D5 specialOpinion

ਪੁੱਤ ਜਿਨ੍ਹਾਂ ਦੇ ਚੜ੍ਹਦੀ ਉਮਰੇ, ਹੋ ਜਾਵਣ ਅੱਖੀਓਂ ਓਹਲੇ ਵੇ……!

ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਹੈ,ਕਿ ਮਰਨਾ ਸੱਚ ਤੇ ਜਿਉਣਾ ਝੂਠ! ਭਾਵੇਂ ਸੌ ਫੀ ਸਦੀ ਸੱਚ ਹੈ।ਪਰ ਮਰਨ 2 ਦੇ ਵਿੱਚ ਵੀ ਤਾਂ ਬੜਾ ਫਰਕ ਹੁੰਦਾ ਹੈ।ਕਿਉਂਕਿ,ਦੁਨੀਆਦਾਰੀ ਦੇ ਹਿਸਾਬ ਨਾਲ ਤਾਂ,ਸਮੇਂ ਦੇ ਅਨੁਸਾਰ ਹੀ ਹਰ ਚੀਜ ਚੰਗੀ ਲੱਗਦੀ ਹੈ।ਵੈਸੇ ਵੀ,ਜੋ ਚੀਜ,ਪਸ਼ੂ ਪੰਛੀ,ਮਨੁੱਖ,ਬਨਸਪਤੀ,ਇਸ ਸੰਸਾਰ ਚ ਪੈਦਾ ਹੁੰਦੀ ਹੈ।ਉਸਨੇ ਇੱਕ ਨਾ ਇੱਕ ਦਿਨ ਨਾਸ਼ ਹੋ ਹੀ ਜਾਣਾ ਹੈ।ਕਿਉਂਕਿ,ਸੰਸਾਰ ਦੀ ਹਰ ਚੀਜ,ਨਾਸ਼ਵਾਨ ਹੈ।ਇਸੇ ਲਈ,ਤਾਂ ਗੁਰਬਾਣੀ ਚ ਫਰਮਾਇਆ ਗਿਆ ਹੈ,ਕਿ,

ਜੋ ਉਪਜਿਓ ਸੋ ਬਿਨਸਿ ਹੈ,ਪਰੋ ਆਜ ਕਿ ਕਾਲ!

ਭਾਵ ਕਿ ਜੋ ਵੀ ਚੀਜ,ਪੈਦਾ ਹੁੰਦੀ ਹੈ,ਉਸਦੀ ਇੱਕ ਨਾ ਇੱਕ ਦਿਨ ਮੌਤ ਹੋ ਹੀ ਜਾਣੀ ਹੈ। ਪਰ ਵੇਖਣ ਵਾਲੀ ਗੱਲ ਤਾਂ ਇਹ ਹੈ,ਕਿ ਜਿਸ ਤਰ੍ਹਾਂ ਕੋਈ ਬਾਗ ਦਾ ਮਾਲੀ,ਆਪਣੇ ਹੱਥੀਂ ਬੂਟਾ ਲਾ ਕੇ,ਉਹਨੂੰ ਸਿੰਜਦਾ ਅਤੇ ਵੱਡਾ ਹੋਣ ਤੱਕ ਉਹਦੀ ਰਾਖੀ ਵੀ ਕਰਦਾ ਹੈ,ਤਾਂ ਕਿ ਉਹ ਵੱਡਾ ਦਰੱਖਤ ਬਣ ਕੇ ਉਸਨੂੰ ਛਾਂ ਅਤੇ ਫਲ ਦੇਵੇਗਾ।ਪਰ ਅਗਰ ਕੋਈ, ਕਿਸੇ ਮਾਲੀ ਦੇ ਬੂਟੇ ਨੂੰ,ਬੇਵਜ੍ਹਾ ਹੀ ਸਮੇਂ ਤੋਂ ਪਹਿਲਾਂ ਹੀ ਪੁੱਟ ਦੇਵੇ ਅਤੇ ਬਰਬਾਦ ਕਰ ਦੇਵੇ,ਤਾਂ ਫਿਰ ਉਸ ਮਾਲੀ ਦਾ ਦਿਲ ਹੀ ਜਾਣਦਾ ਹੈ,ਕਿ ਉਸਦੇ ਦਿਲ ਤੇ ਕੀ ਬੀਤਦੀ ਹੈ।ਕਿਉਂਕਿ,ਉਸ ਮਾਲੀ ਨੇ ਤਾਂ ਉਸ ਬੂਟੇ ਨੂੰ ਬੜੇ ਚਾਵਾਂ ਤੇ ਆਸਾਂ ਨਾਲ ਪਾਲਿਆ ਹੁੰਦਾ ਹੈ।

