ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਤੇ ਆਰ ਐਸ ਐਸ ਵੱਲੋਂ ਸਿੰਘ ਸਾਹਿਬਾਨ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਾਉਣ ਸਮੇਂ ਅਕਾਲੀ ਦਲ ਨੂੰ ਆਗੂ ਵਿਹੂਣਾ ਕੀਤਾ ਜਾਵੇ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਇਕ ਲੰਬੀ ਪੋਸਟ ਵਿਚ ਇਹ ਦੋਸ਼ ਲਗਾਏ ਹਨ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਕਿ “ਕਦੇ ਨਹੀਂ ਸੀ ਇਹ ਸੋਚਿਆ ਕਿ ਸਿੱਖ ਵਿਰੋਧੀ ਸ਼ਕਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਹਰ ਵਕਤ ਮਨਸੂਬੇ ਘੜਣ ਵਾਲਿਆਂ ਦੀ ਸੋਚ ਤੇ ਸਾਜਿਸ਼ਾਂ ਦੀ ਪਹੁੰਚ ਸਾਡੀਆਂ ਸਤਿਕਾਰਤ ਤੇ ਕੌਮ ਨੂੰ ਅਗਵਾਈ ਦੇਣ ਵਾਲੀਆਂ ਸੰਸਥਾਵਾਂ ਤੱਕ ਵੀ ਪਹੁੰਚਣ ਦੀਆਂ ਕਨਸੋਆਂ ਮੇਰੇ ਵਰਗੇ ਤੇ ਕਈ ਹੋਰਾਂ ਲਈ ਚਰਚਾ ਤੇ ਚਿੰਤਾ ਦਾ ਵਿਸ਼ਾ ਬਣ ਜਾਣਗੀਆਂ।
ਵਾਹਿਗੁਰੂ ਕਰੇ ਕਿ ਮੇਰੀ ਇਹ ਸ਼ੰਕਾ ਨਿਰਮੂਲ ਹੋਵੇ ਸਾਡੀਆਂ ਇਹ ਸੰਸਥਾਵਾਂ ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹਨ। *ਪਿਛਲੇ ਦਿਨੀ ਮੈਂ ਆਪਣੇ ਵਲਵਲਿਆਂ ਨੂੰ ਸਾਂਝੇ ਕਰਦਿਆਂ ਹੋਇਆਂ ਇੱਕ ਫੇਸਬੁੱਕ ਪੋਸਟ ਪਾਈ ਸੀ ਕਿ, “ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਦ ਸਜ਼ਾ ਲਾਉਣ ਵਿੱਚ ਐਨੀ ਦੇਰੀ ਕਿਉਂ ਹੋ ਰਹੀ ਹੈ ?” ਮੇਰੇ ਵੱਲੋਂ ਫੇਸਬੁੱਕ ਪੋਸਟ ਪਾਏ ਜਾਣ ਤੋਂ ਬਾਦ ਜੋ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਮੇਰੇ ਤੱਕ ਪਹੁੰਚੀਆਂ ਹਨ ਉਹ ਪ੍ਰੇਸ਼ਾਨ ਕਰਨ ਵਾਲੀਆਂ ਹਨ।
*ਮੇਰੀ ਪਹਿਲੀ ਫੇਸਬੁੱਕ ਪੋਸਟ ਤੋਂ ਬਾਦ ਸਾਡੀ ਕੌਮ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਦੇ ਕਈ ਨਜ਼ਦੀਕੀਆਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੀ ਹਮਦਰਦ ਹਨ ਨੇ ਵੱਖ ਵੱਖ ਤੌਰ ‘ਤੇ ਮੇਰੇ ਤੱਕ ਪਹੁੰਚ ਕਰਕੇ ਬੜੀ ਗੰਭੀਰ ਤੇ ਚਿੰਤਾ ਵਾਲੀ ਜਾਣਕਾਰੀ ਦਿੱਤੀ ਕਿ,
“ਜਥੇਦਾਰ ਸਾਹਿਬਾਨ ਉੱਤੇ ਅੰਦਰਖਾਤੇ ਬਹੁਤ ਦਬਾਅ ਪਾਇਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਦੰਡ ਦੀ ਸਜਾ ਸੁਣਾਉਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਗੂਹੀਣ ਵੀ ਕਰਨਾ ਹੈ।
*ਏਨਾਂ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਦਬਾਅ ਪਾਉਣ ਵਾਲਿਆਂ ਵਿੱਚ ਕੇਂਦਰੀ ਹਕੂਮਤ,BJP ਤੇ RSS ਦੇ ਨਾਲ ਨਾਲ ਦੇਸ਼ ਵਿਦੇਸ਼ ‘ਚ ਬੈਠੇ ਸਿੱਖੀ ਸਰੂਪ ਵਾਲੇ ਉਹ ਲੋਕ ਵੀ ਹਨ ਸ਼ਾਮਲ ਹਨ ਜੋ ਹਮੇਸ਼ਾਂ ਹੀ ਅਕਾਲੀ ਦਲ ਦੇ ਵਿਰੋਧੀ ਰਹੇ ਹਨ।
