ਮਹਿਲਾ ਦਿਵਸ: ਸਾਹਿਤ ਦੇ ਵਿਹਡ਼ੇ ‘ਮਹਿਲਾ ਸਸ਼ਕਤੀਕਰਨ’ ਦੀ ਮਿਸਾਲ ਬਣੀ ‘ਤ੍ਰਿਵੈਣੀ’
ਔਰਤ ਜੀਵਨ ਨੂੰ ਸਮਰਪਿਤ ਸਾਹਿਤਕ ਸੇਵਾਵਾਂ ਨੇ ਬਣਾਈ ਸੂਬਾਈ ਪਛਾਣ
ਅਵਤਾਰ ਸਿੰਘ ਭੰਵਰਾ
ਚੰਡੀਗੜ੍ਹ: ਸਾਹਿਤ ਦੇ ਵੇਹੜੇ ‘ਮਹਿਲਾ ਸਸ਼ਕਤੀਕਰਨ’ ਦਾ ਮਿਸ਼ਨ ਲੈ ਕੇ ਤੁਰੀ ਕਸਬਾ ਔੜ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੀ ‘ਤ੍ਰਿਵੈਣੀ’ ਨੇ ਸੂਬਾ ਪੱਧਰ ’ਤੇ ਮਿਸਾਲ ਕਾਇਮ ਕੀਤੀ ਹੈ। ਇਸ ’ਚ ਨਾਮਵਰ ਸ਼ਾਇਰਾ ਰਜਨੀ ਸ਼ਰਮਾ, ਅਮਰ ਜਿੰਦ ਤੇ ਨੀਰੂ ਜੱਸਲ ਸ਼ਾਮਲ ਹਨ। ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦੇ ਬੈਨਰ ਹੇਠ ਇਹ ਕ੍ਰਮਵਾਰ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਦੇ ਅਹੁਦੇ ਵਜੋਂ ਕਾਰਜਸ਼ੀਲ ਹਨ। ‘ਸੂਬੇ ’ਚ ਇਹ ਇਕਲੌਤੀ ਸੰਸਥਾ ਹੈ ਜਿਸ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਉਹਨਾਂ ਵਲੋਂ ਆਪਣਾ ਪਲੇਠਾ ਯਤਨ ‘ਧੀਆਂ ਦੀ ਲੋਹੜੀ’ ਵਜੋਂ ਪਿੰਡ ਪੱਦੀ ਮੱਟਵਾਲੀ ਤੋਂ ਧੀਆਂ ਨੂੰ ਵੀ ਬਰਾਬਰ ਮਾਣ ਦੇਣ ਦੇ ਹੋਕੇ ਨਾਲ ਕੀਤਾ ਗਿਆ। ਇਵੇਂ ਪਿੰਡ ਕਰੀਹਾ ਵਿਖੇ ਵਿਦਿਆਰਥਣਾਂ ਦੀ ਮਹਿਲਾ ਵਰਗ ਨਾਲ ਸਬੰਧਤ ਆਮ ਗਿਆਨ ਦੇ ਅਧਾਰਿਤ ‘ਲਿਖਤੀ ਪ੍ਰਤੀਯੋਗਤਾ’ ਕਰਵਾਈ ਗਈ।
ਉਕਤ ਸੰਸਥਾ ਵਲੋਂ ਅੱਜ ‘ਮਹਿਲਾ ਦਿਵਸ’ ਮੌਕੇ ਵੀ ਵੱਖ ਵੱਖ ਖੇਤਰਾਂ ਨਾਲ ਸਬੰਧਤ ਮਹਿਲਾਵਾਂ ਨੂੰ ਪਿੰਡ ਖਟਕਡ਼ ਕਲਾਂ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਰਜਨੀ ਸ਼ਰਮਾ ਨੇ ਦੱਸਿਆ ਕਿ ‘ਮਹਿਲਾ ਸਸ਼ਕਤੀਕਰਨ’ ਨੂੰ ਸਮਰਪਿਤ ਸਮਾਗਮਾਂ ਦੀ ਆਰੰਭੀ ਲੜੀ ਤਹਿਤ ਵਿੱਦਿਅਕ ਅਦਾਰਿਆਂ ਅਤੇ ਪਿੰਡਾਂ/ਸ਼ਹਿਰਾਂ ਵਿੱਚ ਕਵਿਤਾ, ਭਾਸ਼ਣ, ਗੀਤ ਆਦਿ ਦੇ ਮੁਕਾਬਲੇ ਵੀ ਹੋਣਗੇ। ਇਸੇ ਤਰ੍ਹਾਂ ‘ਤੀਆਂ’ ਦੇ ਮੌਕੇ ਮਹਿਲਾ ਵਰਗ ਦੇ ਜਨ ਜੀਵਨ ਨਾਲ ਸਬੰਧਤ ਵਸਤੂਆਂ ਦੀ ਪ੍ਰਦਰਸ਼ਨੀ, ‘ਸਾਹਿਤ ਖੇਤਰ ਵਿੱਚ ਮਹਿਲਾਵਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ, ਨਾਮਵਰ ਮਹਿਲਾ ਸ਼ਾਇਰਾਂ ਦਾ ਕਵਿੱਤਰੀ ਦਰਬਾਰ, ਮਹਿਲਾ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਕੁਰੀਤੀਆਂ ਖਿਲਾਫ਼ ‘ਜਾਗ਼੍ਰਤੀ ਮਾਰਚ’ ਵੀ ਸ਼ਾਮਲ ਰਹੇਗਾ। ਸੰਸਥਾ ਦੇ ਸਲਾਨਾ ਸਮਾਗਮ ਵਿੱਚ ਇਸ ਵਰ੍ਹੇ ਦੇ ਪੰਜ ‘ਨਵਜੋਤ ਪੁਰਸਕਾਰ’ ਵੀ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਹਸਤਾਖ਼ਰਾਂ ਨੂੰ ਹੀ ਪ੍ਰਦਾਨ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਇਹਨਾਂ ਮਹਿਲਾ ਅਹੁਦੇਦਾਰਾਂ ’ਚੋਂ ਰਜਨੀ ਸ਼ਰਮਾ ਦੀ ਪੁਸਤਕ ‘ਕਤਰਾ ਵੀ ਇੱਕ ਸਮੁੰਦਰ’, ਅਮਰ ਜਿੰਦ ਦੀ ‘ਹਰਫ਼ਾਂ ਦੇ ਰੰਗ’ ਅਤੇ ਨੀਰੂ ਜੱਸਲ ਦੀ ‘ਟਾਇਟਲ ਤੁਸੀਂ ਆਪ ਰੱਖ ਲੈਣਾ’ ਵੀ ਚਰਚਾ ’ਚ ਹਨ। ਇਹਨਾਂ ਮਹਿਲਾ ਅਹੁਦੇਦਾਰਾਂ ਦੇ ਨਾਲ ਹਰਬੰਸ ਕੌਰ, ਰਣਜੀਤ ਕੌਰ, ਇੰਦਰਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ, ਰੀਨਾ ਰਾਣੀ ਦੀ ਪੰਜ ਮੈਂਬਰੀ ਮਹਿਲਾ ਕਾਰਜਕਾਰਨੀ ਵੀ ਪੂਰਾ ਸਹਿਯੋਗ ਕਰ ਰਹੀ ਹੈ। ਇਹ ਵੀ ਜਿਕਰਯੋਗ ਹੈ ਕਿ ਸੰਸਥਾ ਦੇ ਸਾਰੇ ਸਮਾਗਮਾਂ ਦੌਰਾਨ ਸਨਮਾਨ ਤੇ ਹੋਰ ਰਸਮਾਂ ਵੀ ਮਹਿਮਾਨ ਵਜੋਂ ਸ਼ਾਮਲ ਮਹਿਲਾਵਾਂ ਵਲੋਂ ਹੀ ਨਿਭਾਈਆਂ ਜਾਂਦੀਆਂ ਹਨ। ਇਸਤਰੀ ਜਾਗ੍ਰਤੀ ਮੰਚ ਪੰਜਾਬ ਦੇ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ, ਥਾਣਾ ਔਡ਼ ਦੇ ਮੁੱਖੀ ਨਰੇਸ਼ ਕੁਮਾਰੀ, ਅਦਬੀ ਮਹਿਕ ਦੇ ਮੁੱਖ ਸੰਪਾਦਿਕਾ ਕਮਲਾ ਸੱਲ੍ਹਣ, ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਆਦਿ ਨੇ ਉਕਤ ਮਹਿਲਾਵਾਂ ਦੇ ਸਾਹਿਤਕ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.