ਮਾਲੀ ਦੀ ਤਾਂ,ਉਸ ਬੂਟੇ ਵਿੱਚ ਹੀ ਜਾਨ ਵੱਸਦੀ ਹੁੰਦੀ ਹੈ। ਸੰਸਾਰ ਦਾ ਇਹ ਅਸੂਲ ਹੈ,ਕਿ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੁਦਰਤ ਦੀ ਕਰੋਪੀ ਪੈ ਜਾਵੇ,ਤਾਂ ਮਨੁੱਖ ਕਿਵੇਂ ਨਾ ਕਿਵੇਂ,ਪ੍ਰਮਾਤਮਾ ਦੀ ਮਰਜੀ ਜਾਂ ਕੁਦਰਤ ਦਾ ਕਹਿਰ ਕਹਿ ਕੇ ਮਨ ਸਮਝਾਅ ਵੀ ਲੈਂਦਾ ਹੈ।ਪਰ ਜਦੋਂ, ਕਿਸੇ ਮਾਲੀ ਦੇ ਚਮਨ ਨੂੰ ਕੋਈ ਬੇਗਾਨਾ,ਜੜੋਂ ਹੀ ਤਹਿਸ਼ ਨਹਿਸ਼ ਕਰ ਦੇਵੇ,ਤਾਂ ਅਜਿਹਾ ਘਾਟਾ ਤੇ ਦੁੱਖ ਸਹਿਣਾ,ਉਸ ਬਾਗ ਦੇ ਮਾਲੀ ਦੇ ਲਈ ਬੜਾ ਔਖਾ ਹੁੰਦਾ ਹੈ।ਪਰ ਜਦੋਂ ਭਾਣਾ ਹੀ ਵਰਤ ਗਿਆ ਹੋਵੇ,ਫੇਰ ਪ੍ਰਮਾਤਮਾ ਅਤੇ ਸ਼ਰੀਕਾਂ ਅੱਗੇ,ਜੋਰ ਵੀ ਕੀ ਚੱਲਦਾ ਹੈ।

ਕਿਉਂਕਿ,ਉੱਜੜਿਆਂ ਤੋਂ ਪਿੱਛੋਂ,ਲੱਖ ਯਤਨ ਕਰਨ ਦੇ ਬਾਵਜੂਦ ਵੀ ਬਾਗ ਕਦੇ ਹਰੇ ਨਹੀਂ ਹੋਏ।ਸਗੋਂ,ਮਾਲੀ ਜਰੂਰ ਕੁਮਲਾਅ ਜਾਂਦੇ ਹਨ। ਅਜਿਹਾ ਹੀ ਭਾਣਾ, ਪੰਜਾਬ ਦੀ ਗੁਰੂਆਂ,ਪੀਰਾਂ ਦੀ ਧਰਤੀ ਤੇ ਪਿਛਲੇ ਦਿਨੀਂ ਵਾਪਰਿਆ ਹੈ,ਜਿਸਨੇ ਇਕੱਲੇ ਪੰਜਾਬ ਨੂੰ ਹੀ ਨਹੀਂ,ਸਗੋਂ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਇਹ ਉਹ ਅਚਨਚੇਤੀ ਵਾਪਰਿਆ ਭਾਣਾ ਹੈ,ਜਦੋਂ ਪੰਜਾਬ ਦੇ ਮਾਨਸਾ ਜਿਲੇ ਦੇ ਪਿੰਡ,ਮੂਸੇਵਾਲਾ ਦੇ ਜੰਮਪਲ ਅਤੇ ਹੋਣਹਾਰ ਗੱਭਰੂ,ਮਾਪਿਆਂ ਦੇ ਇਕਲੌਤੇ ਪੁੱਤਰ,ਸ਼ੁਭਦੀਪ ਸਿੰਘ ਸਿੱਧੂ, ਉਰਫ ਸਿੱਧੂ ਮੂਸੇਵਾਲਾ ਨੂੰ,ਕੁੱਝ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸਦਾ ਦੀ ਨੀਂਦ ਸੁਲਾ ਦਿੱਤਾ ਅਤੇ ਉਸ ਦੁਨੀਆਂ ਚ ਪਹੁੰਚਾਅ ਦਿੱਤਾ,ਜਿੱਥੇ ਗਿਆ ਕੋਈ ਮਨੁੱਖ,ਕਦੇ ਮੁੜਕੇ ਦੁਬਾਰਾ ਵਾਪਸ ਨਹੀਂ ਆਇਆ।

