Opinion

ਸਾਹਿਤਕ ਅਤੇ ਸਭਿਅਚਾਰਿਕ ਬਾਗ ਦੀਆਂ ਖ਼ੁਸ਼ਬੋਆਂ ਦਾ ਵਣਜਾਰਾ : ਗੁਰਭਜਨ ਸਿੰਘ ਗਿੱਲ

ਉਜਾਗਰ ਸਿੰਘ

ਗੁਰਭਜਨ ਗਿੱਲ ਪੰਜਾਬੀ ਸਾਹਿਤਕ ਅਤੇ ਸਭਿਆਚਾਰਿਕ ਵਿਰਾਸਤ ਦੇ ਹਰ ਰੰਗ ਦਾ ਕਦਰਦਾਨ ਹੈ, ਜਿਸ ਕਰਕੇ ਉਹ ਉਸਦਾ ਪਹਿਰੇਦਾਰ ਬਣਕੇ  ਸਮਾਜਿਕ ਫੁਲਵਾੜੀ ਨੂੰ ਰੌਸ਼ਨਾ ਰਿਹਾ ਹੈ। ਉਸ ਨੇ ਪੰਜਾਬੀ ਵਿਰਾਸਤ ਤੋਂ ਆਨੰਦਮਈ ਜੀਵਨ ਜਿਓਣ ਦੀ ਅਜਿਹੀ ਜਾਚ ਸਿੱਖੀ ਕਿ ਉਹ ਉਸ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਆਪਣੀ ਵਿਰਾਸਤ ਨੂੰ ਸਮਝਣਾ ਅਤੇ ਫਿਰ ਉਸ ਨੂੰ ਪ੍ਰਫੁਲਤ ਕਰਨਾ, ਹਰ ਇਕ ਜਣੇ ਖਣੇ ਦੇ ਹਿੱਸੇ ਨਹੀਂ ਆਇਆ, ਕਿਉਂਕਿ ਵਿਰਾਸਤੀ ਫੁੱਲਾਂ ਦੀ ਖ਼ੁਸ਼ਬੋ ਨੂੰ ਮਹਿਸੂਸ ਕਰਨ ਦੀ ਸਮਰੱਥਾ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਵੈਸੇ ਫ਼ੁਲਾਂ ਦੀ ਖ਼ੁਸ਼ਬੋ ਤਾਂ ਹਰ ਪ੍ਰਾਣੀ ਹੀ ਨਹੀਂ ਸਗੋਂ ਪਰਿੰਦੇ ਵੀ ਮਾਣਦੇ ਹਨ। ਉਹ ਮਾਨਣ ਵੀ ਕਿਉਂ ਨਾ ਜਿਹੜੀ ਕੁਦਰਤ ਨੇ ਦਾਤ ਦਿੱਤੀ ਹੈ, ਉਹ ਸਰੀਰਕ ਤੇ ਮਾਨਸਿਕ ਤਿ੍ਰਪਤੀ ਵੀ ਦਿੰਦੀ ਹੈ? ਭੌਰ ਤਾਂ ਫੁੱਲਾਂ ਦੀ ਖ਼ੁਸ਼ਬੋ ਮਾਨਣ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਵੀ ਦੇ ਦਿੰਦਾ ਹੈ।

