D5 specialOpinion

ਮੁੱਖ ਮੰਤਰੀ ਚੰਨੀ ਬਣੇ ਪੰਜਾਬ ਦੀ ਆਵਾਜ਼ !

ਜਸਵੀਰ ਸਿੰਘ ਪਮਾਲੀ
ਜਿਸ ਤਰ੍ਹਾਂ ਪਿਛਲੇ ਚਾਰ ਦਿਨ ਤੋਂ ਭਾਜਪਾ ਦੀ ਕੇਂਦਰ ਸਰਕਾਰ ਤੇ ਉਸਦੇ ਗੋਦੀ ਮੀਡੀਆ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਉਪਰ ਜ਼ੋਰਦਾਰ ਅਨੈਤਿਕ ਹਮਲਾ ਸ਼ੁਰੂ ਕੀਤਾ ਹੋਇਆ ਹੈ, ਉਸ ਤਿੱਖੇ ਤੇ ਬਹੁਤ ਹੀ ਖਤਰਨਾਕ ਹਮਲੇ ਦਾ ਜਿਸ ਨਿਮਰਤਾ, ਤਰਕ ਤੇ ਦਲੀਲਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸਦਾ ਸਾਹਮਣਾ ਕਰ ਰਹੇ ਹਨ। ਇਸਨੇ ਉਨ੍ਹਾਂ ਦਾ ਪੰਜਾਬ ਦੇ ਲੋਕਾਂ ਦੇ ਵਿੱਚ ਕੱਦ ਬਹੁਤ ਵੱਡਾ ਕਰ ਦਿੱਤਾ ਹੈ। ਫਿਰਕੂ ਤੇ ਇਕਪਾਸੜ ਢੰਗ ਦੇ ਨਾਲ ਭਾਜਪਾ ਤੇ ਉਸਦੇ ਸੰਘੀਆਂ ਵੱਲੋਂ ਜਿਸ ਤਰ੍ਹਾਂ ਇਹ ਹਮਲਾ ਕੀਤਾ ਸੀ ਜੇ ਉਨ੍ਹਾਂ ਦੀ ਥਾਂ ਉਤੇ ਮੁੱਖ ਮੰਤਰੀ ਦੇ ਅਹੁਦੇ ਉਤੇ ਕੈਪਟਨ ਅਮਰਿੰਦਰ ਸਿੰਘ ਜਾਂ ਭਾਜਪਾ+ ਬਾਦਲ ਗੱਠਜੋੜ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਦੂਜਾ ਜਲਿਆਂਵਾਲਾ ਬਾਗ ਪਿੰਡ ਪਿਆਰੇਆਣਾ ਬਣ ਜਾਣਾ ਸੀ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹੁਤ ਹੀ ਚਾਣਕਯ ਤਰੀਕੇ ਨੇ ਕੀਤੇ ਗਏ ਇਸ ਨਿਵੇਕਲੀ ਕਿਸਮ ਦੇ ਹਮਲੇ ਦਾ ਬਹੁਤ ਤਰਕ ਦੇ ਨਾਲ ਜਵਾਬ ਦੇ ਲੋਕਾਂ ਦੇ ਵਿੱਚ ਆਪਣੀ ਖਾਸ ਨੂੰ ਹੋਰ ਵੀ ਪੱਕਾ ਕੀਤਾ ਹੈ।

ਹੁਣ ਤੱਕ ਦਾ ਇਤਿਹਾਸ ਦੱਸਦਾ ਹੈ ਕਿ ਦੇਸ਼ ਦਾ ਕਿਸੇ ਵੀ ਪ੍ਰਧਾਨ ਮੰਤਰੀ ਦੀ ਇਸ ਤਰ੍ਹਾਂ ਰੈਲੀ ਕਿਸੇ ਵੀ ਸੂਬੇ ਦੇ ਵਿੱਚ ਠੁੱਸ ਨਹੀਂ ਹੋਈ ਜਿਸ ਤਰ੍ਹਾਂ ਪੰਜਾਬ ਦੇ ਵਿੱਚ 5 ਜਨਵਰੀ ਨੂੰ ਫਿਰੋਜਪੁਰ ਦੇ ਹੋਈ ਹੈ । ਇਸਦੇ ਪਿਛੋਕੜ ਦੇ ਵਿੱਚ ਪਿਛਲੇ ਇੱਕ ਸਾਲ ਦਿੱਲੀ ਵਿੱਚ ਲੱਗਿਆ ਕਿਸਾਨ ਮਜ਼ਦੂਰ ਅੰਦੋਲਨ ਦਾ ਧਰਨਾ ਵੀ ਸੀ । ਇਸ ਧਰਨੇ ਨੇ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ ਲੋਕਾਂ ਦੀ ਸਿਆਸੀ ਸਕੂਲਿੰਗ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ । ਦਿੱਲੀ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਸ਼ਾਮਲ ਨਿੱਕੇ ਤੇ ਵੱਡੇ ਬਜ਼ੁਰਗ ਮਾਪਿਆਂ ਨੇ ਸਬਰ ਸੰਤੋਖ ਦੇ ਨਾਲ ੩੭੮ ਦਿਨ ਮੀਂਹ ਹਨੇਰੀ , ਕੜਕ ਦੀਆਂ ਧੁੱਪਾਂ ਤੇ ਬਰਫੀਲੀਆਂ ਰਾਤਾਂ ਨੂੰ ਆਪਣੇ ਪਿੰਡੇ ਉਤੇ ਜਰਿਆ ਸੀ । ਇਸ ਧਰਨੇ ਦੇ ਵਿੱਚ ਪਰਵਾਰਿਕ ਭਾਈਚਾਰੇ ਦੀਆਂ ਨਵੀਂਆਂ ਕਹਾਣੀਆਂ ਬਣੀਆਂ । ਜਿਸਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਉਸਾਰੂ ਚੇਤਨਾ ਪੈਦਾ ਕੀਤੀ। ਜਦੋਂ ਮੋਰਚਾ ਸ਼ੁਰੂ ਹੋਇਆ ਸੀ ਤਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਇਸ ਅੰਦੋਲਨ ਨੂੰ ਦਿੱਲੀ ਤੱਕ ਨਾ ਪੁਜਣ ਦਿੱਤਾ ਜਾਵੇ।

ਪਰ ਹਰਿਆਣਾ ਦੇ ਲੋਕਾਂ ਦੇ ਸਾਥ ਨੇ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਦੀਆਂ ਆਸਾਂ ਉਤੇ ਪਾਣੀ ਫੇਰਿਆ । ਦਿੱਲੀ ਦੇ ਚੱਲੇ ਇਸ ਧਰਨੇ ਦੇ ਪੰਜਾਬੀਆਂ ਨੇ ਆਪਣੇ ਖੁੱਲ੍ਹੇ ਸੁਭਾਅ ਤੇ ਗੁਰੂ ਨਾਨਕ ਜੀ ਵੱਲੋਂ ਸ਼ੁਰੂ ਕੀਤੀ ਲੰਗਰ ਦੀ ਪ੍ਰਥਾ ਨੂੰ ਜਿਸ ਢੰਗ ਨਾਲ ਚਲਾਇਆ । ਉਸਨੇ ਦਿੱਲੀ ਵਾਸੀਆਂ ਦਾ ਮਨ ਮੋਹ ਲਿਆ ਸੀ। ਚੌਵੀ ਘੰਟੇ ਚੱਲਦੇ ਵੱਖ ਵੱਖ ਤਰ੍ਹਾਂ ਦੇ ਲੰਗਰਾਂ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ । ਜਿਵੇਂ ਭਾਜਪਾ ਨੇ ਇਸ ਮੋਰਚੇ ਨੂੰ ਖੁਰਦ ਬੁਰਦ ਕਰਨ ਲਈ ਚਾਲਾਂ ਖੇਡੀਆਂ ਉਹਨਾਂ ਨੂੰ ਪੰਜਾਬੀਆਂ ਨੇ ਪਿਛਾੜਿਆ ਸੀ । ਸੜਕਾਂ ਉਪਰ ਕਿਲ ਲਗਾ ਕੇ ਕੰਡਿਆਲੀ ਤਾਰ ਲਾ ਕੇ ਵੱਡੇ ਟੋਏ ਪੁਟ ਕੇ ਕੇਂਦਰ ਸਰਕਾਰ ਨੇ ਇਸ ਮੋਰਚੇ ਨੂੰ ਕਈ ਵਾਰ ਚੁਕਣ ਲਈ ਸਾਜਿਸ਼ ਕੀਤੀ ਪਰ ਹਰ ਵੇਲੇ ਉਹਨਾਂ ਦੀਆਂ ਚਾਲਾਂ ਫੇਲ ਹੁੰਦੀਆਂ ਗਈਆਂ। ਖੈਰ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਤਰੀਕੇ ਲੋਕਾਂ ਨੂੰ ਰੌਦ ਦਾ ਆ ਰਿਹਾ ਸੀ ਉਸਨੂੰ ਰੋਕਣ ਦੇ ਲਈ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ। ਆਖਿਰ ਕਿਸਾਨ ਮਜ਼ਦੂਰ ਅੰਦੋਲਨ ਦੇ ਨਾਲ ਹੰਕਾਰ ਦੇ ਘੋੜੇ ਉਤੇ ਸਵਾਰ ਭਾਜਪਾ ਦੇ ਸੰਘੀ ਟੋਲੇ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ ਸਨ।

