ਡੇਰਿਆਂ ਦੇ ਡੰਗ ਬਨਾਮ ਸਿਆਸਤ ਦੇ ਰੰਗ, ਡੇਰਿਆਂ ‘ਚ ਹੁੰਦੇ ਸਾਰੇ ਕੁਕਰਮ
ਅਮਰਜੀਤ ਸਿੰਘ ਵੜੈਚ (94178-01988)
ਪੰਜਾਬ ‘ਚ ਡੇਰਿਆਂ, ਧੂਣੀਆਂ, ਸੰਤਾਂ, ਸਾਧਾਂ,ਸਿਆਣਿਆਂ , ਪੁਛਾਂ ਦੇਣ ਵਾਲਿਆਂ ਆਦਿ ਦਾ ਬਹੁਤ ਪੁਰਾਣਾ ਚਲਨ ਹੈ । ਇਨ੍ਹਾਂ ‘ਚੋਂ ਬਹੁਤੇ ਚੁੱਪ-ਚੁਪੀਤੇ ਹੀ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ‘ਚ ਆਪਣੀਆਂ ਜੜ੍ਹਾਂ ਫੈਲਾਉਂਦੇ ਰਹੇ । ਇਨ੍ਹਾਂ ‘ਚੋਂ ਕਈ ਬਹੁਤ ਗਿਰ ਚੁੱਕੇ ਸਨ ਪਰ ਮੀਡੀਆ ਦਾ ਯੁੱਗ ਨਾ ਹੋਣ ਕਾਰਨ ਇਹ ਬਦਨਾਮ ਹੋਣੋ ਬਚਦੇ ਰਹੇ । ਇਨ੍ਹਾਂ ‘ਚੋ ਬਹੁਤਿਆਂ ਦਾ ਇਤਿਹਾਸ ਸ਼ਰਮਿੰਦਾ ਕਰਨ ਵਾਲ਼ਾ ਹੀ ਰਿਹਾ ਹੈ ।
ਇਕ ਮੋਟੇ ਜਿਹੇ ਸਰਵੇਖਣ ਅਨੁਸਾਰ ਪੰਜਾਬ ‘ਚ 9000 ਸਿਖਾਂ ਤੇ ਗ਼ੈਰ-ਸਿਖਾਂ ਦੇ ਧਾਰਮਿਕ ਡੇਰੇ ਹਨ । ਇਨ੍ਹਾਂ ‘ਚੋਂ ਕਈ ਵੱਡੇ ਪੱਧਰ ‘ਤੇ ਵਿਚਰਕੇ ‘ਵਿਕਸਿਤ’ ਹੋ ਗਏ ਹਨ ਅਤੇ ਕਈ ਹਾਲੇ ‘ਵਿਕਾਸਸ਼ੀਲ’ ਅਵਸਥਾ ‘ਚ ਹਨ । ਇਨ੍ਹਾਂ ਡੇਰਿਆਂ ‘ਚ ਕਦੇ ਵੀ ਮੰਦੀ ਦਾ ਦੌਰ ਨਹੀਂ ਆਉਂਦਾ ਭਾਵੇ ‘ਹਿੰਡਨਬਰਗ’ ਦੀ ਰਿਪੋਰਟ ਨਾਲ਼ ਅਡਾਨੀ ਦੀਆਂ ਕੰਪਨੀਆਂ ਕੰਬ ਜਾਣ । ਜਦੋਂ ਲੋਕਾਂ ‘ਤੇ ਮੁਸੀਬਤ ਆਉਂਦੀ ਹੈ ਉਸ ਵਕਤ ਇਨ੍ਹਾਂ ‘ਚੋਂ ਬਹੁਤਿਆਂ ਦੇ ਡੇਰੇ ‘ਸ਼ਰਧਾਲੂਆਂ’ ਨਾਲ਼ ਨਿਹਾਲ ਹੋ ਜਾਂਦੇ ਹਨ ।
ਇਨ੍ਹਾਂ ਡੇਰਿਆਂ ‘ਚ ਬਹੁਤੇ ਸ਼ਰਧਾਲੂ ਆਰਥਿਕ ਪੱਖੋਂ ਟੁਟੇ, ਕਾਰੋਬਾਰ ‘ਚ ਮੰਦੀ ਦੇ ਮਾਰੇ,ਆਪਣੇ ਉਦੇਸ਼ਾਂ ‘ਚ ਫ਼ੇਲ ਹੋਏ ਨਿਰਾਸ਼ ਲੋਕ, ਬਿਮਾਰੀਆਂ ਦੇ ਭੰਨੇ ਗਰੀਬ, ਤੇ ਤਾਕਾਵਰ ਲੋਕਾਂ ਦੇ ਸਤਾਏ ਆਦਿ ਹੁੰਦੇ ਹਨ । ਇਨ੍ਹਾਂ ਡੇਰਿਆਂ ‘ਚ ਇਨ੍ਹਾ ਤੋਂ ਇਲਾਵਾ ਰਾਜਸੀ ਲੀਡਰ, ਪੁਲਿਸਵਾਲ਼ੇ , ਕਈ ਵੱਡੇ ਕਾਰੋਬਾਰੀ ‘ਤੇ ਕਈ ‘ਵਿਦਵਾਨ’ ਵੀ ਜਾਂਦੇ ਹਨ ਪਰ ਇਨ੍ਹਾ ਦੇ ਡੇਰਿਆਂ ‘ਚ ਜਾਣ ਦਾ ਮਕਸਦ ਬਾਬਿਆਂ ਦੀ ‘ਰੁਹਾਨੀ ਸ਼ਕਤੀ’ ਦਾ ਅਸ਼ੀਰਵਾਦ ਲੈਣਾ ਨਹੀਂ ਹੁੰਦਾ ਸਗੋਂ ਇਨ੍ਹਾਂ ਦੇ ‘ਏਜੰਡੇ ‘ਹੋਰ ਹੁੰਦੇ ਹਨ ।
ਇਨ੍ਹਾਂ ‘ਰੁਹਾਨੀ ਡੇਰਿਆਂ’ ‘ਚੋਂ ਕਈਆਂ ਦੇ ਮੁੱਖੀ ਤਾਂ ਪਿਛਲੇ ਸਮੇਂ ‘ਚ ਅਦਾਲਤਾਂ ਨੇ ਸਜ਼ਾਵਾਂ ਦੇ ਕੇ ਜੇਲ੍ਹਾਂ ਅੰਦਰ ਭੇਜੇ ਹੋਏ ਹਨ । ਬਾਪੂ ਆਸਾ ਰਾਮ (77) ਦੇ 400 ਤੋਂ ਵੱਧ ਆਸ਼ਰਮ ਤੇ 2 ਕਰੋੜ ਤੋਂ ਵੱਧ ਸ਼ਰਧਾਲੂ ਹਨ ਪਰ ਬਾਪੂ 2013 ਤੋਂ ਬਲਾਤਕਾਰ ਦੇ ਕੇਸ ‘ਚ ਜੇਲ੍ਹ ਅੰਦਰ ਸਜ਼ਾ ਕੱਟ ਰਿਹਾ ਹੈ ਤੇ ਹੁਣ ਫਿਰ ਇਕ ਹੋਰ ਬਲਾਤਕਾਰ ਦੇ ਕੇਸ ‘ਚ ਉਸ ਨੂੰ ਸਜ਼ਾ ਹੋ ਗਈ ਹੈ । ਡੇਰਾ ਸੱਚਾ ਸੌਦਾ ਦਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਅਗਸਤ 2017 ਤੋਂ ਸੀਬੀਆਈ ਵੱਲੋਂ ਬਲਾਤਕਾਰ ਅਤੇ ਇਕ ਕਤਲ ਦੇ ਦੋਸ਼ਾਂ ਹੇਠ ਦਿੱਤੀ ਉਮਰ ਕੈਦ ਨੂੰ ਕੱਟ ਰਿਹਾ ਹੈ ।
ਇਸ ਤੋਂ ਇਲਾਵਾ ਰੋਪੜ ਦਾ ਸੰਤ ਪਿਆਰਾ ਸਿੰਘ ਭਨਿਆਰਾ ਵੀ ਜੇਲ੍ਹ ਅੰਦਰ ਹੀ ਲੰਮਾ ਸਮਾ ਰਿਹਾ ਕਿਉਂਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਪਾਇਆ ਗਿਆ ਸੀ । ਹਰਿਆਣਾ ਦੇ ਕਰੌਂਥਾ ‘ਚ ਸਥਿਤ ਸੱਤਲੋਕ ਆਸ਼ਰਮ ਦੇ ਸੰਤ ਰਾਮਪਾਲ ਵੀ ਲੰਮਾ ਸਮਾਂ ਜੇਲ੍ਹ ‘ਚ ਕੱਟ ਆਇਆ ਹੈ ।
