Opinion

ਸੁਖਮਿੰਦਰ ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ ਪਹਿਰੇਦਾਰ

ਉਜਾਗਰ ਸਿੰਘ

ਸੁਖ਼ਮਿੰਦਰ ਸੇਖ਼ੋਂ ਸਥਾਪਤ ਸਾਹਿਤਕਾਰ ਹੈ। ਉਸ ਨੇ ਕਹਾਣੀ, ਨਾਵਲ, ਨਾਟਕ ਅਤੇ ਕਵਿਤਾ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਉਸ ਦਾ ‘ਪੈੜਾਂ ਦੀ ਸ਼ਨਾਖ਼ਤ’ ਕਹਾਣੀ ਸੰਗ੍ਰਹਿ ਮਨੁੱਖੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦਾ ਪ੍ਰਤੀਬਿੰਬ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਸ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਪੈੜਾਂ ਦੀ ਸ਼ਨਾਖ਼ਤ’ ਕਹਾਣੀ ਸੰਗ੍ਰਹਿ ਵਿੱਚ 14 ਕਹਾਣੀਆਂ ਹਨ, ਜਿਹੜੀਆਂ ਬਹੁਤ ਹੀ ਸੰਜੀਦਾ ਵਿਸ਼ਿਆਂ ‘ਤੇ ਲਿਖੀਆਂ ਗਈਆਂ ਹਨ। ਜ਼ਮੀਨੀ ਹਕੀਕਤਾਂ ਨੂੰ ਵਿਸ਼ੇ ਬਣਾਇਆ ਗਿਆ ਹੈ। ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ, ਸੁਖਮਿੰਦਰ ਸੇਖੋਂ ਹੂ ਬਹੂ ਉਹ ਹੀ ਲਿਖ ਰਿਹਾ ਹੈ। ਇਸੇ ਕਰਕੇ ਸੁਖਮਿੰਦਰ ਸੇਖ਼ੋਂ ਦੀਆਂ ਕਹਾਣੀਆਂ ਵਿੱਚ ਗਾਲ੍ਹਾਂ ਅਤੇ ਹੋਰ ਅਸਭਿਆ ਸ਼ਬਦਾਵਲੀ ਵਰਤੀ ਗਈ ਹੈ ਪਰੰਤੂ ਇਹ ਹਕੀਕਤ ਹੈ ਕਿ ਲੋਕ ਅਜਿਹੀ ਬੋਲੀ ਬੋਲਦੇ ਹਨ। ਮੰਟੋ ਵੀ ਆਪਣੀਆਂ ਕਹਾਣੀਆਂ ਵਿੱਚ ਅਜਿਹੀਆਂ ਗੱਲਾਂ ਲਿਖਦਾ ਸੀ, ਉਦੋਂ ਉਸ ਦਾ ਵਿਰੋਧ ਹੁੰਦਾ ਸੀ ਪਰੰਤੂ ਅੱਜ ਉਸ ਦੀ ਕਦਰ ਪੈ ਰਹੀ ਹੈ। ਸੁਖਮਿੰਦਰ ਸੇਖੋਂ ਵੀ ਮੰਟੋ ਦੇ ਰਾਹਾਂ ‘ਤੇ ਚਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕਹਾਣੀਆਂ ਵਿੱਚ ਇਸਤਰੀ ਅਤੇ ਮਰਦ ਦੇ ਵੱਖ-ਵੱਖ ਰੂਪਾਂ ਨੂੰ ਬਹੁਤ ਹੀ ਸੁਚੱਜੇ ਅਤੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸਮਾਜ ਇਸਤਰੀ ਨੂੰ ਭੁੱਖੀ ਨਜ਼ਰ ਨਲ ਵੇਖਦਾ ਹੈ, ਜਿਵੇਂ ਔਰਤ ਕੋਈ ਖਾਣ ਵਾਲੀ ਵਸਤੂ ਹੁੰਦੀ ਹੈ। ਸੁਖਮਿੰਦਰ ਸੇਖ਼ੋਂ ਦੀਆਂ ਕਹਾਣੀਆਂ ਅਨੁਸਾਰ ਮਰਦ ਹਮੇਸ਼ਾ ਇਸਤਰੀ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਣ ਦੀ ਤਾਕ ਵਿੱਚ ਰਹਿੰਦਾ ਹੈ। ਇਸ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ‘ਚਲ ਮੇਰੀ ਧੀਏ’ ਵਿੱਚ ਇਸਤਰੀ ਦੇ ਦੋ ਰੂਪ ਜੋਗਿੰਦਰ ਕੌਰ ਪਤਨੀ ਜੋ ਵਹਿਮਾ ਭਰਮਾ ਵਿੱਚ ਪਈ ਹੋਈ ਹੈ ਅਤੇ ਸਾਧਾਂ ਸੰਤਾਂ ਦੇ ਚਕਰ ਵਿੱਚ ਫਸਦੀ ਹੈ। ਆਪਣੇ ਪਤੀ ਪਿਆਰਾ ਸਿੰਘ ਪ੍ਰਤੀ ਵੀ ਸੰਜੀਦਾ ਨਹੀਂ। ਦੂਜੀ ਰੁਪਿੰਦਰ ਕੌਰ ਨੂੰਹ ਹੈ, ਜਿਹੜੀ ਆਪਣੇ ਸਹੁਰੇ ਦੀ ਸਿਹਤ ਬਾਰੇ ਸੰਜੀਦਾ ਤੇ ਧੀ ਦੀ ਤਰ੍ਹਾਂ ਵਿਚਰਦੀ ਹੈ। ਉਸ ਨੂੰ ਕੋਈ ਲਾਲਚ ਨਹੀਂ। ਸਹੁਰੇ ਵੱਲੋਂ ਜ਼ਮੀਨ ਉਸ ਦੇ ਨਾਮ ਕਰਵਾਉਣ ਤੋਂ ਵੀ ਜਵਾਬ ਦੇ ਦਿੰਦੀ ਹੈ। ਪਰੰਤੂ ਜੋਗਿੰਦਰ ਕੌਰ ਗੁਰਜੀਤ ਸਿੰਘ ਉਸ ਦੇ ਚਾਲ ਚਲਣ ‘ਤੇ ਚਿਕੜ ਸੁੱਟਣੋਂ ਵੀ ਗੁਰੇਜ ਨਹੀਂ ਕਰਦੇ। ਗੁਰਜੀਤ ਸਿੰਘ ਦਾ ਪਾਤਰ ਨਸ਼ਈ ਅਤੇ ਬੇਪ੍ਰਵਾਹ ਹੈ।

‘ਦੱਬੀ ਅੱਗ’ ਕਹਾਣੀ ਵਿੱਚ ਫ਼ੌਜੀ ਸ਼ਹੀਦ ਜੰਗ ਸਿੰਘ ਦੀ ਵਿਧਵਾ ਦੀ ਬੱਚੇ ਪਾਲਣ ਅਤੇ ਪੈਨਸ਼ਨ ਆਦਿ ਲਗਵਾਉਣ ਦੀ ਮਜ਼ਬੂਰੀ ਦਾ ਕਰਨੈਲ ਸਿੰਘ ਕਾਣਾ ਲਾਭ ਉਠਾਉਣਾ ਚਾਹੁੰਦਾ ਹੈ। ਸੁਖਵੰਤ ਕੌਰ ਲੜਕੀ ਦਲੇਰੀ ਦਾ ਪ੍ਰਤੀਕ ਬਣਦੀ ਹੈ ਜਦੋਂ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਉਹੀ ਕਰਨੈਲ ਸਿੰਘ ਜਿਹੜਾ ਉਸ ਦੀ ਮਾਂ ਦੀ ਮਜ਼ਬੂਰੀ ਦਾ ਲਾਭ ਉਠਾਉਣਾ ਚਾਹੁੰਦਾ ਸੀ, ਜਦੋਂ ਸੁਖਵੰਤ ਵਲ ਮਾੜੀ ਹਰਕਤ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਨੂੰ ਮੌਤ ਦੇ  ਘਾਟ ਉਤਾਰ ਦਿੰਦੀ ਹੈ। ‘ਚਿਹਰੇ ਹੁਸੀਨ ਜਿਹੇ’ ਕਹਾਣੀ ਵਿੱਚ ਫਿਲਮਾ ਵਿੱਚ ਸਫਲ ਹੋਣ ਵਾਸਤੇ ਲੜਕੀਆਂ ਨੂੰ ਕਿਹੜੇ ਵੇਲਣ ਵੇਲਣੇ ਪੈਂਦੇ ਹਨ ਅਤੇ ਲੜਕੀਆਂ ਗ਼ਲਤ ਤਰੀਕੇ ਨਾਲ ਰੋਲ ਲੈਣ ਨੂੰ ਕਿਸ ਤਰ੍ਹਾਂ ਦੀ ਨਿਗਾਹ ਨਾਲ ਵੇਖਦੀਆਂ ਹਨ। ਰਮਣੀਕ ਕੌਰ ਭਾਵੇਂ ਆਪਣੀ ਇਜ਼ਤ ਗੁਆ ਕੇ ਸਫ਼ਲ ਨਹੀਂ ਹੁੰਦੀ ਪਰੰਤੂ ਆਪਣੀ ਲੜਕੀ ਮੁਸਕਾਨ ਨੂੰ ਗ਼ਲਤ ਢੰਗ ਨਾਲ ਸਫਲ ਕਰਾਉਂਦੀ ਹੋਈ ਮਾਣ ਮਹਿਸੂਸ ਕਰਦੀ ਹੈ। ਜਦੋਂ ਕਿ ਮੁਸਕਾਨ ਇਸ ਤਰ੍ਹਾਂ ਦੀ ਪਹੁੰਚ ਦੇ ਵਿਰੁਧ ਹੈ। ਪ੍ਰੋਡਿਊਸਰ ਸੋਹਨ ਲਾਲ ਅਤੇ ਰਵੀ ਕੁਮਾਰ ਦੋਹਾਂ ਦਾ ਵਿਵਹਾਰ ਗ਼ੈਰ ਇਖਲਾਕੀ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਹਰ ਕੋਈ ਕਿਸੇ ਵੀ ਘਟਨਾ ਮੌਕੇ ਇਹ ਕਹਿ ਦਿੰਦਾ ਹੈ ਕਿ ਮੈਨੂੰ ਕੀ ‘ਪ੍ਰਕਾਸ਼ ਨਾਇਕ ਜ਼ਿੰਦਾ ਹੈ’ ਕਹਾਣੀ ਵਿੱਚ ਪ੍ਰਕਾਸ਼ ਨਾਮ ਦੇ ਪਾਤਰ ਦੀ ਭੂਮਿਕਾ ਕਾਬਲੇ ਤਾਰੀਫ਼ ਹੈ। ਕਿਉਂਕਿ ਉਸ ਨੇ ਇਕ ਲੜਕੀ ਦੀ ਇਜ਼ਤ ਬਚਾਈ ਹੈ। ਜਦੋਂ ਕਿ ਬਾਕੀ ਸਾਥੀਆਂ ਨੇ ਹਿੰਮਤ ਨਹੀਂ ਵਿਖਾਈ। ਬਿਲਾ ਬਦਮਾਸ਼ ਪ੍ਰਕਾਸ਼ ਦੀ ਕੁੜੀ ਤੇ ਮਾੜੀ ਨਿਗਾਹ ਰੱਖਣ ਲੱਗ ਗਿਆ ਹੈ, ਜਿਸ ਕਰਕੇ ਪ੍ਰਕਾਸ਼ ਸਦਮੇ ਵਿੱਚ ਹੈ। ‘ਕੁਰਸੀਆਂ ਦੀ ਸ਼ਨਾਖ਼ਤ’ ਕਹਾਣੀ ਦਫਤਰਾਂ ਵਿੱਚ ਚਲ ਰਹੇ ਵਰਤਾਰਿਆਂ ਬਾਰੇ ਹੈ। ਹਰ ਦਫਤਰ ਵਿੱਚ ਇਕ ਭਰਿਸ਼ਟ ਜੁੰਡਲੀ ਹੁੰਦੀ ਹੈ, ਜਿਵੇਂ ਅਸਿਸਟੈਂਟ ਡਾਇਰੈਕਟਰ ਰੁਪਿੰਦਰ ਸਿੰਘ, ਸੁਪਡੈਂਟ ਬਾਂਸਲ, ਪੀ.ਏ ਆਹੂਜਾ ਅਤੇ ਰਮਣੀਕ ਹਨ। ਕੁਝ ਅਧਿਕਾਰੀ ਭਰਿਸ਼ਟ ਅਤੇ ਚਾਲ ਚਲਣ ਦੇ ਮਾੜੇ ਜਿਵੇਂ ਬਲਦੇਵ ਸਿੰਘ ਬਰਾੜ ਅਤੇ ਸਤਵਿੰਦਰ ਸਿੰਘ ਸੋਢੀ। ਬਲਦੀਪ, ਸਰਿਤਾ ਅਤੇ ਸੰਦੀਪ ਵਰਗੇ ਇਮਾਨਦਾਰ ਵੀ ਹੁੰਦੇ ਹਨ। ਭਰਤੀ ਵਿੱਚ ਹੇਰਾਫੇਰੀ ਵੀ ਜਿਵੇਂ ਰਮਣੀਕ ਦੀ ਨਿਯੁਕਤੀ ਸਮੇਂ ਹੋਈ। ਦਫ਼ਤਰਾਂ ਵਿੱਚ ਲੜਕੀਆਂ ਨਲ ਗ਼ਲਤ ਹਰਕਤਾਂ ਵੀ ਹੁੰਦੀਆਂ ਹਨ। ‘ਹਨੇਰਾ ਢੋਂਦਿਆਂ’ ਕਹਾਣੀ ਗ਼ਰੀਬ ਰਿਕਸ਼ਾ ਚਾਲਕਾਂ ਸੁਖੀ ਰਾਮ ਅਤੇ ਘਾਰੂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ। ਗ਼ਰੀਬ ਲੋਕ 100 ਰੁਪਏ ਵੱਟਕੇ ਸੰਤੁਸ਼ਟ ਹੋ ਜਾਂਦੇ ਹਨ। ਇਹ ਕਹਾਣੀ ਬੇਰੋਜ਼ਗਾਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦੀ ਹੈ।  ‘ਤਾੜੀ ਪ੍ਰੇਮ ਕੀ’ ਕਹਾਣੀ ਹਿਜੜੇ ਹਰਦੀਪ ਦੀ ਹੈ। ਇਹ ਕਹਾਣੀ ਬਹੁਤ ਹੀ ਸੰਜੀਦਾ ਵਿਸ਼ੇ ‘ਤੇ ਲਿਖੀ ਗਈ ਹੈ। ਸਮਾਜ ਦੇ ਦੁਰਕਾਰੇ ਵਰਗ ਦੀਆਂ ਆਪਣੀਆਂ ਮੁਸੀਬਤਾਂ ਹਨ, ਜਿਨ੍ਹਾਂ ਨੂੰ ਬਾਕੀ ਸਮਾਜ ਸਮਝ ਨਹੀਂ ਸਕਦਾ। ‘ਤੁਸੀਂ ਕੋਈ ਸਵਾਲ ਨਹੀਂ ਕਰੋਗੇ’ ਇਸ ਕਹਾਣੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਵਿੱਚ ਕੀ ਹੋਵੇਗਾ?

