D5 specialOpinion

ਉਤਰ ਪ੍ਰਦੇਸ ਦੇ ਮੁਜ਼ੱਫਰਨਗਰ ’ਚ ਕਿਸਾਨ ਰਚਣ ਜਾ ਰਹੇ ਨੇ ਨਵਾਂ ਇਤਿਹਾਸ

ਹਰ ਰਾਜ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਅਗਾਉ ਤਿਆਰੀ

ਦੋ ਦਿਨ ਪਹਿਲਾਂ ਹੀ ਪਹੁੰਚਣ ਲਈ ਕਿਸਾਨਾ ਨੇ ਲਾਏ ਕਮਰਕਸੇ

ਪਟਿਆਲਾ : (ਜਸਪਾਲ ਸਿੰਘ ਢਿੱਲੋਂ)  – 5 ਸਤੰਬਰ ਨੂੰ ਕਿਸਾਨਾਂ ਵੱਲੋਂ ਉਤਰ ਪ੍ਰਦੇਸ ਦੇ ਸਹਿਰ ਮਜ਼ੱਫਰਨਗਰ ਵਿਖੇ ਇਕ ਵੱਡੀ ਕਿਸਾਨ ਰੈਲੀ ਮਹਾਂਪੰਚਾਇਤ ਦੇ ਰੂਪ ’ਚ ਕਰਕੇ ਇਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਨ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਹੋ ਰਹੀ ਇਸ ਮਹਾਂਪੰਚਾਇਤ ’ਚ ਹਰ ਰਾਜ ’ਚ ਵੱਡਾ ਉਤਸਾਹ ਹੈ। ਕਿਸਾਨਾਂ ਨੂੰ ਇਕ ਗੱਲ ਸਮਝ ਆ ਚੁੱਕੀ ਹੈ ਕਿ ਜੇਕਰ ਸਾਲ 2024 ’ਚ ਦਿੱਲੀ ਦੇ ਪਾਰਲੀਮੈਂਟ ’ਚ ਪਰਚਮ ਲਹਿਰਾਉਣਾ ਹੈ ਤਾਂ ਇਸ ਦਾ ਰਸਤਾ ਉਤਰਪ੍ਰਦੇਸ ਰਾਹੀਂ ਜਾਂਦਾ ਹੈ। ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਹੱਠ ਕਰਮੀ ਕਰਕੇ ਦੇਸ ਦਾ ਕਿਸਾਨ ਪਿਛਲੇ 9 ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ਤੇ ਡੇਰੇ ਲਾਈ ਬੈਠੇ ਹਨ। ਕੇਂਦਰ ਸਰਕਾਰ ਦੀ ਹਾਲੇ ਤੱਕ ਕੁੰਭਕਰਨੀ ਨੀਂਦ ਨਹੀਂ ਖੁੱਲੀ। ਸਰਕਾਰ ਆਪਣੇ ਕਾਰਪੋਰੇਟ ਜੋਟੀਦਾਰਾਂ ਕਾਰਨ ਕਿਸਾਨਾਂ ਵੱਲ ਬੇਮੁੱਖ ਕਰੀ ਬੈਠੀ ਹੈ। ਸੰਯੁਕਤ ਕਿਸਾਨ ਮੋਰਚੇੋ ਦੇ ਆਗੂ ਰਾਕੇਸ਼ ਟਿਕੈਤ ਦੇ 26 ਜਨਵਰੀ ਦੀ ਘਟਨਾਂ ਤੋਂ ਬਾਅਦ ਅੱਖਾਂ ’ਚ ਡਿੱਗੇ ਅੱਥਰੂਆਂ ਨੇ ਸਾਰੀ ਫਿਜਾ ਹੀ ਬਦਲ ਕੇ ਰੱਖ ਦਿੱਤੀ ਸੀ ਜਿਸ ਕਰਕੇ ਕਿਸਾਨ ਅੱਜ ਵੀ ਜੋਸ਼ ਨਾਲ ਕੰਮ ਕਰ ਰਹੇ ਹਨ।