ਕੁਰਬਾਨੀ ਦੇ ਕੇ ਉਹ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ। ਇਨਸਾਨ ਫੁੱਲਾਂ ਦੀ ਖ਼ੁਸ਼ਬੋ ਨੂੰ ਮਾਣਦਾ ਵੀ ਹੈ ਅਤੇ ਮਿੱਧਦਾ ਵੀ ਹੈ। ਫੁੱਲ ਭਾਵੇਂ ਕੁਦਰਤ ਦੀ ਕਲਾ ਦਾ ਅਦਭੁੱਤ ਨਮੂਨਾ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਖ਼ੁਸ਼ਬੋ ਅਤੇ ਬੀਜ ਦੇ ਰੂਪ ਵਿੱਚ ਜ਼ਿੰਦਗੀ ਮਿਲਦੀ ਹੈ, ਪਰੰਤੂ ਫਿਰ ਵੀ ਫੁੱਲਾਂ ਦੀ ਖੁਸ਼ਬੋ ਸਥਾਈ ਨਹੀਂ ਹੁੰਦੀ, ਅਰਥਾਤ ਥੋੜ੍ਹੇ ਸਮੇਂ ਲਈ ਹੁੰਦੀ ਹੈ। ਜਿਹੜੀ ਖ਼ੁਸ਼ਬੋ ਇਨਸਾਨ ਦੇ ਸਕਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਪਰੰਤੂ ਇਹ ਸਭ ਕੁਝ ਖ਼ੁਸ਼ਬੂ ਦੇਣ ਵਾਲੇ ਦੀ ਵਿਰਾਸਤ, ਖੁਲ੍ਹਦਿਲੀ ਅਤੇ ਸਮਰਪਣ ਦੀ ਸਮਰੱਥਾ ‘ਤੇ ਨਿਰਭਰ ਕਰਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਉਹ ਕਿਹੜੀ ਖ਼ੁਸ਼ਬੋ ਹੈ, ਜਿਸ ਨੂੰ ਇਨਸਾਨ ਦੇ ਸਕਦਾ ਹੈ? ਇਹ ਖ਼ੁਸ਼ਬੋ ਪਿਆਰ, ਸਤਿਕਾਰ, ਸੁਹੱਪਣ ਅਤੇ ਸਮਰਪਣ ਦੀ ਹੁੰਦੀ ਹੈ। ਇਹ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਖ਼ੁਸ਼ਬੋ ਦਾ ਆਨੰਦ ਦਰਿਆ ਦਿਲ ਵਿਅਕਤੀ ਹੀ ਮਾਣ ਸਕਦੇ ਹਨ।

ਇਨ੍ਹਾਂ ਨੂੰ ਮਹਿਸੂਸ ਕਰਨ ਅਤੇ ਮਾਨਣ ਵਾਲੇ ਦੀ ਭਾਵਨਾ ਸਾਹਿਤਕ ਸੋਚ ਵਾਲੇ ਇਨਸਾਨਾ ਵਿੱਚ ਹੁੰਦੀ ਹੈ। ਅਸਲ ਵਿੱਚ ਉਹ ਸਾਹਿਤਕ ਫੁਲਬਾੜੀ ਦੀ ਖ਼ੁਸ਼ਬੋ ਹੈ, ਜਿਹੜੀ ਪੰਜਾਬੀ ਮਾਂ ਬੋਲੀ ਦੇ ਮੁੱਦਈ ਤੇ ਸਪੂਤ ਗੁਰਭਜਨ ਸਿੰਘ ਗਿੱਲ ਦਿੰਦੇ ਆ ਰਹੇ ਹਨ, ਜਿਹੜੇ ਇਹ ਖ਼ੁਸ਼ਬੋ ਆਪਣੇ ਲੇਖਾਂ, ਕਵਿਤਾਵਾਂ, ਗ਼ਜ਼ਲਾਂ, ਰੁਬਾਈਆਂ ਅਤੇ ਗੀਤਾਂ ਰਾਹੀਂ ਦਿੰਦੇ ਹਨ। ਉਨ੍ਹਾਂ ਦੀ ਕਮਾਲ ਹੈ ਕਿ ਉਹ ਪੰਜਾਬੀ ਵਿਰਾਸਤ ਅਤੇ ਸਾਹਿਤਕਾਰਾਂ ਦੀਆਂ ਸਾਹਿਤਕ ਖ਼ੁਸ਼ਬੋਆਂ ਦੇ ਇਨਸਾਈਕਲੋਪੀਡੀਆ ਵੀ ਹਨ। ਉਹ ਸਾਹਿਤਕ ਸ਼ਬਦਾਵਲੀ ਦਾ ਭੰਡਾਰ ਹਨ। ਉਨ੍ਹਾਂ ਦੀ ਸ਼ਬਦਾਵਲੀ ਦਰਿਆ ਦੀਆਂ ਲਹਿਰਾਂ ਦੇ ਵਹਿਣ ਦੀ ਤਰ੍ਹਾਂ ਪਾਠਕਾਂ ਨੂੰ ਆਪਣੇ ਨਾਲ ਵਹਾ ਕੇ ਲਿਜਾਂਦੀ ਹੋਈ ਸਰਸ਼ਾਰ ਕਰ ਦਿੰਦੀ ਹੈ।