*ਜਦੋਂ ਮੈਂ ਪਿਛੋਕੜ ਦੇ ਇਤਿਹਾਸ ਤੇ ਅੱਜ ਦੇ ਬਣੇ ਹੋਏ ਹਾਲਾਤਾਂ ਬਾਰੇ ਕਨਸੋਆਂ ਸੁਣਦਾ ਹਾਂ ਤਾਂ ਬਹੁਤ ਚਿੰਤਾ ਹੁੰਦੀ ਹੈ।
ਇਤਿਹਾਸ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾਂ ਦਿੱਲੀ ਤਖ਼ਤ ਨਾਲ ਹਿੱਕ ਡਾਹਕੇ ਟਕਰਾਉਂਦਾ ਰਿਹਾ ਹੈ।ਪਰ ਜੋ ਤਾਜ਼ਾ ਮਿਲ ਰਹੀਆਂ ਜਾਣਕਾਰੀਆਂ ਤੇ ਕਨਸੋਆਂ ਅੰਦਰੋਂ ਬਾਹਰ ਆ ਰਹੀਆਂ ਹਨ ਉਹ ਸਾਡੀਆਂ ਸਤਿਕਾਰਤ ਸਖਸ਼ੀਅਤਾਂ ਵੱਲੋਂ ਦਿੱਲੀ ਤਖਤ ਦੇ ਝਲਕਾਰੇ ਦਾ ਪ੍ਰਭਾਵ ਕਬੂਲਣ ਵਾਲੀਆਂ ਹੀ ਬਾਹਰ ਆ ਰਹੀਆਂ ਹਨ ਜੋ ਅੱਤ ਚਿੰਤਾ ਦਾ ਵਿਸ਼ਾ ਹੈ।
*ਮੈਂ ਇਹ ਸੱਚਾਈ ਸੰਗਤ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਹਾਂ ਕਿ ਆਮ ਸੰਗਤ ਵੀ ਸੱਚ ਤੋਂ ਜਾਣੂੰ ਹੋ ਸਕੇ। “ਇੱਕ ਪਾਸੇ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਕਰਕੇ ਲੋਕਾਂ ਵਿੱਚ ਆਮ ਹੀ ਪ੍ਰਭਾਵ ਬਣਾ ਦਿੱਤਾ ਗਿਆ ਹੈ ਕਿ, “ਜਥੇਦਾਰ ਸਾਹਿਬਾਨ ਤਾਂ ਚੱਲਦੇ ਹੀ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਤਾਬਕ ਹਨ।” ਜਦਕਿ ਸੱਚ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ/ਤਨਖਾਹ ਸੁਣਾਏ ਜਾਣ ਦਾ ਫੈਸਲਾ ਹੋਰ ਨਾਂ ਲਮਕਾਇਆ ਜਾਵੇ ਬਾਬਤ ਸਾਨੂੰ ਵਾਰ ਵਾਰ ਜਥੇਦਾਰ ਸਾਹਿਬਾਨ ਨੂੰ ਫਰਿਆਦਾਂ ਕਰਨੀਆਂ ਪੈ ਰਹੀਆਂ ਹਨ।
*ਜਥੇਦਾਰ ਸਾਹਿਬਾਨ ਨੂੰ ਸਨਿਮਰ ਬੇਨਤੀ ਹੈ ਕਿ ਉਹ ਸਾਰੇ ਨਿਰਪੱਖ ਹੋਕੇ ਸੱਚੇ ਤਖਤ ਦੀ ਮਰਯਾਦਾ ਅਨੁਸਾਰ ਜੋ ਵੀ ਸਖਤ ਤੋਂ ਸਖ਼ਤ ਧਾਰਮਿਕ ਦੰਡ/ਸਜਾ/ਤਨਖਾਹ ਬਣਦੀ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਤੋ ਜਲਦੀ ਸੁਣਾਈ ਜਾਵੇ ਤਾਂ ਕਿ ਉੱਡ ਰਹੀਆਂ ਚਰਚਾਵਾਂ ‘ਤੇ ਰੋਕ ਲੱਗ ਸਕੇ। (ਇਸ ਪੋਸਟ ਵਿੱਚ ਇੱਕ ਇੱਕ ਸ਼ਬਦ ਮੇਰਾ ਆਪਣਾ ਹੈ।ਮੈਂ ਹਮੇਸ਼ਾਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਸ਼ਬਦਾਂ ਦੀ ਵਰਤੋਂ ਮਰਯਾਦਾ ਵਿੱਚ ਰਹਿਕੇ ਕਰਾਂ ਪਰ ਫਿਰ ਵੀ ਮੇਰੇ ਕਿਸੇ ਸ਼ਬਦ ਕਰਕੇ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਉਸ ਲਈ ਮੈਂ ਮਾਫੀ ਮੰਗਦਾ ਹਾਂ।
ਜਥੇਦਾਰ ਸਾਹਿਬਾਨ ਸਾਡੇ ਸਾਰਿਆਂ ਲਈ ਸਤਿਕਾਰਤ ਹਨ।ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬਾਨ ਸਿੱਖੀ ਸਿਧਾਂਤ ‘ਤੇ ਨਿਰਭੈ ਹੋਕੇ ਪਹਿਰਾ ਦੇਣ ਤੇ ਕੌਮ ਦੀ ਯੋਗ ਅਗਵਾਈ ਕਰਨ ਤਾਂ ਕਿ ਸਿੱਖ ਕੌਮ ਘੁੰਮਣਘੇਰੀਆਂ ‘ਚੋਂ ਬਾਹਰ ਆ ਸਕੇ)
ਦਾਸ :-ਵਿਰਸਾ ਸਿੰਘ ਵਲਟੋਹਾ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.