EDITORIAL

‘ਵਿਸ਼ਵਾਸ ਮੱਤ’ ਦੀ ਕੀਮਤ ਤਿੰਨ ਕਰੋੜ  

ਕਿਸੇ ਮੁੱਦੇ 'ਤੇ ਨਿਠ ਕੇ ਨਹੀਂ ਹੋਈ ਚਰਚਾ

ਅਮਰਜੀਤ ਸਿੰਘ ਵੜੈਚ (9417801988)

ਕੱਲ੍ਹ ਸਮਾਪਤ ਹੋਏ ਪੰਜਾਬ ਵਿਧਾਨ ਸਭਾ ਦੇ ਚਾਰ ਰੋਜ਼ਾ ਸੈਸ਼ਨ ‘ਤੇ ਨਜ਼ਰ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਸਾਡੀ ਸਿਆਸਤ ਕਿਸ ਹੱਦ ਤੱਕ ਸਮਾਜਿਕ ਸਰੋਕਾਰਾਂ ਨੂੰ ਦਰ-ਕਿਨਾਰ ਕਰਕੇ ‘ਸੀਮਤ’ ਹੁੰਦੀ ਜਾ ਰਹੀ ਹੈ। ਚਾਰ ਦਿਨਾਂ ਦੇ ਇਸ ਸੈਸ਼ਨ ‘ਤੇ ਤਕਰੀਬਨ ਤਿੰਨ ਕਰੋੜ ਦਾ ਖਰਚ ਹੋਇਆ ਹੈ। ਲੋਕ ਘਰਾਂ ‘ਚ ਟੀਵੀ  ਤੇ ਸਮਾਰਟ ਫੋਨਾਂ ‘ਤੇ ਇਸ ਦੀ ਕਾਰਵਾਈ ਵੇਖਦੇ ਰਹੇ ਜੋ ਪਹਿਲੀ ਵਾਰੀ ਹੋ ਰਹੀ ਸੀ। ਚਾਰ ਦਿਨ ਹੀ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ, ਇਕ ਆਜ਼ਾਦ, ਤਿੰਨ ਆਕਾਲੀ ਤੇ ਇਕ ਬੀਐੱਸਪੀ ਦੇ ਵਿਧਾਇਕ ਚੁੱਪ ਰਹੇ। ਪਹਿਲੇ ਦਿਨ ਤੋਂ ਸਿਵਾ ਬੀਜੇਪੀ ਗ਼ੈਰ-ਹਾਜ਼ਿਰ ਰਹ । ਅੰਤਲੇ ਦਿਨ, ਤਿੰਨ ਅਕਤੂਬਰ ਨੂੰ ਸਰਕਾਰ ਨੇ ਵਿਸ਼ਵਾਸ ਮੱਤ ‘ਤੇ ਬਹਿਸ ਮਗਰੋਂ ਵੋਟਿੰਗ ਕਰਵਾਈ ਜਿਸ ਬਾਰੇ ਪਹਿਲਾਂ ਹੀ ਪਤਾ ਸੀ ਕਿ ਇਹ ਮਤਾ ਪਾਸ ਹੀ ਹੋਣਾ ਸੀ ਕਿਉਂਕਿ ਸਰਕਾਰ ਕੋਲ 91, ਜਮ੍ਹਾਂ ਇਕ ਸਪੀਕਰ, ਵਿਧਾਇਕ ਹਨ : ਹੈਰਾਨੀ ਤਾਂ ਇਸ ਗੱਲ ਦੀ ਹੋਈ ਕਿ ਵਿਸ਼ਵਾਸ ਮੱਤ ‘ਤੇ ਵੋਟਿੰਗ ਹੋਣ ਤੋਂ ਬਾਅਦ 91 ਦੀ ਥਾਂ 93 ਮੱਤ ਪਏ ਕਿਉਂਕਿ ਸਪੀਕਰ ਨੇ ਇਕ ਆਕਾਲੀ ਮਨਪ੍ਰੀਤ ਇਯਾਲੀ ਤੇ ਇਕ ਬੀਐੱਸਪੀ ਵਿਧਾਇਕ ਡਾ: ਸੁਖਵਿੰਦਰ ਸਿੰਘ ਦੀ ਵੋਟ ਨੂੰ ਵੀ ਮਤੇ ਦੇ ਹੱਕ ‘ਚ ਹੀ ਗਿਣ ਲਿਆ ਕਿਉਂਕਿ ਇਨ੍ਹਾਂ ਦੋਹਾਂ ਨੇ ਵੋਟ ਦਾ ਬਟਨ ਹੀ ਨਹੀਂ ਦਬਾਇਆ ਸੀ।