ਸੰਸਾਰ ਦੇ ਕਿਸੇ ਵੀ ਦੂਰ ਦੁਰਾਡੇ ਇਲਾਕੇ ਵਿੱਚ ਕੋਈ ਵੀ ਸਾਹਿਤਕ, ਸੰਗੀਤਕ ਅਤੇ ਕਲਾ ਦੇ ਖੇਤਰ ਵਿੱਚ ਸਰਗਰਮੀ ਹੋਵੇ ਜਾਂ ਵਿਰਾਸਤ ਨਾਲ ਸੰਬੰਧਤ ਘਟਨਾ ਵਾਪਰੇ ਤਾਂ ਗੁਰਭਜਨ ਗਿੱਲ ਦੀ ਕਲਮ ਉਸ ਸੰਬੰਧੀ  ਜਾਣਕਾਰੀ ਦਿੰਦੀ ਹੋਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਾਖਿਓਂ ਵਰਗੀ ਮਿੱਠੀ ਸ਼ਬਦਾਵਲੀ ਦਾ ਰੂਪ ਧਾਰ ਲੈਂਦੀ ਹੈ। ਪਾਠਕਾਂ ਦੇ ਦਿਲ ਅਸ਼ ਅਸ਼ ਕਰਦੇ ਹੋਏ, ਉਸ ਹਸਤੀ ਦੇ ਸ਼ਬਦਾਂ ਵਿੱਚ ਦਰਸ਼ਨ ਕਰਦੇ ਹੋਏ ਗੁਰਭਜਨ ਗਿੱਲ ਦੀ ਅਕੀਦਤ ਨੂੰ ਪ੍ਰਣਾਮ ਕਰਨੋ ਰਹਿ ਨਹੀਂ ਸਕਦੇ। ਪੰਜਾਬੀ ਵਿਰਾਸਤ ਦੇ ਪ੍ਰਤੀਕ ਪੁਰਾਤਨ ਅਤੇ ਆਧੁਨਿਕ, ਸਾਹਿਤਕਾਰਾਂ, ਗਾਇਕਾਂ, ਪੇਂਟਰਾਂ, ਸੰਗੀਤਕਾਰਾਂ, ਕਲਾਕਾਰਾਂ, ਕਲਾ ਦੇ ਪ੍ਰੇਮੀਆਂ, ਰਾਗੀਆਂ, ਢਾਡੀਆਂ, ਸੁਤੰਤਰਤਾ ਸੰਗਰਾਮੀਆਂ, ਦੇਸ਼ ਭਗਤਾਂ, ਸ਼ਹੀਦਾਂ, ਕਰਾਂਤੀਕਾਰਾਂ, ਕਦਰਦਾਨਾ ਅਤੇ ਪਾਰਖੂਆਂ ਦੇ ਖ਼ਜਾਨਿਆਂ ਨੂੰ ਪਾਠਕਾਂ ਅਤੇ ਸ੍ਰੋਤਿਆਂ ਦੇ ਅੱਗੇ ਦਿਲ ਨੂੰ ਟੁੰਬਣ ਵਾਲੀ ਸਾਹਿਤਕ ਰਸਭਿੰਨੀ ਸ਼ਬਦਾਵਲੀ ਵਿੱਚ ਪਰੋਸ ਕੇ ਦਿ੍ਰਸ਼ਟਾਂਤਕ ਰੂਪ ਵਿੱਚ ਪ੍ਰਤੱਖ ਕਰ ਦਿੰਦੇ ਹਨ।