ਸਿਰਫ ਉਹਦੇ ਆਪਣਿਆਂ ਨੂੰ ਉਹਦੀਆਂ ਯਾਦਾਂ ਹੀ ਆਉਂਦੀਆਂ ਹਨ ਅਤੇ ਦਿਨ ਰਾਤ ਮਾਪਿਆਂ ਦੀਆਂ ਅੱਖੀਆਂ ਚੋਂ ਪੁੱਤਰ ਦੇ ਵਿਯੋਗ ਚ ਹੰਝੂ ਹੀ ਵਗਦੇ ਹਨ। ਸ਼ੁਭਦੀਪ ਸਿੰਘ ਸਿੱਧੂ, ਉਰਫ ਸਿੱਧੂ ਮੂਸੇਵਾਲਾ,ਨੇ ਆਪਣੀ ਪੜਾਈ ਦੇ ਦੌਰਾਨ ਹੀ ਆਪਣੇ ਗੀਤ ਸੰਗੀਤ ਦੀ ਸ਼ੁਰੂਆਤ ਸਿਰਫ ਪੰਜ ਕੁ ਸਾਲ ਪਹਿਲਾਂ ਹੀ ਕੀਤੀ ਸੀ।ਫੇਰ ਵੀ ਪਤਾ ਨਹੀਂ,ਆਪਣੀ 27-28 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਅਤੇ ਐਨੀ ਛੇਤੀ ਐਨੀਆਂ ਬੁਲੰਦੀਆਂ ਨੂੰ ਕਿਵੇਂ ਸਰ ਕਰ ਗਿਆ।ਭਾਵੇਂ ਗੀਤ ਸੰਗੀਤ ਦਾ ਖੇਤਰ ਹੋਵੇ ਜਾਂ ਫਿਰ ਰਾਜਨੀਤੀ ਦਾ ਖੇਤਰ ਹੋਵੇ,ਸਿੱਧੂ ਮੂਸੇਵਾਲਾ ਨੇ ਸੰਸਾਰ ਪੱਧਰ ਤੇ ਆਪਣਾ ਨਾਮਣਾ ਖੱਟਿਆ।

ਜਿਵੇਂ ਮੌਤ ਵੀ ਉਹਨੂੰ,ਆਪਣੇ ਛੇਤੀ 2 ਕੰਮ ਨਿਬੇੜ ਕੇ,ਆਪਣੇ ਕੋਲ ਬੁਲਾਉਣ ਲਈ ਕਾਹਲੀ ਪਈ ਹੋਈ ਸੀ ਜਾਂ ਫਿਰ ਪ੍ਰਮਾਤਮਾ ਨੂੰ ਵੀ,ਇਸ ਦੁਨੀਆਂ ਦੇ ਲੋਕਾਂ ਦੇ ਵਾਂਗ ਹੀ,ਉਹਦੀ ਬਹੁਤ ਜਿਆਦਾ ਲੋੜ ਮਹਿਸੂਸ ਹੋ ਰਹੀ ਸੀ। ਭਾਵੇਂ,ਮੌਤ ਤਾਂ ਹਰ ਕਿਸੇ ਨੂੰ ਵਕਤ ਤੇ ਆਉਣੀ ਹੀ ਆਉਣੀ ਹੈ।ਪਰ ਸਮੇਂ ਤੋਂ ਪਹਿਲਾਂ ਅਤੇ ਐਨੀ ਦਰਿੰਦਗੀ ਨਾਲ,ਕਿਸੇ ਹੋਣਹਾਰ ਹੀਰੇ ਨੂੰ ਮਾਰ ਦੇਣਾ ਵੀ ਕੋਈ ਅਕਲਮੰਦੀ ਨਹੀਂ ਹੁੰਦੀ।ਕਿਉਂਕਿ,ਉਸਦੀ ਭਰ ਜਵਾਨੀ ਚ,ਉਹਦੇ ਮਾਪਿਆਂ ਨੇ ਉਹਦੇ ਚਾਅ ਲਾਡ ਵੀ ਅਜੇ ਪੂਰੇ ਨਹੀਂ ਸੀ ਕੀਤੇ।