ਕੇਂਦਰ ਦੀ ਭਾਜਪਾ ਸਰਕਾਰ ਨੇ ਭਾਵੇਂ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਤੇ ਹੋਰ ਮੰਗਾਂ ਮੰਨ ਲੈਣ ਦਾ ਲਿਖਤੀ ਭਰੋਸਾ ਦੇ ਦਿੱਤਾ ਸੀ ਪਰ ਉਸਨੂੰ ਲਾਗੂ ਨਹੀਂ ਕੀਤਾ। ਕਿਸਾਨ ਮਜ਼ਦੂਰ ਮੋਰਚੇ ਨੇ ਦੇਸ ਵਿੱਚ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਭਾਜਪਾ ਦੇ ਖਿਲਾਫ਼ ਲਹਿਰ ਪੈਦਾ ਕਰ ਦਿੱਤੀ। ਭਾਜਪਾ ਦੇਸ਼ ਵਿੱਚ ਹਾਰਨ ਲੱਗੀ ਤੇ ਵਿਦੇਸ਼ਾਂ ਵਿੱਚ ਉਸਦਾ ਗਰਾਫ ਡਿੱਗਣ ਲੱਗਿਆ । ਅਮਰੀਕਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨ ਮਜ਼ਦੂਰ ਅੰਦੋਲਨ ਵਾਲਿਆਂ ਨੇ ਸਮਝੌਤਾ ਕਰ ਲਿਆ ਸੀ ਤੇ ਉਹਨਾਂ ਨੂੰ ਲੱਗਿਆ ਸੀ ਕਿ ਪੰਜਾਬ ਦੇ ਲੋਕ ਪਿਛਲੇ ਸਮਿਆਂ ਨੂੰ ਭੁੱਲ ਗਏ ਹਨ । ਉਨ੍ਹਾਂ ਨੇ ਪੰਜਾਬ ਦੇ ਵਿੱਚ ਰੈਲੀ ਰੱਖ ਲਈ। ਫਿਰੋਜਪੁਰ ਵਿੱਚ ਹੋਣ ਵਾਲੀ ਰੈਲੀ ਵਾਲੇ ਦਿਨ ਪੰਜਾਬ ਦੇ ਦਰਦ ਨੂੰ ਕੁਦਰਤ ਨੇ ਸਮਝਿਆ ਤੇ ਇੰਦਰ ਦੇਵਤਾ ਦਿਆਲ ਹੋ ਗਿਆ। ਭਾਜਪਾ ਦੀ ਰੈਲੀ ਠੁੱਸ ਹੋ ਗਈ। ਭਾਜਪਾ ਤੇ ਪ੍ਰਧਾਨ ਮੰਤਰੀ ਨੇ ਜੋ ਹੁਣ ਤੱਕ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਸੀ ਉਸਦਾ ਪਰਦਾ ਪੰਜਾਬੀਆਂ ਨੇ ਚੱਕ ਦਿੱਤਾ। ਫਿਰੋਜ਼ਪੁਰ ਵਿੱਚ ਸੱਤਰ ਹਜ਼ਾਰ ਕੁਰਸੀ ਲਗਾਈ ਤੇ ਭੀੜ ਸੱਤ ਵੀ ਨਾ ਨਾ ਪੁਜੀ । ਉਸ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਠੁਸ ਹੋਈ ਰੈਲੀ ਦਾ ਬਦਲਾ ਲੈਣ ਦਾ ਜਿਹੜਾ ਤਰੀਕਾ ਵਰਤਿਆ , ਉਸਦੇ ਨਾਲ ਹੁਣ ਭਾਜਪਾ ਖੁੱਦ ਹੀ ਨੰਗੀ ਹੋ ਰਹੀ ਹੈ । ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਉਤੇ।

ਭਾਜਪਾ ਨੇ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਉਪਰ ਨਜ਼ਲਾ ਸੁੱਟਿਆ ਪਰ ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸ ਝੂਠੇ ਨਜ਼ਲੇ ਨੂੰ ਸਾਫ ਕੀਤਾ । ਉਸਦੇ ਨਾਲ ਜਿਥੇ ਬਾਕੀ ਸਿਆਸੀ ਪਾਰਟੀਆਂ ਸਮੇਤ ਕਾਂਗਰਸ ਦੇ ਕਈ ਆਗੂ ਵੀ ਨੰਗੇ ਹੋ ਗਏ ਕਿ ਉਹ ਆਪਣੀ ਚਮੜੀ ਬਚਾਉਣ ਦੇ ਲਈ ਭਾਜਪਾ ਦੀ ਹਮਾਇਤ ਕਰ ਰਹੇ ਹਨ । ਦੂਜੇ ਪਾਸੇ ਚਰਨਜੀਤ ਸਿੰਘ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋ ਕੇ ਕਾਂਗਰਸ ਤੇ ਆਪਣਾ ਕੱਦ ਵਧਾਇਆ ਹੈ। ਇਸ ਸਿਆਸੀ ਛੜਯੰਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਭਗਵੰਤ ਮਾਨ, ਮੁਨੀਸ਼ ਤਿਵਾੜੀ , ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਭਾਜਪਾ ਪੰਜਾਬ ਸਮੇਤ ਦੇਸ ਗੋਦੀ ਮੀਡੀਆ ਆਪਣੇ ਆਪ ਹੀ ਠੁਸ ਹੋ ਗਿਆ। ਆਪੇ ਕਾਤਲ ਆਪੇ ਮੁਨਸਫ ਵਾਲੀ ਕਹਾਵਤ ਵਾਂਗੂੰ ਭਾਜਪਾ ਹੁਣ ਆਪਣੇ ਬਣਾਏ ਜਾਲ ਵਿੱਚੋ ਨਿਕਲਣ ਦੇ ਲਈ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਫਿਰਾਕ ਕਾਮਯਾਬ ਨਾ ਹੋ ਸਕੀ ਪਰ ਚਰਨਜੀਤ ਸਿੰਘ ਚੰਨੀ ਨੇ ਇਹ ਆਖ ਕੇ ਲੋਕਾਂ ਦਾ ਦਿਲ ਜਿੱਤਿਆ ਕਿ ਉਹ ਭਾਜਪਾ ਦੇ ਇਸ ਝੂਠ ਨੂੰ ਲੈ ਕੇ ਆਪਣੇ ਲੋਕਾਂ ਦੇ ਉਪਰ ਗੋਲੀਆਂ ਨਹੀਂ ਸੀ ਚਲਾ ਸਕਦਾ ਸੀ।

ਹੁਣ ਹਰ ਦਿਨ ਭਾਜਪਾ ਦੇ ਇਸ ਵੱਖਰੀ ਤਰ੍ਹਾਂ ਦੇ ਨਾਟਕ ਦੇ ਸੂਤਰਧਾਰ ਸੰਘੀ ਸਾਹਮਣੇ ਆ ਰਹੇ ਹਨ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਪ੍ਰਬੰਧ ਉਸਦੀ ਐਸਪੀ ਜੀ ਦਾ ਹੁੰਦਾ ਹੈ। ਉਸਦੇ ਅਧੀਨ ਰਾਜ ਤੇ ਪੁਲਿਸ ਹੁੰਦੀ ਹੈ। ਜਿਹੜੀ 48 ਘੰਟੇ ਪਹਿਲਾਂ ਸਭ ਕਾਸੇ ਉਤੇ ਕਾਬਜ਼ ਹੁੰਦੀ ਹੈ। ਹੁਣ ਜਾਂਚ ਇਹ ਕਰਨ ਦੀ ਜਰੂਰਤ ਹੈ ਕਿ ਪ੍ਰਧਾਨ ਮੰਤਰੀ ਦੇ ਕੀਤੇ ਇਸ ਨਾਟਕ ਦਾ ਸੂਤਰਧਾਰ ਕੌਣ ਹੋ ਜੋ ਫਿਰ ਤੋਂ ਪੰਜਾਬ ਨੂੰ ਬਲਦੀ ਅੱਗ ਵਿੱਚ ਝੋਕਣ ਲੱਗਿਆ ਸੀ। ਸਭ ਜਾਣਦੇ ਹਨ ਕਿ ਭਾਜਪਾ ਤੇ ਸੰਘੀ ਕਿਸਾਨ ਮਜ਼ਦੂਰ ਦੀ ਹੋਈ ਜਿੱਤ ਬਰਦਾਸ਼ਤ ਨਹੀਂ ਕਰ ਸਕੇ ।ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਨੂੰ ਕੇਂਦਰ ਦੇ ਵੱਲੋਂ ਦਿੱਤਾ ਜਾਣ ਵਾਲਾ ਆਰਥਿਕ ਪੈਕੇਜ ਖੁਸ ਗਿਆ ਹੈ ? ਪਰ ਇਸ ਤੋਂ ਪਹਿਲਾਂ ਵੀ ਭਾਜਪਾ ਦੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੀ ਦੇ ਦਿੱਤਾ ਸੀ ? ਪਰ ਇਸ ਘਟਨਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਲੋਕਾਂ ਦੇ ਨਾਇਕ ਬਣ ਗਏ ਹਨ । ਅਗਲੀਆਂ ਚੋਣਾਂ ਦੇ ਵਿੱਚ ਪੰਜਾਬ ਉਨ੍ਹਾਂ ਦਾ ਮੁੱਲ ਉਤਾਰਦਾ ਹੈ ਜਾਂ ਨਹੀ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button