ਇਹ ਗੁਰਭਜਨ ਗਿੱਲ ਦੀ ਵਿਦਵਤਾ, ਸੰਜੀਦਗੀ, ਸਿਆਣਪ, ਸੂਝ, ਪਾਰਖੂ ਅੱਖ ਅਤੇ ਉਸਾਰੂ ਸੋਚ ਦਾ ਪ੍ਰਗਟਾਵਾ ਹੈ। ਇਹ ਸਾਹਿਤਕ ਖ਼ੁਸ਼ਬੋ ਅਜਿਹੀ ਹੈ, ਜਿਸ ਦੀ ਮਹਿਕ ਸਥਾਈ ਰਹਿੰਦੀ ਹੈ। ਪਾਠਕ ਜਿਤਨਾ ਇਸ ਖ਼ੁਸ਼ਬੋ ਦਾ ਆਨੰਦ ਮਾਨਣਗੇ, ਇਹ ਉਤਨੀ ਹੀ ਫਿਜਾ ਵਿੱਚ ਫ਼ੈਲਦੀ ਜਾਵੇਗੀ ਅਤੇ ਸਾਰੇ ਵਾਤਵਰਨ ਨੂੰ ਮਹਿਕਣ ਲਗਾ ਦੇਵੇਗੀ। ਗੁਰਭਜਨ ਗਿੱਲ ਦੀ ਸਾਹਿਤਕ ਖ਼ੁਸ਼ਬੋ ਪਾਠਕਾਂ ਨੂੰ ਰੂਹ ਦੀ ਖ਼ੁਰਾਕ ਪ੍ਰਦਾਨ ਕਰਕੇ ਉਸ ਨੂੰ ਵੀ ਸੰਤੁਸ਼ਟ ਕਰਦੀ ਹੈ। ਇਸ ਖ਼ੁਸ਼ਬੋ ਨੂੰ ਕੋਈ ਖੋਹ ਨਹੀਂ ਸਕਦਾ ਅਤੇ ਨਾ ਹੀ ਚੋਰੀ ਕਰ ਸਕਦਾ ਹੈ, ਇਸ ਖ਼ੁਸ਼ਬੋ ਨੂੰ ਜੇਕਰ ਕੋਈ ਖੋਹੇਗਾ ਜਾਂ ਚੋਰੀ ਕਰੇਗਾ ਤਾਂ ਇਹ ਸਮੁਚੇ ਸਮਾਜਿਕ ਭਾਈਚਾਰੇ ਨੂੰ ਆਨੰਦਮਈ ਬਣਾ ਦੇਵੇਗੀ। ਪੰਜਾਬੀ ਸ਼ਬਦਾਂ ਦੀ ਖ਼ੁਸ਼ਬੋ ਦਾ ਆਨੰਦ ਇਨਸਾਨ ਸ਼ੇਖ ਫਰੀਦ ਦੇ ਜ਼ਮਾਨੇ ਤੋਂ ਮਾਣਦਾ ਆ ਰਿਹਾ ਹੈ। ਇਸ ਖ਼ੁਸ਼ਬੂ ਦਾ ਸਿਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਬਾਣੀ ਹੈ, ਜਿਹੜੀ ਇਨਸਾਨ ਨੂੰ ਰੂਹਾਨੀਅਤ ਖ਼ੁਸ਼ਬੂ ਰਾਹੀਂ ਨਿਹਾਲ ਕਰ ਦਿੰਦੀ ਹੈ।

ਗੁਰਬਾਣੀ ਦੀ ਖ਼ੁਸ਼ਬੋ ਸੰਸਾਰ ਦੇ ਕੋਨੇ ਕੋਨੇ ਵਿੱਚ ਸੁਗੰਧੀਆਂ ਵੰਡ ਰਹੀ ਹੈ। ਗੁਰਭਜਨ ਗਿੱਲ ਆਪਣੀ ਸਾਹਿਤਕ ਖ਼ੁਸ਼ਬੋ ਦੀਆਂ ਲਗਪਗ ਦੋ ਦਰਜਨ ਤੋਂ ਉਪਰ ਪੁਸਤਕਾਂ ਪੰਜਾਬੀ ਪਾਠਕਾਂ ਦੀ ਮਾਨਸਿਕ ਤਿ੍ਰਪਤੀ ਕਰਦੀਆਂ ਹੋਈਆਂ ਸਮਾਜਿਕ ਵਿਸੰਗਤੀਆਂ ਦਾ ਪਰਦਾ ਫਾਸ਼ ਕਰਕੇ ਲੋਕਾਈ ਨੂੰ ਲਾਮਬੰਦ ਹੋਣ ਲਈ ਕੁਰੇਦਦੀਆਂ ਹਨ। ਗੁਰਭਜਨ ਗਿੱਲ ਜਦੋਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਜਿਨ੍ਹਾਂ ਦਾ ਲੋਕਾਈ ਦੇ ਜੀਵਨ ‘ਤੇ ਗ਼ਲਤ ਪ੍ਰਭਾਵ ਪੈਂਦਾ ਹੈ ਤਾਂ ਉਨ੍ਹਾਂ ਬਾਰੇ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਦੇ ਸਮੇਂ ਸਾਹਿਤਕ ਖ਼ੁਸ਼ਬੋ ਦੀ ਅਜਿਹੀ ਪਾਣ ਚਾੜ੍ਹਦਾ ਹੈ, ਜਿਸ ਨਾਲ ਲੋਕਾਂ ਦੀ ਮਾਨਸਿਕ ਤਸੱਲੀ ਤਾਂ ਹੁੰਦੀ ਹੀ ਹੈ ਪ੍ਰੰਤੂ ਸਰਕਾਰਾਂ ਨੂੰ ਵੀ ਦਰੁਸਤ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਗੁਰਭਜਨ ਗਿੱਲ ਦਾ ਸਾਹਿਤਕ, ਸੰਗੀਤਕ, ਸਭਿਆਚਾਰਕ, ਗਾਇਕੀ, ਕਲਾ ਅਤੇ ਕਲਾਕਾਰਾਂ ਦੀ ਬਿਹਤਰੀ ਲਈ ਵਿਲੱਖਣ ਯੋਗਦਾਨ ਹੈ, ਇਸ ਲਈ ਉਨ੍ਹਾਂ ਨੂੰ ਸਾਹਿਤਕ, ਸਭਿਆਚਾਰਕ, ਵਿਰਾਸਤ, ਸੰਗੀਤਕ, ਗਾਇਕੀ, ਕਲਾ, ਪੇਂਟਿੰਗ ਅਤੇ ਕਲਾਕਾਰਾਂ ਦਾ ਦੂਤ ਕਿਹਾ ਜਾ ਸਕਦਾ ਹੈ, ਜਿਹੜਾ ਇਨ੍ਹਾਂ ਕਲਾਕਾਰਾਂ ਦੀ ਪ੍ਰਤਿਭਾ ਦੀ ਪਛਾਣ ਕਰਕੇ ਲੋਕਾਈ ਤੱਕ ਪਹੁੰਚਾ ਰਿਹਾ ਹੈ।

