PunjabPunjabTop News

ਗੁਰਿੰਦਰ ਸਿੰਘ ਮਥਰੇਵਾਲ ਨੇ ਸੰਭਾਲੀ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ 85 ਦੇ ਸਕੱਤਰ ਵਜੋਂ ਜ਼ਿੰਮੇਵਾਰੀ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਗੁਰਿੰਦਰ ਸਿੰਘ ਮਥਰੇਵਾਲ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਥਰੇਵਾਲ ਨੇ ਅੱਜ ਬਤੌਰ ਸਕੱਤਰ (ਸੈਕਸ਼ਨ 85) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਪਣੀ ਨਿਯੁਕਤੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਦਾ ਨਤੀਜਾ ਦੱਸਿਆ।ਆਪਣੇ ਸੰਬੋਧਨ ਵਿੱਚ ਮਥਰੇਵਾਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੈਕਸ਼ਨ 85 ਵਿੱਚ ਬਤੌਰ ਮੀਤ ਸਕੱਤਰ ਤੇ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ‘ਤੇ ਭਰੋਸਾ ਜਤਾਉਂਦਿਆਂ ਹੁਣ ਉਨ੍ਹਾਂ ਨੂੰ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਉਨ੍ਹਾਂ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਉਹ ਇਸ ਜ਼ਿੰਮੇਵਾਰੀ ਨੂੰ ਬਿਨਾਂ ਕਿਸੇ ਕਮੀ ਦੇ ਨਿਭਾ ਸਕਣ।
ਸੈਕਸ਼ਨ 85 ਦੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਨਵ-ਨਿਯੁਕਤ ਸਕੱਤਰ ਨੇ ਕਿਹਾ ਕਿ ਹਾਲਾਂਕਿ ਸਾਰੇ ਕਾਰਜ ਪਹਿਲਾਂ ਹੀ ਬਹੁਤ ਵਧੀਆ ਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੇ ਹਨ ਪਰ ਜਦੋਂ ਵੀ ਪ੍ਰਬੰਧ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਸੰਗਤਾਂ ਅਤੇ ਉੱਚ ਅਧਿਕਾਰੀਆਂ ਦੀਆਂ ਉਮੀਦਾਂ ਵਧ ਜਾਂਦੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੋਰ ਵਧੇਰੇ ਸੁਚੱਜੇ, ਪਾਰਦਰਸ਼ੀ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਚਲਾਉਣ ਲਈ ਵਚਨਬੱਧ ਰਹਿਣਗੇ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਥਕ ਅਤੇ ਸੰਸਥਾ ਦੇ ਕਾਰਜ ਬਹੁਤ ਵੱਡੇ ਹੁੰਦੇ ਹਨ ਅਤੇ ਇਹ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਪੂਰੇ ਨਹੀਂ ਹੋ ਸਕਦੇ। ਉਹ ਇਕ ਨਿਮਾਣੇ ਸੇਵਕ ਵਜੋਂ ਦਿਨ-ਰਾਤ ਮਿਹਨਤ ਕਰਕੇ ਪ੍ਰਧਾਨ ਜੀ ਵੱਲੋਂ ਜਤਾਏ ਗਏ ਭਰੋਸੇ ”ਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button