ਇਸ ਤੋਂ ਇਲਾਵਾ ਪੰਜਾਬ ‘ਚ ਪਹਿਲਾਂ 1978 ‘ਚ ਸਿਖਾਂ ਦੇ ਆਖੰਡ ਕੀਰਤਨੀ ਜੱਥੇ ਤੇ ਸੰਤ ਜਰਨੈਲ ਸਿੰਘ੍ਹ ਭਿੰਡਰਾਂਵਾਲਿਆਂ ਨਾਲ਼ ਨਿਰੰਕਾਰੀਆਂ ‘ਚ ਟਕਰਾ ਹੋ ਚੁੱਕਿਆ ਹੈ । ਜਲੰਧਰ ਦੇ ਡੇਰੇ ਸੱਚਖੰਡ ਦੇ ਮੁਖੀ ਦੀ ਵਿਆਨਾ ‘ਚ ਹੱਤਿਆ ਮਗਰੋਂ ਪੰਜਾਬ ‘ਚ ਬਹੁਤ ਹਿੰਸਕ ਘਟਨਾਵਾਂ ਹੋਈਆਂ ਸਨ । ਕੁਝ ਨਿਹੰਗ ਜੱਥੇਬੰਦੀਆਂ ਦਰਮਿਆਨ ਵੀ ਕਈ ਵਾਰ ਗਰਮੋ-ਗਰਮੀ ਹੋ ਚੁੱਕੀ ਹੈ ਤੇ ਕਤਲ ਵੀ ਹੋ ਚੁੱਕੇ ਹਨ । ਬਾਬਾ ਅਜੀਤ ਸਿੰਘ ਫੂਲਾ ਜੋ ਕਤਲ ਅਤੇ ਬਲਾਤਕਾਰ ਜਿਹੇ ਦੋਸ਼ਾਂ ‘ਚ ਅੰਮ੍ਰਿਤਸਰ ਜੇਲ੍ਹ ‘ਚ ਬੰਦ ਸੀ ਨੂੰ ਜੇਲ੍ਹ ‘ਚ ਹੀ ਅੱਗ ਲਾ ਕੇ ਸਾੜ ਦਿਤਾ ਗਿਆ ਸੀ । ਬੁੱਢਾ ਦੱਲ ਦੇ ਮੁੱਖੀ ਨਿਹੰਗ ਬਾਬਾ ਬਲਬੀਰ ਸਿੰਘ ‘ਤੇ ਵੀ 2007 ‘ਚ ਵਿਰੋਧੀ ਗੁਰਪ ਨੇ ਪਟਿਆਲੇ ‘ਚ ਹਮਲਾ ਕਰ ਦਿਤਾ ਸੀ ਜਿਸ ਵਿੱਚ ਨਿਹੰਗ ਮੁੱਖੀ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਸਨ । ਬਾਬਾ ਬਲਬੀਰ ਸਿੰਘ ‘ਤੇ ਬਾਅਦ ਵਿੱਚ ਵੀ ਹਮਲਾ ਹੋਇਆ ਸੀ ਜਿਸ ‘ਚ ਉਹ ਬਚ ਗਏ ਸੀ । ਸੰਨ 2016 ‘ਚ ਨਾਮਧਾਰੀਆਂ ਦੇ ਮੁੱਖੀ ਮਾਤਾ ਚਾਂਦ ਕੌਰ (88)ਨੂੰ ਵੀ ਗੁਰਦੁਆਰਾ ਭੈਣੀ ਸਾਹਿਬ ਵਿਖੇ ਕਤਲ ਕਰ ਦਿਤਾ ਗਿਆ ।
ਪੰਜਾਬ ‘ਚ ਕਈ ਹੋਰ ਡੇਰੇ ਵੀ ਹਨ ਕੋ ਸਿਧੇ ਰੂਪ ‘ਚ ਸਿਖਾਂ ਨਾਲ਼ ਜੁੜੇ ਹੋਏ ਹਨ : ਦਮਦਮੀ ਟਕਸਾਲ, ਨਾਨਾਕਸਰ, ਡੇਰਾ ਬਿਆਸ,ਪ੍ਰਮੇਸ਼ਵਰ ਦੁਆਰ, ਸੰਸਥਾਨ ਆਦਿ । ਇਨ੍ਹਾ ਤੋਂ ਇਲਾਵਾ ਵੀ ਹੋਰ ਧਰਮਾਂ ਦੇ ਕਈ ਇਸੇ ਤਰ੍ਹਾਂ ਦੇ ਸੰਸਥਾਨ ਹਨ ।