ਦੁਨੀਆਂ ਭਰ ਸ਼ੋਹਰਤ ਖੱਟਣ ਵਾਲਾ,ਸਿੱਧੂ ਮੂਸੇਵਾਲਾ,ਆਪਣੇ ਪਿੰਡ ਦੀਆਂ ਜੜ੍ਹਾਂ ਅਤੇ ਆਪਣੀ ਮਿੱਟੀ ਦੇ ਨਾਲ ਜੁੜਿਆ ਹੋਇਆ ਸੀ।ਆਪਣੀ ਜਿੰਦਗੀ ਨੂੰ ਖੁਸ਼ਗਵਾਰ ਬਨਾਉਣ ਲਈ,ਆਪਣੇ ਰਹਿਣ ਲਈ ਆਲੀਸ਼ਾਨ ਹਵੇਲੀ ਬਣਾਈ ਸੀ।ਅਜੇ ਮਹੀਨੇ ਕੁ ਤੱਕ,ਉਸਨੇ ਵਿਆਹ ਰਚਾਉਣਾ ਸੀ।ਜਿੱਥੇ ਉਹਦੇ ਪਿਤਾ,ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਚਾਅ ਲਾਡ ਪੂਰੇ ਕਰਨੇ ਸਨ ਅਤੇ ਆਪਣੀ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪੀਣਾ ਸੀ।ਪਰ ਅਫਸੋਸ!

ਮਾਪਿਆਂ ਅਤੇ ਉਹਦੀ ਮੰਗੇਤਰ ਦੀਆਂ ਸਾਰੀਆਂ ਹੀ ਸੱਧਰਾਂ,ਧਰੀਆਂ ਧਰਾਈਆਂ ਹੀ ਰਹਿ ਗਈਆਂ।ਪਰ ਉਮਰਾਂ ਦਾ ਰੋਣਾ ਪੱਲ੍ਹੇ ਜਰੂਰ ਪਾ ਗਈਆਂ।ਜਿਹੜੀਆਂ ਪਤਾ ਨਹੀਂ, ਕਿਹੜੇ ਜਨਮ ਚ ਪੂਰੀਆਂ ਹੋਣਗੀਆਂ। ਸ਼ੁਭਦੀਪ ਸਿੰਘ ਸਿੱਧੂ, ਉਰਫ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਦਾ ਕਿਸੇ ਨੂੰ ਕੋਈ ਫਾਇਦਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ,ਪਰ ਉਹਦੀ ਬੇਵਕਤੀ ਮੌਤ ਦੇ ਨਾਲ,ਉਹਦੇ ਮਾਪਿਆਂ,ਸਨੇਹੀਆਂ,ਚਾਹੁਣ ਵਾਲਿਆਂ ਅਤੇ ਸੰਗੀਤ ਜਗਤ ਦੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸਮੇਂ ਦੀਆਂ ਸਰਕਾਰਾਂ ਨੂੰ,ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਸਮੇਂ ਸਿਰ ਰੋਕਣ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ,ਤਾਂ ਕਿ ਅੱਗੇ ਨੂੰ ਵੀ ਮਾਪਿਆਂ ਦੇ ਹੋਰ ਵੀ ਇਕਲੌਤੇ ਅਤੇ ਲਾਡਲੇ ਪੁੱਤ,ਅਜਿਹੀ ਘਿਨੌਣੀ ਖੇਡ ਦਾ ਸ਼ਿਕਾਰ ਨਾ ਹੋ ਜਾਣ ਅਤੇ ਮਾਪਿਆਂ ਨੂੰ ਸਾਰੀ ਉਮਰ ਤੜਫਣ ਲਈ ਮਜਬੂਰ ਨਾ ਹੋਣਾ ਪਵੇ। ਭਾਵੇਂ ਅਜਿਹੇ ਵਕਤ ਤੇ ਕੋਈ ਜਿੰਨਾ ਮਰਜੀ ਦਿਲਾਸੇ ਦੇਈ ਜਾਵੇ ਅਤੇ ਪ੍ਰਮਾਤਮਾ ਦਾ ਭਾਣਾ ਮੰਨਣ ਨੂੰ ਆਖੀ ਜਾਵੇ।ਪਰ ਇਸ ਦੁੱਖ ਨੂੰ ਤਾਂ ਉਹ ਮਾਪੇ ਹੀ ਜਾਣਦੇ ਹਨ ਅਤੇ ਉਹ ਹੀ ਮਹਿਸੂਸ ਕਰ ਸਕਦੇ ਹਨ,ਜਿੰਨ੍ਹਾਂ ਦੇ ਇਕਲੌਤੇ ਪੁੱਤਰ,ਚੜ੍ਹਦੀ ਉਮਰੇ ਹੀ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਨੂੰ ਇਕੱਲਿਆਂ ਨੂੰ ਹੀ ਛੱਡ ਕੇ ਚਲੇ ਗਏ।