ਇਹ ਕਹਾਣੀ  ਜਾਅਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵੱਲੋਂ ਜ਼ਹਿਰੀਲੀ ਜਾਅਲੀ ਸ਼ਰਾਬ ਗ਼ਰੀਬ ਲੋਕਾਂ ਨੂੰ ਸਸਤੀ ਵੇਚਣ ਬਾਰੇ ਹੈ, ਜਿਸ ਨੂੰ ਪੀ ਕੇ ਉਹ ਲੋਕ ਮਰ ਜਾਂਦੇ ਹਨ। ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਦੀ ਸਰਕਾਰਾਂ ਨਾਲ ਮਿਲੀ ਭੁਗਤ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ। ‘ਬੱਸ ਕਰੋ ਸਰਦਾਰ ਜੀ’ ਕਹਾਣੀ ਬਹੁਤ ਸੰਵੇਦਨਸ਼ੀਲ ਬਣ ਜਾਂਦੀ ਹੈ ਜਦੋਂ ਹਰਪਾਲ ਸਿੰਘ ਅਤੇ ਪ੍ਰੋ ਪਰਮਪਾਲ ਕੌਰ ਦੀ ਬੇਟੀ ਰਿਦਮ ਕਹਿੰਦੀ ਹੈ ਕਿ ਪਾਪਾ ਮੇਰਾ ਵਿਆਹ ਕਿਸੇ ਵੱਡੇ ਜ਼ਿਮੀਦਾਰ ਦੇ ਕਾਕੇ ਨਾਲ ਕਰਨਗੇ। ਰਿਦਮ ਨੂੰ ਪਤਾ ਹੈ ਉਸ ਦੇ ਪਾਪਾ ਆਪਣੇ ਆਪ ਨੂੰ ਜ਼ਿਮੀਦਾਰ ਕਹਾਕੇ ਢੌਂਗ ਰਚਦੇ ਹਨ। ਇਹ ਕਹਾਣੀ ਅੰਤਰਜ਼ਾਤੀ ਵਿਆਹੇ ਜੋੜੇ ਦੇ ਭਰਿਸ਼ਟਾਚਾਰ ਦੇ ਮੁੱਦੇ ‘ਤੇ ਵਿਚਾਰਾਂ ਵਿੱਚ ਅੰਤਰ ਦੀ ਤਸਵੀਰ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਛੋਟੀਆਂ ਜਾਤਾਂ ਦੇ ਕੁਝ ਲੋਕ ਵੱਡੇ ਅਧਿਕਾਰੀ ਬਣਕੇ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਦਿੰਦੇ ਹਨ। ਹਓਮੈ ਦਾ ਸ਼ਿਕਾਰ ਹੋ ਕੇ ਗ਼ਰੀਬ ਲੋਕਾਂ ਨਾਲ ਜ਼ਿਆਦਤੀਆਂ ਕਰਦੇ ਹਨ। ਇਕ ਕਿਸਮ ਨਾਲ ਆਪਣੇ ਤੇ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈ ਰਹੇ ਹੁੰਦੇ ਹਨ। ‘ਅੰਦਰਲਾ ਆਦਮੀ’ ਕਹਾਣੀ ਗੁਲਜ਼ਾਰ ਸਿੰਘ ਸੇਵਾਦਾਰ ਦੇ ਆਲੇ ਦੁਆਲੇ ਘੁੰਮਦੀ ਹੈ। ਗੁਲਜ਼ਾਰ ਸਿੰਘ ਨੂੰ ਚੰਗੇ ਨੰਬਰ ਲੈ ਕੇ ਪਾਸ ਨਾ ਹੋਣ ਦਾ ਝੋਰਾ ਅੰਦਰੋਂ ਝੰਜੋੜ ਰਿਹਾ ਹੈ। ਦਫਤਰ ਵਿੱਚ ਸੇਵਾਦਾਰ ਹੈ ਪ੍ਰੰਤੂ ਛੋਟੀ ਜ਼ਾਤ ਦਾ ਹੁੰਦਾ ਹੋਇਆ ਵੀ ਜੱਟ ਹੋਣ ਦਾ ਢੌਂਗ ਪਾਲੀ ਬੈਠਾ ਹੈ। ਆਪਣੇ ਅਧਿਕਾਰੀ ਅਤੇ ਹੋਰ ਲੋਕਾਂ ਨੂੰ ਮਨ ਵਿੱਚ ਹੀ ਗਾਲ੍ਹਾਂ ਕੱਢਦਾ ਰਹਿੰਦਾ ਹੈ। ਗੁਰਿੰਦਰ ਕੌਰ ਜਮਾਤਣ ਨਾਲ ਪਿਆਰ ਸਿਰੇ ਨਾ ਚੜ੍ਹਨ ਦਾ ਝੋਰਾ ਵੀ ਹੈ। ਉਹ ਆਪਣੇ ਆਪ ਨੂੰ ਜੱਟ ਦਾ ਅਮੀਰ ਪੁੱਤ ਹੋਣ ਦੀਆਂ ਗੱਪਾਂ ਮਾਰਦਾ ਹੈ। ‘ਤੇਰੇ ਭਾਣੇ’ ਕਹਾਣੀ ਪੰਜਾਬ ਦੇ ਮਾੜੇ ਦਿਨਾਂ ਨੂੰ ਤਸਦੀਕ ਕਰਦੀ ਹੋਈ ਦੱਸ ਰਹੀ ਹੈ ਕਿ ਧਰਮ ਦੇ ਨਾਂ ਤੇ ਹਰਕਿਸ਼ਨ ਵਰਗੇ ਮਾਸੂਮ ਲੋਕਾਂ ਦੇ ਕਤਲ ਹੁੰਦੇ ਰਹੇ। ਸਰਕਾਰਾਂ ਵਾਰਸਾਂ ਨੂੰ ਨੌਕਰੀਆਂ ਦਾ ਐਲਾਨ ਕਰਕੇ ਸਿਆਸਤ ਕਰਦੀਆਂ ਰਹੀਆਂ। ਬੁਜ਼ਰਗ ਮਾਂ ਬਾਪ ਸੰਤਾਪ ਭੋਗਦੇ ਰਹੇ। ‘ਇਕ ਬਾਪ ਦੀ ਹੈਸੀਅਤ’ ਕਹਾਣੀ  ਇਕ ਅਧਿਕਾਰੀ ਗੁਰਜਿੰਦਰ ਸਿੰਘ ਨੇ ਆਪਣੀ ਲੜਕੀ ਅਤੇ ਲੜਕੇ ਦਾ ਵਿਆਹ ਕਰ ਦਿੱਤਾ।

ਆਪਣੇ ਆਪ ਨੂੰ ਬਾਪ ਕਹਿੰਦਾ ਹੈ ਪਰੰਤੂ ਦੂਜੇ ਪਾਸੇ ਆਪਣੀ ਨੂੰਹ ਪਰਿਣੀਤਾ ਨਾਲ ਗ਼ੈਰ ਇਖਲਾਕੀ ਹਰਕਤ ਕਰਦਾ ਹੈ। ਬਹੁਤ ਹੀ ਸੰਜੀਦਾ ਕਹਾਣੀ ਹੈ, ਅਧਿਕਾਰੀ ਦਫ਼ਤਰਾਂ ਵਿੱਚ ਆਪਣੀਆਂ ਮਤਹਿਤ ਲੜਕੀਆਂ ਦਾ ਸ਼ੋਸ਼ਣ ਕਰਦੇ ਹਨ। ‘ਮਖੌਟੇ’ ਕਹਾਣੀ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਬਲਬੀਰ ਕੌਰ ਨਾਲ ਸੰਬੰਧਤ ਹੈ, ਜਿਹੜੇ ਭਰਿਸ਼ਟ ਅਧਿਕਾਰੀ ਹਨ। ਵਿਖਾਵੇ ਦਾ ਪਖੰਡ ਕਰਦੇ ਹਨ। ਖਾੜਕੂਆਂ ਦੀ ਆੜ ਵਿੱਚ ਉਨ੍ਹਾਂ ਦਾ ਲੜਕਾ ਰਾਜਿੰਦਰ ਸਿੰਘ ਲੁੱਟਾਂ ਖੋਹਾਂ ਕਰਕੇ ਪੈਸੇ ਇਕੱਠੇ ਕਰਦਾ ਹੈ, ਜੇਲ੍ਹ ਦੀ ਹਵਾ ਖਾ ਰਿਹਾ ਹੈ। ਢਕਵੰਜ ਇਮਾਨਦਾਰ ਅਤੇ ਧਰਮੀ ਹੋਣ ਦਾ ਕਰਦੇ ਹਨ। ਉਦੋਂ ਹੋਸ਼ ਉਡ ਜਾਂਦੀ ਹੈ ਜਦੋਂ ਖਾੜਕੂਆਂ ਵੱਲੋਂ ਬਲਬੀਰ ਕੌਰ ਅਤੇ ਛੋਟਾ ਲੜਕਾ ਨਰਿੰਦਰ ਸਿੰਘ ਅਗਵਾ ਕਰਕੇ 50 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ। ‘ਕੋਈ ਹੋਰ ਰਸਤਾ’ ਕਹਾਣੀ ਇਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਗ਼ਰੀਬ ਮੁਲਾਜ਼ਮ ਦੀ ਹੈ, ਜਿਹੜਾ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਤਨਖ਼ਾਹ ਵਧਾਉਣੀ ਚਾਹੁੰਦਾ ਹੈ ਪਰੰਤੂ ਮਾਲਕ ਉਤਨੀ ਤਨਖ਼ਾਹ ਵਧਾਉਂਦਾ ਨਹੀਂ। ਫਿਰ ਉਸ ਦੇ ਮਨ ਵਿਚ ਚਲ ਰਹੀ ਮਾਲਕ ਨੂੰ ਮਾਰ ਕੇ ਲੁੱਟਣ ਦੀ ਕਸ਼ਮਕਸ਼ ਹੁੰਦੀ ਰਹਿੰਦੀ ਹੈ ਪਰੰਤੂ ਜਦੋਂ ਇਕ ਮਾਂ ਆਪਣੇ ਬੱਚੇ ਨੂੰ ਇੱਕ ਰੋਟੀ ਛੋਟੇ ਭਰਾ ਲਈ ਦੇਣ ਲਈ ਕਹਿੰਦੀ ਹੈ ਤਾਂ ਉਹ ਆਪਣਾ ਮਨ ਬਦਲ ਲੈਂਦਾ ਹੈ ਤੇ ਜੀਤ ਸਿੰਘ ਗੁਰਦੁਆਰੇ ਚੋਂ ਆ ਰਹੀ ਅਵਾਜ਼ ‘ਥੋੜ੍ਹੇ ਨੂੰ ਬਹੁਤਾ ਕਰਕੇ ਜਾਣਿਓ? ਸੁਣ ਕੇ ਸੰਤੁਸ਼ਟ ਹੋ ਜਾਂਦਾ ਹੈ। ਉਮੀਦ ਹੈ ਕਿ ਭਵਿਖ ਵਿੱਚ ਸੁਖਮਿੰਦਰ ਸੇਖੋਂ ਪੰਜਾਬੀ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇਗਾ।

120 ਰੁਪਏ ਕੀਮਤ, 103 ਪੰਨਿਆਂ, 14 ਕਹਾਣੀਆਂ ਵਾਲਾ ਇਹ ਕਹਾਣੀ ਸੰਗ੍ਰਹਿ ਸਹਿਜ ਪਬਲੀਕੇਸ਼ਨ ਸਮਾਣਾ (ਪਟਿਆਲਾ) ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

art

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button