ਉਸ ਨੂੰ ਪੰਜਾਬੀ ਸਭਿਆਚਾਰਿਕ ਵਿਰਾਸਤ ਦਾ ਸਾਹਿਤਕ ਦੂਤ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਵਿਰਾਸਤ ਦੇ ਸਾਰੇ ਰੰਗਾਂ ਨੂੰ ਆਪ ਮਾਣਦਾ ਵੀ ਹੈ ਅਤੇ ਲੋਕਾਂ ਲਈ ਪ੍ਰਸਤੱਤ ਕਰਦਾ ਹੈ। ਅਜਿਹੇ ਲੋਕਾਂ ਦੀ ਕਲਾ ਨੂੰ ਸਮਝਣ ਦੀ ਸਮਰੱਥਾ ਗੁਰਭਜਨ ਗਿੱਲ ਦੇ ਵਿਅਕੀਤਿਵ ਨੂੰ ਹੋਰ ਨਿਖਾਰਦੀ ਅਤੇ ਨਿਹਾਰਦੀ ਹੈ। ਇਨ੍ਹਾਂ ਖੇਤਰਾਂ ਵਿੱਚ ਮਾਅਰਕੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਸਰਕਾਰਾਂ ਅਤੇ ਹੋਰ ਸਵੈਇੱਛਤ ਸੰਸਥਾਵਾਂ ਮਾਣ ਸਨਮਾਨ ਦਿੰਦੀਆਂ ਹਨ। ਮਾਣ ਸਨਮਾਨ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ। ਕਈ ਵਾਰੀ ਸਰਕਾਰਾਂ ਅਤੇ ਸੰਸਥਾਵਾਂ ਤਾਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਂਦੀਆਂ ਹਨ, ਜਾਂ ਇਉਂ ਕਹਿ ਲਵੋ ਕਿ ਵਿਸਾਰ ਦਿੰਦੀਆਂ ਹਨ ਪਰੰਤੂ ਗੁਰਭਜਨ ਗਿੱਲ ਇਨ੍ਹਾਂ ਨੂੰ ਕਦੀ ਵੀ ਭੁੱਲਦੇ ਅਤੇ ਵਿਸਾਰਦੇ ਨਹੀਂ। ਸਗੋਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪ੍ਰੇਰਦੇ ਰਹਿੰਦੇ ਹਨ। ਏਥੇ ਹੀ ਬਸ ਨਹੀਂ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਭੁੱਲੇ ਵਿਸਰੇ ਇਨ੍ਹਾਂ ਵਰਗਾਂ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਿਵੇਂ ਰੱਖਦੇ ਹਨ, ਫਿਰ ਉਨ੍ਹਾਂ ਬਾਰੇ ਸਾਰਥਿਕ ਅਤੇ ਸਹੀ ਜਾਣਕਾਰੀ ਸ਼ੋਸ਼ਲ ਮੀਡੀਆ ਰਾਹੀਂ ਲਗਪਗ ਹਰ ਪੰਜਾਬੀ ਦੇ ਮੁੱਦਈ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।