ਇਨ੍ਹਾ ਸੰਸਥਾਨਾਂ ‘ਚੋਂ ਸਿਖਾਂ ਦੇ ਬਣੇ ਡੇਰੇ ਵਧੇਰੇ ਚਰਚਾ ‘ਚ ਰਹਿੰਦੇ ਹਨ । ਗੁਰੂ ਨਾਨਾਕ ਦੇ ਸਰਬੱਤ ਦੇ ਭਲੇ ਦੇ ਸੰਕਲਪ ‘ਤੇ ਵਿਕਸਤ ਹੋਏ ਸਿਖ ਧਰਮ ‘ਚੋਂ ਕੁਝ ਕਾਰਨਾਂ ਕਰਕੇ ਕਈ ਲੋਕ ਆਪਣੇ ਵੱਖਰੇ ਡੇਰੇ ਬਣਾਕੇ ਬੈਠ ਗਏ । ਇਹ ਸਮਝਿਆ ਜਾਂਦਾ ਹੈ ਕਿ ਸਿਖਾਂ ਦੀਆਂ ਸੰਸਥਾਵਾਂ, ਐਸਜੀਪੀਸੀ ਸਮੇਤ, ਜ਼ਿਆਦਾ ਸਿਆਸੀ ਅਤੇ ਜੱਟਾਂ ਦੇ ਪ੍ਰਭਾਵ ਥੱਲੇ ਆਉਣ ਕਰਕੇ ਗਰੀਬ ਅਤੇ ਦਲਿਤ ਵਰਗਾਂ ਦੇ ਲੋਕ ਆਪਣੇ ਆਪ ਨੂੰ ਅਣਗੌਲ਼ਿਆ ਸਮਝਣ ਲੱਗ ਪਏ ਜਿਸ ਕਰਕੇ ਉਨ੍ਹਾਂ ‘ਚੋਂ ਕਈਆਂ ਨੇ ਆਪਣੇ ਵੱਖਰੇ ਡੇਰੇ ਬਣਾਉਣ ‘ਚ ਹੀ ਭਲਾਈ ਸਮਝੀ । ਇਹ ਰੁਝਾਨ ਰਾਜਸੀ ਲੀਡਰਾਂ ਨੂੰ ਵੀ ਫਿਟ ਬੈਠਦਾ ਸੀ ਇਸ ਲਈ ਲੀਡਰਾਂ ਨੇ ਵੀ ਨਵੇਂ ਡੇਰਿਆਂ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿਤੀਆਂ । ਬਠਿੰਡੇ ਦੇ ਸਲਾਬਤਪੁਰੇ ‘ਚ ਡੇਰਾ ਸੱਚਾ ਸੌਦਾ ਦੇ ਮੁੱਖੀ ਵੱਲੋਂ 2007 ‘ਚ ਗੁਰੂ ਗੋਬਿੰਦ ਸਿੰਘ ਵਰਗਾ ਬਾਣਾ ਪਾਕੇ ‘ਅੰਮ੍ਰਿਤਪਾਨ’ ਕਰਣਾਉਣ ਦੀ ਘਟਨਾ ਮਗਰੋਂ ਮੱਚਿਆ ਬਵਾਲ਼ ਅਤੇ ਫਿਰ 2015 ‘ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਾਡੀ ਘਟੀਆ ਰਾਜਨੀਤੀ ਦੀ ਹੀ ਦੇਣ ਹੈ ।
ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਡੇਰਿਆਂ ‘ਚੋਂ ਕਈਆਂ ‘ਚ ਹਰ ਕਿਸਮ ਦਾ ਨਸ਼ਾ ਮਿਲ਼ ਜਾਂਦਾ ਹੈ । ਇਹ ਡੇਰੇ ਵੱਡੇ-ਵੱਡੇ ਅਫ਼ਸਰਾਂ ਅਤੇ ਲੀਡਰਾਂ ਦਰਮਿਆਨ ਸਾਲਸ ਦਾ ਕੰਮ ਵੀ ਕਰਦੇ ਹਨ । ਵੋਟਾਂ ਸਮੇਂ ਇਨ੍ਹਾਂ ਡੇਰਿਆਂ ਦੀ ਕੀਮਤ ਵਧ ਜਾਂਦੀ ਹੈ । ਬਹੁਤੇ ਡੇਰਿਆਂ ‘ਚ ਹਰ ਕਿਸਮ ਦਾ ਕੁਕਰਮ ਹੁੰਦਾ ਹੈ । ਇਹ ਡੇਰੇ ਅਸਲ ‘ਚ ਪੁਰਾਣੇ ਸਮਿਆਂ ‘ਚ ਪਿੰਡਾਂ ਦੇ ਬਾਹਰ ਸਾਧਾਂ ਦੀਆਂ ਧੂਣੀਆਂ ਦਾ ਵਿਸਤਾਰਿਤ ਰੂਪ ਹੀ ਹਨ ਜਿਥੇ ਰਾਤ ਦੀਆਂ ਚੌਕੀਆਂ ਭਰਨ ਦੇ ਬਹਾਨੇ ਉਹ ਸਾਧ ਭੋਲ਼ੀਆਂ ਭਾਲ਼ੀਆਂ ਔਰਤਾਂ ਦੀਆਂ ਇਜ਼ਤਾ ਤਾਰ-ਤਾਰ ਕਰ ਦਿੰਦੇ ਸੀ ਤੇ ਉਹ ਔਰਤਾਂ ਆਪਣੇ ਘਰਾਂ ਦੇ ਉਜੜਨ ਦੇ ਡਰ ਦੀਆਂ ਮਾਰੀਆਂ ਉਭਾਸਰਦੀਆਂ ਵੀ ਨਹੀਂ ਸਨ । ਇਹ ਸਾਧ ਔਰਤਾਂ ਨਾਲ਼ ਚੌਂਕੀਆਂ ਭਰਨ ਗਏ ਮਰਦਾਂ ਅਤੇ ਬਜ਼ੁਰਗ ਔਰਤਾਂ ਨੂੰ ਧੂਣੀਆਂ ਸੁੰਘਾਕੇ ਬੇਹੋਸ਼ ਕਰ ਦਿੰਦੇ ਸਨ ਤੇ ਫਿਰ ਰਾਤ ਨੂੰ ਦੂਜੀਆਂ ਔਰਤਾਂ ਨਾਲ਼ ਮਨ ਆਈਆਂ ਕਰਦੇ ਸਨ ।
ਇਹ ਰੁਝਾਨ ਹੁਣ ਨਵਾਂ ਰੂਪ ਲੈ ਗਿਆ ਹੈ ਭਾਵ ਇਹ ਇਕ ਮਾਫ਼ੀਆ ਬਣ ਗਿਆ ਹੈ । ਇਨ੍ਹਾਂ ਡੇਰਿਆਂ ਦਾ ਤੰਤਰ ਹੁਣ ਵੀ ਭੋਲ਼ੇ ਭਾਲੇ ਲੋਕਾਂ ਨੂੰ ਫਸਾਕੇ ਉਨ੍ਹਾਂ ਤੋਂ ਪੈਸੇ ਵੀ ਬਟੋਰਦਾ ਹੈ ਅਤੇ ਉਨ੍ਹਾਂ ਦੀਆਂ ਕੁੜੀਆਂ ਨੂੰ ਫੁਸਲਾਕੇ ਆਪਣੀਆਂ ਪ੍ਰਚਾਰਕ ਬਣਾ ਰਿਹਾ ਹੈ ਅਤੇ ਜਦੋਂ ਮਾਪੇ ਕੁੜੀਆਂ ਨੂੰ ਵਾਪਸ ਮੰਗਦੇ ਹਨ ਤਾਂ ਬਲੇਕ ਮੇਲ ਕਰਕੇ ਧਮਕੀਆਂ ਦਿਤੀਆਂ ਜਾਂਦੀਆਂ ਹਨ । ਇਨ੍ਹਾਂ ਸਤਰਾਂ ਦੇ ਲੇਖਕ ਨੇ ਤਕਰੀਬਨ ਸਾਰੇ ਹੀ ਵੱਡੇ ਡੇਰਿਆਂ ਦਾ ਦੌਰਾ ਕੀਤਾ ਹੈ : ਇਨ੍ਹਾ ‘ਚੋਂ ਬਹੁਤੇ ਡੇਰਿਆਂ ‘ਚ ਸਰਮਨਾਕ ਸਥਿਤੀਆਂ ਵੇਖਣ ਨੂੰ ਮਿਲ਼ੀਆਂ ।
