) ਦੀ ਅਸਾਮੀ ਲਈ 25 ਉਮੀਦਵਾਰ ਮੈਦਾਨ ’ਚ ਹਨ ਜਿਨ੍ਹਾਂ ਦੇ ਨਾਵਾਂ ’ਤੇ ਕਮੇਟੀ ਨੇ ਵਿਚਾਰ ਕਰਨਾ ਹੈ।
ਇਸ ਕਮੇਟੀ ਵਿੱਚ ਮੁੱਖ ਸਕੱਤਰ ਕੇ ਏ ਪੀ ਸਿਨਹਾ ਤੋਂ ਇਲਾਵਾ ਬਿਜਲੀ ਵਿਭਾਗ ਦੇ ਸਕੱਤਰ ਬਸੰਤ ਗਰਗ ਅਤੇ ਪਾਵਰ ਫਾਇਨਾਂਸ ਕਾਰਪੋਰੇਸ਼ਨ ਦੀ ਚੇਅਰਪਰਸਨ ਵੀ ਸ਼ਾਮਲ ਹੈ। ਚੇਤੇ ਰਹੇ ਕਿ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਮਾਰਚ ਮਹੀਨੇ ਵਿੱਚ ਡਾਇਰੈਕਟਰ ਦੇ ਅਹੁਦੇ ਲਈ ਯੋਗਤਾਵਾਂ ’ਚ ਤਬਦੀਲੀ ਕੀਤੀ ਸੀ। ਹੁਣ ਜਿਨ੍ਹਾਂ ਉਮੀਦਵਾਰਾਂ ਨੇ ਬਿਨੈ ਕੀਤਾ ਹੈ ਉਨ੍ਹਾਂ ’ਚੋਂ ਅੱਠ ਇੰਜਨੀਅਰਾਂ ਕੋਲ ਬਿਜਲੀ ਪੈਦਾਵਾਰ ਦਾ ਕੋਈ ਤਜਰਬਾ ਨਹੀਂ ਹੈ। ਬਿਨੈ ਕਰਨ ਵਾਲੇ 17 ਇੰਜਨੀਅਰ ਉਹ ਵੀ ਹਨ ਜਿਨ੍ਹਾਂ ਕੋਲ ਸਬੰਧਤ ਖੇਤਰ ਦਾ ਚੰਗਾ ਤਜਰਬਾ ਹੈ। ਇਸ ਅਸਾਮੀ ਲਈ 30 ਮਾਰਚ 2026 ਨੂੰ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਕੈਬਨਿਟ ਨੇ ਡਾਇਰੈਕਟਰ (ਜੈਨਰੇਸ਼ਨ) ਲਈ ਯੋਗਤਾਵਾਂ ਤੇ ਸ਼ਰਤਾਂ ਵਿੱਚ ਤਬਦੀਲੀ ਕਰ ਦਿੱਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