ਇਤਨੀ ਜਾਣਕਾਰੀ ਦਾ ਖ਼ਜਾਨਾ ਉਨ੍ਹਾਂ ਕੋਲ ਕਿਵੇਂ ਪਹੁੰਚਦਾ ਹੈ, ਇਸ ਬਾਰੇ ਜਦੋਂ ਸੋਚਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਵਿਰਾਸਤ, ਸਾਹਿਤਕ ਸੋਚ ਅਤੇ ਨਿੱਜੀ ਲਾਇਬਰੇਰੀ ਅਮੀਰ ਹੈ ਅਤੇ ਉਹ ਉਨ੍ਹਾਂ ਪੁਸਤਕਾਂ ਨੂੰ ਪੜ੍ਹਦੇ ਹੀ ਨਹੀਂ ਸਗੋਂ ਜ਼ਿੰਦਗੀ ਵਿੱਚ ਹੰਢਾਉਂਦੇ ਵੀ ਹਨ?  ਸਮਾਜ ਨੂੰ ਪੁਸਤਕਾਂ ਪੜ੍ਹਨ ਅਤੇ ਉਨ੍ਹਾਂ ‘ਤੇ ਸੰਬਾਦ ਕਰਨ ਨੂੰ ਵੀ ਪ੍ਰੇਰਦੇ ਹਨ। ਕਈ ਵਾਰੀ ਹਜ਼ਾਰਾਂ ਸਾਲ ਪਹਿਲਾਂ ਇਨ੍ਹਾਂ ਖੇਤਰਾਂ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਪਾਏ ਯੋਗਦਾਨ ਨੂੰ ਪਾਠਕਾਂ ਸਾਹਮਣੇ ਪਰੋਸ ਦਿੰਦੇ ਹਨ। ਮੇਰੀ ਨਿਗੂਣੀ ਜਿਹੀ ਸਮਝ ਮੁਤਾਬਕ ਸ਼ਬਦ ਦੀ ਸਾਂਝ ਉਨ੍ਹਾਂ ਨੂੰ ਗੁਰਬਾਣੀ ਤੋਂ ਪ੍ਰੇਰਨਾ ਲੈਣ ਕਰਕੇ ਹੀ ਮਿਲੀ ਲਗਦੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਸ਼ਬਦ ਅਤੇ ਸੰਬਾਦ ਨੂੰ ਪ੍ਰਣਾਉਣ ਦੀ ਪ੍ਰੇਰਨਾ ਦਿੰਦੇ ਰਹੇ ਹਨ। ਗੁਰਭਜਨ ਗਿੱਲ ਗੁਰੂ ਸਾਹਿਬਾਨ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ ਸਮਾਜ ਦੀ ਸੇਵਾ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਆਪਣੀ ਗੋਡਿਆਂ ਦੀ ਤਕਲੀਫ਼ ਹੋਣ ਦੇ ਬਾਵਜੂਦ ਲੋੜ ਤੋਂ ਵੱਧ ਸਰਗਰਮ ਰਹਿੰਦੇ ਹਨ। ਪਰਵਾਸ ਵਿੱਚ ਜਿਹੜੇ ਪੰਜਾਬੀ ਆਪਣੇ ਸਭਿਆਚਾਰ ‘ਤੇ ਪਹਿਰਾ ਦੇ ਰਹੇ ਹਨ, ਉਨ੍ਹਾਂ ਦੇ ਯੋਗਦਾਨ ਨੂੰ ਵੀ ਲੋਕਾਈ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਆਪਣੀ ਸਾਹਿਤਕ ਖ਼ੁਸ਼ਬੋ ਦੀ ਇਕ ਪੁਸਤਕ ਹਰ ਸਾਲ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਕੇ ਆਪਣਾ ਫਰਜ਼ ਵੀ ਨਿਭਾ ਰਹੇ ਹਨ। ਪਰਮਾਤਮਾ ਉਨ੍ਹਾਂ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖੇ ਤਾਂ ਜੋ ਉਹ ਇਹ ਸਾਹਿਤਕ ਖ਼ੁਸ਼ਬੋਆਂ ਖਿਲਾਰਦੇ ਰਹਿਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                       

ਮੋਬਾਈਲ-94178 13072

ujagarsingh48@yahoo.com

IMG 1839 Copy Copy 2

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button