ਹੁਣ ਵੱਡੇ ਡੇਰੇ ਛੋਟੇ ਡੇਰਿਆਂ ਨੂੰ ਆਪਣੇ ‘ਚ ਮਿਲਾਉਣ ਦੀਆਂ ਤਿਆਰੀਆਂ ‘ਚ ਹਨ ਜੋ ਰੁਝਾਨ ਕਿਸੇ ਖਤਰਨਾਕ ਦਿਸ਼ਾ ਵੱਲ ਵੀ ਵਧ ਸਕਦਾ ਹੈ । ਇਨ੍ਹਾ ਡੇਰਿਆਂ ‘ਚ ਲੋਕ ਅਥਾਹ ਪੈਸਾ ਚੜ੍ਹਉਂਦੇ ਹਨ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ । ਲੋਕ ਭਾਵੁਕ ਹੋਕੇ ਸੋਨਾ ਚੜ੍ਹਾ ਦਿੰਦੇ ਹਨ ਤੇ ਕਈ ਤਾਂ ਇਨ੍ਹਾ ਡੇਰਿਆਂ ਦੇ ਐਨੇ ਕਾਇਲ ਹੋ ਜਾਂਦੇ ਹਨ ਕਿ ਆਪਣੀਆਂ ਜ਼ਮੀਨਾਂ ਵੀ ਇਨ੍ਹਾ ਦੇ ਨਾਂ ਲਾ ਦਿੰਦੇ ਹਨ । ਇਨ੍ਹਾਂ ‘ਚੋਂ ਕਈ ਮੁੱਖੀ ਡੇਰਿਆਂ ਦੀ ਕਮਾਈ ਨਾਲ਼ ਆਪਣੇ ਪਿਛਲੇ ਪਰਿਵਾਰਾਂ ‘ਚ ਜਾਇਦਾਦਾਂ ਵੀ ਖਰੀਦਣ ਲੱਗ ਜਾਂਦੇ ਹਨ । ਇਨ੍ਹਾਂ ਡੇਰਿਆਂ ‘ਚ ਹਥਿਆਰ ਵੀ ਜਮ੍ਹਾਂ ਹੁੰਦੇ ਹਨ ।
ਇਨ੍ਹਾਂ ‘ਚੋਂ ਬਹੁਤੇ ਡੇਰਿਆਂ ‘ਚ ਵਿਹਲੇ, ਨਿਕੰਮੇ, ਜਰਾਇਮਪੇਸ਼ਾ ਅਤੇ ਨਸ਼ੈੜੀ ਨੌਜੁਆਨ ਤੇ ਦੂਸਰੇ ਲੋਕ ਜ਼ਿਆਦਾ ਹੁੰਦੇ ਹਨ । ਅਜਿਹੇ ਡੇਰਿਆਂ ਨੂੰ ਫੌਰਨ ਨੱਥ ਪਾਉਣ ਦੀ ਲੋੜ ਹੈ ਜੋ ਸਮਾਜ ‘ਚ ਵਖਰੇਵੇਂ ਪੈਦਾ ਕਰਦੇ ਹਨ , ਨਸ਼ੇ ਫੇਲਾਉਂਦੇ ਹਨ ਅਤੇ ਔਰਤਾਂ ਦਾ ਸੋਸ਼ਣ ਕਰਦੇ ਹਨ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਲੋੜ ਪਵੇ ਤਾਂ ਸੰਵਿਧਾਨ ‘ਚ ਵੀ ਸੋਧ ਕਰਨੀ ਚਾਹੀਦੀ ਹੈ ।
ਪੰਜਾਬ ‘ਚ ਸਿਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਗੁਰੂਆਂ ਦੇ ‘ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’ ( ਗੁਰੂ ਅਰਜੁਨ ਦੇਵ, ਅੰਗ 97) ਦੇ ਸੰਕਲਪ ਨੂੰ ਲਾਗੂ ਕਰਨ ਲਈ ਸਮੁੱਚੇ ਸਿਖ ਜਗਤ ਨੂੰ ਇਕ ਛੱਤ ਥੱਲੇ ਇਕੱਠਾ ਕਰਨ ਤਾਂ ਜੋ ਸਿਖ ਪੰਥ ‘ਚ ਆ ਰਹੇ ਨਿਘਾਰ ਨੂੰ ਠੱਲ ਪਈ ਜਾਵੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.