ਕਾਂਗਰਸ ਵਾਲੇ ਤਾਂ ਮੰਤਰੀ ਫੌਜਾ ਸਿੰਘ ਸਰਾਰੀ ਨੂੰ ‘ਆਡੀਓ ਲੀਕ’ ਮਾਮਲੇ ‘ਚ ਬਰਖਾਸਤ ਕਰਨ ਦੀ ਮੰਗ ਨਾਲ ਲਾਲ ਰੰਗ ਦੇ ਐਪਰਨ ਪਾਕੇ ਵਿਧਾਨਸਭਾ ‘ਚ ਪਹੁੰਚੇ। ਕਾਂਗਰਸ ਵਾਲੇ ਆਪਣੇ ਸਾਬਕਾ ਮੰਤਰੀਆਂ ਧਰਮਸੋਤ, ਆਸ਼ੂ, ਅਰੋੜਾ ਤੇ ਗਿਲਚੀਆਂ ‘ਤੇ ਲੱਗੇ ਕਥਿਤ ਘਪਲਿਆਂ ਦੇ ਦੋਸ਼ ਬਾਰੇ ਕਿਉਂ ਚੁੱਪ ਰਹੇ ਸੈਸ਼ਨ ਦੌਰਾਨ ? ਇਸੇ ਤਰ੍ਹਾਂ ‘ਆਪ’ ਵਾਲੇ ਵੀ ਦੋਹਰੇ ਮਾਪ-ਦੰਡ ਅਪਣਾਉਣ ਦੇ ਦੋਸ਼ੀ ਹਨ :  ਵਿਰੋਧੀ ਧਿਰਾਂ ਅਨੁਸਾਰ ਮਾਨ ਸਰਕਾਰ ਨੇ ਵਿਜੇ ਸਿੰਗਲਾ ਨੂੰ ਤਾਂ ਬਿਨ੍ਹਾਂ ਜਾਂਚ ਦੇ ਹੀ ਮੰਤਰੀ ਤੋਂ ਸਾਬਕਾ ਮੰਤਰੀ ਬਣਾਕੇ ਗ੍ਰਿਫ਼ਤਾਰ ਕਰਵਾ ਦਿੱਤਾ ਪਰ ਹੁਣ ਸਰਾਰੀ ‘ਤੇ ਲੱਗੇ ਦੋਸ਼ਾਂ ਲਈ ਜਾਂਚ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਲਈ ਵਿਰੋਧੀ ਧਿਰਾਂ ਦਾ ਇਹ ਤਰਕ ਵਜ਼ਨ ਵਾਲਾ ਹੈ।

ਵਿਧਾਇਕਾ ਗਗਨ ਮਾਨ ਨੂੰ ਆਪਣੀ ਕਵਿਤਾ ਟੈਸਟ ਕਰਨ ਲਈ ਸਰੋਤੇ ਮਿਲ ਗਏ ਜਦੋਂ ਕਿ ਪ੍ਰਤਾਪ ਬਾਜਵਾ, ਜੋ ਵਿਰੋਧੀ ਧਿਰ ਦੇ ਨੇਤਾ ਹਨ, ਨੂੰ ਇਸ ਗੱਲ ਦਾ ਹਿਰਖ ਸੀ ਕਿ ਵਿਧਾਨਸਭਾ ਦੀ ਟੀਵੀ ਅਤੇ ਸੋਸ਼ਲ ਮੀਡੀਆ ਲਈ ਲਾਈਵ ਸਟਰੀਮਿੰਗ ‘ਚ ਕਾਂਗਰਸ ਨੂੰ ਨਹੀਂ ਵਿਖਾਇਆ ਜਾ ਰਿਹਾ। ਬੀਜੇਪੀ ਵਾਲੇ ਪਹਿਲੇ ਦਿਨ ਤੋਂ ਮਗਰੋਂ ਲਗਾਤਾਰ ਗ਼ੈਰ-ਹਾਜ਼ਿਰ ਰਹੇ। ਸੈਸ਼ਨ ਦੀਆਂ ਛੁੱਟੀਆਂ ਦੌਰਾਨ ਭਗਵੰਤ ਮਾਨ ਤਾਂ ਗੁਜਰਾਤ ਦਾ ਦੌਰਾ ਵੀ ਪੂਰਾ ਕਰ ਲਿਆ ਤੇ ਨਾਲੇ ਉਥੇ ਭੰਗੜਾ ਪਾ ਕੇ ਤਰੋ-ਤਾਜ਼ਾ ਹੋ ਆਏ। ਬੇਅਦਬੀ, ਕਰਜ਼ਾ, ਮੀਂਹ ਕਾਰਨ ਤਬਾਹ  ਝੋਨੇ ਦੀਆਂ ਫ਼ਸਲਾਂ, ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਚੋਂ ਤੇ ਨਸ਼ੇ ਦੇ ਕੇਸਾਂ ‘ਚ ਫੜੇ ਗਏ ਤਸਕਰ ਅਮਰੀਕ ਸਿੰਘ ਦੇ  ਪਟਿਆਲੇ ਸਰਕਾਰੀ ਹਸਪਤਾਲ ‘ਤੋਂ ਫਰਾਰ ਹੋਣ ਤੇ ਗੁਰਦਾਸਪੁਰ ‘ਚ ਇਕ ਪੁਲਿਸ ਵਾਲੇ ਤੋਂ ਹਥਿਆਰ ਖੋਹਣ ਦੇ ਮਸਲੇ ਵਿਰੋਧੀ ਧਿਰ ਨੇ ਉਠਾਏ। ਕੁਝ ਇਕ ਨੇ ਆਪਣੇ ਹਲਕਿਆਂ ਦੇ ਸਥਾਨਕ ਮਸਲੇ ਸਰਕਾਰ ਨੂੰ ਦੱਸੇ ਜਿਨ੍ਹਾਂ ਦਾ ਨਾਲੋਂ ਨਾਲ ਮੰਤਰੀਆਂ ਨੇ ਜਵਾਬ ਦੇ ਦਿਤਾ।  ਨਸ਼ੇ ਦੇ ਵਧ ਰਹੇ ਵਪਾਰ ਤੇ ਜਾਨਾਂ ਗਵਾ ਰਹੇ ਲੋਕਾਂ ਦੀ ਵੀ ਗੱਲ ਹੋਈ ਪਰ ਇਹ ਸਭ ਮੁੱਦੇ ਸਿਰਫ਼ ਸਰਕਾਰ ਨੂੰ ‘ਫ਼ੇਲ੍ਹ’ ਹੋਈ ਸਿੱਧ ਕਰਨ ਲਈ ਹੀ ਚੁੱਕੇ ਗਏ ਲਗਦੇ ਸਨ ਕਿਉਂਕਿ ਕਿਸੇ ਵੀ ਮੁੱਦੇ ‘ਤੇ ਕੋਈ ਗੰਭੀਰ ਸੰਵਾਦ ਨਹੀਂ ਹੋਇਆ ਤੇ ਨਾ ਹੀ ਸਰਕਾਰ ਵੱਲੋਂ ਕੋਈ ਸਮਾਂ ਬੱਧ ਹੱਲ ਕੱਢਣ ਦਾ ਵਿਸ਼ਵਾਸ ਦਿੱਤਾ ਗਿਆ।

ਕੱਲ੍ਹ ਲਖੀਮਪੁਰ ਖੀਰੀ ਕਾਂਡ ਦੀ ਬਰਸੀ ਸੀ ਜਿਸ ਵਿੱਚ ਪਿਛਲੇ ਵਰ੍ਹੇ ਤਿੰਨ ਅਕਤੂਬਰ ਨੂੰ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਐੱਸਯੂਵੀ ਚਾੜ੍ਹਕੇ  4 ਕਿਸਾਨ ਤੇ ਇਕ ਪੱਤਰਕਾਰ ਸਮੇਤ 8 ਲੋਕ ਦਰੜ ਦਿਤੇ  ਸੀ। : ਇਸ ਬਾਰੇ ਵਿਧਾਨ ਸਭਾ ‘ਚ ਜ਼ਿਕਰ ਨਹੀਂ ਕੀਤਾ ਗਿਆ ਜਦੋਂ ਕਿ ਕੱਲ੍ਹ ਹੀ ਪੰਜਾਬ ‘ਚ ਕਿਸਾਨ ਜਥੇਬੰਦੀਆਂ ਨੇ ਤਿੰਨ ਘੰਟੇ ਰੇਲਾਂ ਰੋਕ ਕੇ ਆਪਣਾ ਵਿਰੋਧ ਜਿਤਾਇਆ ਸੀ ਕਿਉਂਕਿ ਹਾਲੇ ਤੱਕ  ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ, ਦਿਸੰਬਰ 2021 ਦੇ ਸਮਝੌਤੇ ਅਨੁਸਾਰ, ਮੰਗਾ ਨਹੀਂ ਮੰਨੀਆਂ। ਕੱਲ੍ਹ ਖੀਰੀ ‘ਚ ਵੀ ਕਿਸਾਨਾਂ ਨੇ ਭਰਵਾਂ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਸਾਰੇ ਸੈਸ਼ਨ ਦੌਰਾਨ ਸਿਰਫ਼ ਪਾਰਟੀਆਂ ਜਾਂ ਤਾਂ ਇਕ ਦੂਜੀ ਪਾਰਟੀ ਨੂੰ ਨੀਵਾਂ ਵਿਖਾਉਣ ‘ਤੇ ਲੱਗੀਆਂ ਰਹੀਆਂ ਜਾਂ ਫਿਰ ਆਪਣੀ ਰੱਖਿਆ ‘ਚ ਵਾਰ-ਪਲਟਵਾਰ ਕਰਦੀਆਂ ਰਹੀਆਂ। ਸਿਰਫ਼ ‘ਵਿਸ਼ਵਾਸ ਮੱਤ’ ਨੂੰ ਛੱਡਕੇ  ਹੋਰ ਕਿਸੇ ਵੀ ਮੁੱਦੇ ‘ਤੇ ਨਾ ਤਾਂ ਨਿਠ ਕੇ ਚਰਚਾ ਹੋਈ ‘ਤੇ ਨਾ ਹੀ ਕਿਸੇ ਨੇ ਕੋਸ਼ਿਸ਼ ਹੀ ਕੀਤੀ। ਵਿਸ਼ਵਾਸ ਮਤੇ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ  ਮੁੱਖ ਮੰਤਰੀ ਨੇ ਸਿਰਫ਼ ਕਥਿਤ ‘ਅਪਰੇਸ਼ਨ ਲੋਟਸ’ ਦੀਆਂ ਪੱਤੀਆਂ ਮਸਲਣ ਦੀ ਕੋਸ਼ਿਸ਼ ਕੀਤੀ ਤੇ ਵਿਰੋਧੀ ਧਿਰਾਂ ਦੇ ਜਵਾਬ ਦਿਤੇ ਨਾਲੇ ਮਸਾਲੇ ਲਾਕੇ ਟੋਟਕੇ ਲਾਏ ਪਰ ‘ਆਪ’ ਦੀਆਂ ਗਰੰਟੀਆਂ,  ਕਿਸਾਨਾਂ ਦੀਆਂ ਖੁਦਕੁਸ਼ੀਆਂ, ਸੰਗਰੂਰ ‘ਚ ਰੋਜ਼ ਕੁੱਟੇ ਜਾਂਦੇ ਧਰਨਾਕਾਰੀਆਂ, ਘਰ-ਘਰ ਆਟਾ ਦਾਲ਼, ਵੱਧ ਰਹੇ ਰੇਤਾ ਬੱਜਰੀ ਦੇ ਰੇਟ, ਐਕਸਾਈਜ਼ ਪਾਲਿਸੀ, ਸਰਾਰੀ ਆਦਿ ‘ਤੇ ਗੱਲ ਕਰਨੀ ਠੀਕ ਨਹੀਂ ਸਮਝੀ।

ਭਾਵੇਂ ਸਰਕਾਰ ਨੇ ਵਿਸ਼ਵਾਸ ਮੱਤ ਜਿਤ ਲਿਆ ਹੈ ਪਰ ਜਿਹੜੇ ਲੋਕ ਟੀਵੀ ‘ਤੇ ਅੱਖਾਂ ਗੱਡੀ ਬੈਠੇ ਸਨ ਉਨ੍ਹਾਂ ਨੂੰ ਤਸੱਲੀ ਨਹੀਂ ਹੋਈ ਕਿਉਂਕਿ ਇੰਜ ਲੱਗ ਰਿਹਾ ਹੈ ਕਿ ਸਰਕਾਰ ਸਿਰਫ਼ ‘ਗੇਂਦ’ ਨੂੰ ਇਧਰ ਉਧਰ ਹੀ ਘੁਮਾ ਰਹੀ ਹੈ ਕੋਈ ਗੋਲ ਨਹੀਂ ਕਰ ਰਹੀ। ਭਾਵੇਂ ਲੋਕਾਂ ਨੇ ਪੁਰਾਣੀਆਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ‘ਸੱਤ੍ਹਾ ਦੇ ਗਲੀਚੇ’ ਤੋਂ ਝਾੜ ਕੇ ਫਿਲਹਾਲ ਪਰ੍ਹਾਂ ਸੁੱਟ ਦਿਤਾ ਹੈ ਪਰ ਇਕ ਗੱਲ  ਪੱਕੀ ਹੈ ਕਿ ਸਾਬਕਾ ਮੁੱਖ-ਮੰਤਰੀਆਂ ਪਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ, ਜ਼ੈਲ ਸਿੰਘ, ਗੁਰਮੁਖ ਸਿੰਘ ਮੁਸਾਫਿਰ ਤੇ ਪ੍ਰਤਾਪ ਸਿੰਘ ਕੈਰੋਂ ਵਰਗੇ ਦੱਮਦਾਰ ਭਾਸ਼ਨ ਸੁਣਲ ਲਈ ਹਾਲੇ ਲੋਕਾਂ ਨੂੰ ਉਡੀਕ ਕਰਨੀ ਪਏਗੀ। ਭਗਵੰਤ ਮਾਨ ਵੀ ਹੌਲ਼ੀ ਹੌਲ਼ੀ ਟਰੇਂਡ ਹੋ ਜਾਣਗੇ।

 

 

 

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button