
ਜਨਵਰੀ ਮਹੀਨੇ ਪਿੰਡ ਖਿੱਲਣ ਵਿੱਚ ਹੋਏ ਸਾਬਕਾ ਮਹਿਲਾ ਸਰਪੰਚ ਦੇ ਕਤਲ ਮਾਮਲੇ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਪੀੜਤ ਪਰਿਵਾਰ ਅਤੇ ਕਾਂਗਰਸ ਆਗੂਆਂ ਵੱਲੋਂ ਮਾਨਸਾ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਮ੍ਰਿਤਕ ਮਹਿਲਾ ਸਰਪੰਚ ਦੇ ਪਤੀ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਪੈਸੇ ਲੈ ਕੇ ਕੁਝ ਨਾਮਜ਼ਦ ਵਿਅਕਤੀਆਂ ਨੂੰ ਕੇਸ ਵਿੱਚੋਂ ਬਾਹਰ ਕਰ ਦਿੱਤਾ ਹੈ ਅਤੇ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਸਰਕਾਰ ਕੋਲੋਂ ਨਿਆਂ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇਇਸ ਮਾਮਲੇ ‘ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਮਾਨਸਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸਿਰਫ਼ ਇਸ ਕੇਸ ਵਿੱਚ ਹੀ ਨਹੀਂ, ਸਗੋਂ ਕਈ ਹੋਰ ਮਾਮਲਿਆਂ ਵਿੱਚ ਵੀ ਪੁਲਿਸ ਵੱਲੋਂ ਪੈਸੇ ਲੈ ਕੇ ਨਾਮਜ਼ਦ ਲੋਕਾਂ ਨੂੰ ਬਚਾਇਆ ਜਾਂਦਾ ਹੈ। ਉਨ੍ਹਾਂ ਨੇ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇ ਜਾਂਚ ਹੋਵੇ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ।
ਜਾਣਕਾਰੀ ਮੁਤਾਬਕ, ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਪਿਤਾ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਬਾਕੀ ਤਿੰਨ ਲੋਕਾਂ ਨੂੰ ਜਾਂਚ ਦੌਰਾਨ ਬਾਹਰ ਕਰ ਦਿੱਤਾ ਗਿਆ, ਜਿਸ ‘ਤੇ ਹੀ ਵਿਵਾਦ ਖੜਾ ਹੋਇਆ ਹੈ।
ਉਧਰ, ਮਾਨਸਾ ਦੇ ਡੀਐਸਪੀ ਬੂਟਾ ਸਿੰਘ ਨੇ ਕਿਹਾ ਕਿ ਪੁਲਿਸ ਨੇ ਤੱਥਾਂ ਦੇ ਆਧਾਰ ‘ਤੇ ਹੀ ਕਾਰਵਾਈ ਕੀਤੀ ਹੈ ਅਤੇ ਜਿਨ੍ਹਾਂ ਵਿਅਕਤੀਆਂ ਦਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਉਨ੍ਹਾਂ ਨੂੰ ਜਾਂਚ ਵਿੱਚ ਬਾਹਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