ਕਿਸਾਨਾਂ ਦੇ ਇਸ ਮੋਰਚੇ ਨੂੰ ਮੁੜ ਤੋਂ ਪੈਰਾਂ ਸਿਰ ਕੇ ਇਸ ਨੂੰ ਇਸ ਪੱਕਾ ਤੇ ਪਹਿਲਾਂ ਨਾਲੋਂ ਵੀ ਮਜ਼ਬੂਤ ਕਰ ਦਿੱਤਾ ਉਸ ਵੱਲੋਂ ਇਹ ਕਹਿਣਾ ਕਿ ਪੰਚ ਵੀ ਉਹੀ ਤੇ ਮੰਚ ਵੀ ਉਹੀ ਦੇ ਨਾਅਰੇ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਹੁਲਾਰਾ ਤੇ ਜਿੰਮੇਵਾਰੀ ਦਿੱਤੀ ਤੇ ਉਨਾਂ ਨੂੰ ਵੱਡੇ ਭਰਾਵਾਂ ਵਾਲਾ ਮਾਣ ਵੀ ਦਿੱਤਾ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ। ਉਨਾਂ ਆਖਿਆ ਕਿ ਕਿਸਾਨੀ ਅੰਦੋਲਨ ਦਾ ਸੁਨੇਹਾ ਹੈ ਕਿ ਸਾਰੀ ਲੜਾਈ ਸ਼ਾਂਤੀ ਪੂਰਵਕ ਲੜੀ ਜਾ ਰਹੀ ਹੈ । ਉਨਾਂ ਆਖਿਆ ਕਿ ਮੁਜ਼ੱਫਰ ਨਗਰ ਦੀ ਕਿਸਾਨ ਮਹਾਂ ਪੰਚਾਇਤ ਬਹੁਤ ਹੀ ਇਤਹਾਸਕ ਹੋਵੇਗੀ। ਹੁਣ ਤੱਕ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਬਹੁਤ ਸਾਰੇ ਉਹ ਰਾਜ ਜਿਨਾਂ ਪਹਿਲਾਂ ਕਦੇ ਵੀ ਕਿਸਾਨੀ ਅੰਦੋਲਨ ’ਚ ਸ਼ਮੂਲੀਅਤ ਨਹੀਂ ਕੀਤੀ ਇਸ ਮਹਾਂ ਪੰਚਾਇਤ ’ਚ ਉਹ ਵੀ ਵੱਡੀ ਗਿਣਤੀ ’ਚ ਸ਼ਾਮਿਲ ਹੋ ਰਹੇ ਹਨ। ਉਨਾ ਕਹਿਣਾ ਹੈ ਕਿ ਸਾਡੇ ਇਸ ਮੋਰਚੇ ਦੀ ਪ੍ਰਾਪਤੀ ਇਹ ਹੈ ਕਿ ਇਸ ਵੇਲੇ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਦਿੱਤੀ ਹੈ। ਕਿਸਾਨਾਂ ਲਈ ਪਟਿਆਲਾ ’ਚ ਵਿਦਿਆਰਥੀਪਆਂ ਦੀ ਸਵੇਗ ਸੰਸਥਾ ਵੱਲੋਂ ਕਰਵਾਇਆ ਗਿਆ ਸਮਾਗਮ ਇਤਹਾਸਕ ਹੋ ਨਿਬੜਿਆ ਜਿਥੇ ਸ: ਰਾਜੇਵਾਲ ਆਏ ਸਨ ਕਿਉਕਿ ਵਿਦਿਆਰਥੀ ਵਰਗ ਦਾ ਇਹ ਪਹਿਲਾਂ ਸਮਾਗਮ ਸੀ।