ਜਿੰਨ੍ਹਾਂ ਨੇ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ ਬਣਨਾ ਸੀ।ਸੱਚਮੁੱਚ ਹੀ,ਮਾਪਿਆਂ ਲਈ ਇਹ ਦੁੱਖ ਅਕਹਿ ਅਤੇ ਅਸਹਿ ਹੁੰਦਾ ਹੈ। ਸਿਆਣੇ ਕਹਿੰਦੇ ਹਨ,ਕਿ ਜਦੋਂ ਕਿਸੇ ਬਾਪ ਨੂੰ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪਵੇ, ਤਾਂ ਦੁਨੀਆਂ ਚ ਇਸ ਤੋਂ ਵੱਡਾ ਦੁੱਖ,ਮਾਪਿਆਂ ਲਈ ਕੋਈ ਹੋਰ ਨਹੀਂ ਹੁੰਦਾ। ਇਸੇ ਲਈ,ਜਦੋਂ ਸਿੱਧੂ ਮੂਸੇਵਾਲਾ ਦੀ ਮਾਂ ਨੇ ਜਾਂਦੀ ਵਾਰ ਆਪਣੇ ਪੁੱਤਰ ਦੇ ਵਾਲ੍ਹਾਂ ਦਾ ਜੂੜਾ ਕੀਤਾ ਅਤੇ ਪਿਉ ਨੇ ਸਿਰ ਤੇ ਨਾਭੀ ਪੱਗ ਅਤੇ ਸੇਹਰੇ ਬੰਨ੍ਹ ਕੇ,ਆਪਣੇ ਪੁੱਤਰ ਨੂੰ,ਅੰਤਿਮ ਵਿਦਾਇਗੀ ਦਿੱਤੀ,ਤਾਂ ਵੇਖਣ ਵਾਲਿਆਂ ਦੀ ਅੱਖ ਨਮ ਹੋਣੋਂ ਨਾ ਰਹਿ ਸਕੀ।ਇਸੇ ਦਰਦ ਨੂੰ ਬਿਆਨ ਕਰਦੀਆਂ ਦੋ ਲਾਇਨਾਂ ਕਿਸੇ ਸ਼ਾਇਰ ਨੇ ਬਿਆਨ ਕੀਤੀਆਂ ਹਨ,ਕਿ,

*ਪੁੱਤ ਜਿਨ੍ਹਾਂ ਦੇ ਚੜ੍ਹਦੀ ਉਮਰੇ,
ਹੋ ਜਾਵਣ ਅੱਖੀਓਂ ਉਹਲੇ ਵੇ।
ਰਾਤੀਂ ਉੱਠ 2 ਮਾਪੇ ਵਿਲਕਣ,
ਵੱਢ 2 ਖਾਵਣ ਕੰਧਾਂ ਕੌਲ੍ਹੇ ਵੇ।
ਬੁੱਢੇ ਵਾਰੇ ਦੇਵੇ ਕੌਣ ਦਿਲਾਸਾ,
ਕੌਣ ਬੇਗਾਨਾ ਦਰਦ ਫਰੋਲੇ ਵੇ।
ਸਭ ਕੁੱਝ ਹੁੰਦਿਆਂ ਕੁੱਝ ਨਾ ਪੱਲ੍ਹੇ,
ਮਾਪੇ ਹੋ ਜਾਵਣ ਕੱਖੋਂ ਹੌਲੇ ਵੇ!*

ਸੱਚਮੁੱਚ,ਇਹ ਦਰਦ ਬਿਆਨ ਕਰਨਾ ਬੜਾ ਔਖਾ ਹੈ।ਪਰ ਸਹਿਣ ਲਈ ਵੀ ਤਾਂ ਪੱਥਰ ਦਿਲ ਚਾਹੀਦਾ ਹੈ,ਜਿਹੜਾ ਕਿ ਮਾਪਿਆਂ ਦੇ ਕੋਲ ਹੋ ਹੀ ਨਹੀਂ ਸਕਦਾ।

ਸੁਬੇਗ ਸਿੰਘ,
ਸੰਗਰੂਰ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button