ਕਿਸਾਨ ਅੰਦੋਲਨ ਨੇ ਜਿਸ ਤਰਾਂ ਨੌਜ਼ਵਾਨ ਪੀੜੀ ਦੀ ਸੋਚ ਬਦਲੀ ਹੈ ਇਹ ਵੀ ਇਕ ਅਹਿਮ ਪ੍ਰਾਪਤੀ ਹੈ ਤੇ ਹੁਣ ਸਾਰੇ ਸਬੰਧਤ ਵਰਗ ਕਿਸਾਨਾਂ ਦੇ ਨਾਲ ਜੁੜ ਰਹੇ ਹਨ। ਇਸੇ ਤਰਾਂ ਕਿਸਾਨ ਆਗੂ ਡਾ: ਦਰਸ਼ਨ ਪਾਲ ਦਾ ਕਹਿਣਾ ਹੈ ਕਿ ਇਨਾਂ ਕਾਨੂੰਨਾਂ ਪ੍ਰਤੀ ਸਰਕਾਰ ਨੇ ਪੈਂਤੜੇ ਤਾਂ ਬਹੁਤ ਬਦਲੇ ਪਰ ਕਿਸਾਨਾਂ ਦੇ ਏਕੇ ਨੇ ਕੇਂਦਰ ਸਰਕਾਰ ਦੀ ਇਕ ਨਾ ਚੱਲਣ ਦਿੱਤੀ ਗਈ। ਉਨਾਂ ਆਖਿਆ ਕਿ ਤਾਜ਼ਾ ਰਿਪੋਰਟਾਂ ਇਹ ਹਨ ਕਿ ਇਹ ਕਿਸਾਨ ਮਹਾਂ ਪੰਚਾਇਤ ਸਭ ਤੋਂ ਵੱਡੀ ਹੋਵੇਗੀ । ਉਨਾਂ ਦੱਸਿਆ ਕਿ ਕਿਸਾਨ ਆਗੁ ਨਰੇਸ਼ ਟਿਕੈਤ ਦਾ ਯੂਪੀ ਦੇ ਕਿਸਾਨਾਂ ਨੂੰ ਇਹ ਕਹਿਣਾ ਕਿ ਸਾਡੇ ਵਿਹੜੇ ਮਹਿਮਾਨ ਆ ਰਹੇ ਹਨ ਇਸ ਲਈ ਉਲਾਂ ਦੇ ਭੋਜਨ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ , ਇਸ ਲਈ ਹਰੇਕ ਕਿਸਾਨ ਦੋ ਕਿਲੋ ਆਟੇ ਦੀਆਂ ਰੋਟੀਆਂ ਪਕਾ ਕੇ ਨਾਲ ਲੈਕੇ ਆਵੇ । ਇਹ ਵੀ ਸੂਚਨਾ ਹੈ ਕਿ ਬਹੁਤ ਸਾਰੇ ਧਾਰਮਿਕ ਤੇ ਹੋਰ ਸਥਾਨਾਂ ਨੇ ਅਗਾਉ ਪ੍ਰਬੰਧ ਕਰ ਲਏ ਹਨ ਜੋ ਵਿਹੜੇ ਆਏ ਮਹਿਮਾਨਾਂ ਨੂੰ ਸਾਂਭਣ ਲਈ ਤਿਆਰ ਹਨ।
ਇਸ ਵੇਲੇ ਮੀਡੀਆ ਦੀਆਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਸਪਸ਼ਟ ਹਨ ਕਿ ਜੋ ਇਸ ਸੰਘਰਸ਼ ਦੀ ਚੰਗਿਆੜੀ ਪੰਜਾਬ ਤੋਂ ਲੱਗੀ , ਇਸ ਨੇ ਇਸ ਵੇਲੇ ਸਾਰੇ ਭਾਰਤ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ।

ਸਾਰੇ ਪਾਸੇ ਕਿਸਾਨਾਂ ਦੀ ਹੋ ਰਹੀ ਲੁੱਟ ਦੀ ਜਾਗਰੂਕਤਾ ਫੈਲੀ ਹੈ ਤੇ ਕਿਸਾਨਾਂ ਨੂੰ ਸਮਝ ਵੀ ਆ ਗਈ ਹੈ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਪਿਛੇ ਹਰ ਵਗਰ ਦਾ ਗਲਾ ਘੁੱਟ ਰਹੀਆਂ ਹਨ। ਕਿਸਾਨਾਂ ਦੀ ਜਾਗਰੂਕਤਾ ਨੇ ਪੱਛਮੀ ਬੰਗਾਲ ’ਚ ਭਾਜਪਾ ਨੂੰ ਮੂਧੇਮੂੰਹ ਮਾਰਕੇ ਮਮਤਾ ਬੈਨਰਜੀ ਦੀ ਤ੍ਰੈਮੂਲ ਕਾਂਗਰਸ ਨੂੰ ਤਾਜ ਪਹਿਣਾਇਆ ਹੈ। ਕਿਸਾਨ ਜਥੇਬੰਦੀਆਂ ਦਾ ਇਹੋ ਜਜ਼ਬਾ ਯੂੁਪੀ ’ਚ ਵੀ ਇਤਹਾਸ ਸਿਰਜਣ ਵਾਲੇ ਪਾਸੇ ਵਹੀਰਾਂ ਘੱਤ ਰਿਹਾ ਹੈ ਤੇ ਕਿਸਾਨਾਂ ਨੂੰ ਉਮੀਦ ਹੈ ਹੰਕਾਰੀ ਤੇ ਹੱਠੀ ਨਰਿੰਦਰ ਮੋਦੀ ਨੂੰ ਉਹ ਜ਼ਰੂਰ ਸਬਕ ਸਿਖਾ ਦੇਣਗੇ। ਕਿਸਾਨਾਂ ਨੂੰ ਇੰਜ ਲੱਗਦਾ ਹੈ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਨੂੰ ਠੱਲ ਨਾ ਪਾਈ ਗਈ ਤਾਂ ਇਹ ਇਸੇ ਤਰਾਂ ਬੇਲਗਾਮ ਹੋਕੇ ਲੋਕ ਵਿਰੋਧੀ ਨੀਤੀਆਂ ਅਪਣਾਕੇ ਲੋਕਾਂ ਦਾ ਹੋਰ ਗਲਾ ਘੁੱਟੇਗੀ ਜਿਸ ਨਾਲ ਹਰ ਵਰਗ ਪ੍ਰੀਭਾਵਿਤ ਹੋਵੇਗਾ।

ਕਿਸਾਨਾਂ ਵੱਲੋਂ ਮੁਜੱਫਰਨਗਰ ਦੀ ਮਹਾਂ ਪੰਚਾਇਤ ਨੂੰ ਕਾਮਯਾਬ ਹੀ ਨਹੀਂ ਸਗੋਂ ਇਸ ਨੂੰ ਇਤਹਾਸਕ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹ ਰੈਲੀ ਸਰਕਾਰ ਨੂੰ ਨਾਨੀ ਚੇਤੇ ਕਰਵਾਏਗੀ ਇਹ ਕਿਸਾਨ ਆਗੂਆਂ ਦਾ ਦਾਅਵਾ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਰੈਲੀ ਲਈ ਉਤਰਪ੍ਰਦੇਸ ਦੇ ਕਿਸਾਨਾਂ ਨੇ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ ਜਿਸ ਕਰਕੇ ਕਿਸਾਨਾਂ ’ਚ ਵੱਡਾ ਉਤਸਾਹ ਹੈ ਕਿਸਾਨ ਆਗੂ ਇਸ ਮਹਾਂ ਰੈਲੀ ਲਈ ਪੂਰੀ ਤਰਾਂ ਤਤਪਰ ਹਨ ਪੰਜਾਬ ਦੇ ਸਾਰੇ ਹੀ ਖੇਤਰਾਂ ਤੋਂ ਕਿਸਾਨਾਂ ਨੇ ਮੁਜਫਰ ਨਗਰ ਪਹੁੰਚਣ ਲਈ ਸਾਰੀਆਂ ਅੰੰਤਿਮ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਲੋਕਾਂ ਦਾ ਉਤਸਾਹ ਤੇ ਹੌਸਲਾ ਦੱਸਦਾ ਹੈ ਕਿ ਉਨਾਂ ਦਾ ਏਕਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕੱਫਨ ’ਚ ਕਿੱਲ ਸਾਬਿਤ ਹੋਵੇਗਾ। ਇਹ ਸੰਯੁਕਤ ਮੋਰਚਾ ਅਗਲੇ ਸਮੇਂ ਅੰਦਰ ਦੇਸ ਦੀ ਸਿਆਸਤ ’ਚ ਵੱਡੀ ਤਬਦੀਲੀ ਕਰਨ ਦੀ ਸਮਰਥਾ ਰੱਖਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button