EDITORIAL

ਪੰਜਾਬੀਆਂ ਨੂੰ ਕੀਤਾ ਜਾ ਰਿਹਾ ਜਾਣ ਬੁੱਝ ਕੇ ਬਦਨਾਮ

ਜਦੋਂ  ਇੱਕ ਪੰਜਾਬੀ ਦਾ ਸਸਕਾਰ ਨਾ ਕਰਨ ਦਿੱਤਾ ਕੈਨੇਡਾ ਨੇ !                     

ਅਮਰਜੀਤ ਸਿੰਘ ਵੜੈਚ (94178-01988) 

ਜਦੋਂ ਕੈਨੇਡਾ ‘ਚ 1907 ‘ਚ ਪਹਿਲੀ ਵਾਰ ਕਿਸੇ ਪੰਜਾਬੀ ਦੀ ਮੌਤ ਹੋਈ ਸੀ ਤਾਂ ਵੈਨਕੂਵਰ ਦੇ ਮੇਅਰ ਨੇ ਉਸ ਦਾ ਸਸਕਾਰ ਸ਼ਹਿਰ ‘ਚ ਨਹੀਂ ਕਰਨ ਦਿੱਤਾ ਸੀ ਤੇ ਉਸ ਦਾ ਸਸਕਾਰ ਪੰਜਾਬੀਆਂ ਨੇ ਸ਼ਹਿਰ ਤੋਂ ਬਾਹਰ ਕਿਤੇ ਹੋਰ ਕੀਤਾ ਸੀ ; ਓਸੇ ਹੀ ਕੈਨੇਡਾ  ਵਿੱਚ  ਜਗਮੀਤ ਸਿੰਘ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ 2019 ‘ਚ ‘ਹਾਊਸ ਆਫ ਕਾਮਨਜ਼’ ਲਈ 18 ਸਿਖ ਮੈਂਬਰ ਚੁਣੇ ਗਏ ਸੀ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਾਉਣ ‘ਚ ‘ਕਿੰਗ ਮੇਕਰ’ ਦਾ ਰੋਲ ਕੀਤਾ ਸੀ। ਕੈਨੇਡਾ ‘ਚ ਦੱਖਣੀ-ਏਸ਼ੀਆ ‘ਚੋਂ ਜਾਕੇ ਵੱਸਣ ਵਾਲ਼ੇ ਲੋਕਾਂ ‘ਚ ਪੰਜਾਬੀ ਸਿਖ ਸੱਭ ਤੋਂ ਪਹਿਲੇ ਲੋਕ ਸਨ। ਪੰਜਾਬੀ ਸੱਭ ਤੋਂ ਪਹਿਲਾਂ 1897 ‘ਚ ਅੰਗਰੇਜ਼ੀ ਫ਼ੋਜਾਂ ਦੇ ਹਿੱਸੇ ਵਜੋਂ ਵੈਨਕੂਵਰ ‘ਚ ਗਏ ਸਨ ਜਦੋਂ ਮਹਾਂਰਾਣੀ ਵਿਕਟੋਰੀਆ ਦੀ ‘ਡਾਇਮੰਡ ਜੁਬਲੀ’ ਮਨਾਈ ਗਈ ਸੀ। ਹੁਣ ਪੰਜਾਬੀਆਂ ਤੇ ਖਾਸ ਕਰ ਸਿਖਾਂ ਦੀ ਕੈਨੇਡਾ ‘ਚ ਹਰ ਇਕ ਖੇਤਰ ‘ਚ ਵੱਖਰੀ ਪਹਿਚਾਣ ਹੈ ।

ਹੁਣ ਖ਼ਬਰਾਂ ਡਰ ਤੇ ਸ਼ਰਮ ਵਾਲ਼ੀਆਂ ਆ ਰਹੀਆਂ ਹਨ : ਦੋ ਦਿਨ ਪਹਿਲਾਂ ਕੈਨੇਡਾ ‘ਚ ਫੜੇ ਗਏ 11 ਖ਼ਤਰਨਾਕ ਗੈਂਗਸਟਰਾਂ ‘ਚੋਂ ਨੌਂ ਰੰਗਲ਼ੇ ਪੰਜਾਬ ਦੇ ਦੁੱਧ-ਦਹੀਂ-ਮੱਖਣਾ ਨਾਲ਼ ਪਾਲ਼ੇ  ਉਨ੍ਹਾਂ ਬਦਕਿਸਮਤ ਮਾਂਵਾਂ ਦੇ  ਪੁੱਤਰ ਹਨ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੀ ਲੰਮੀ ਉਮਰ ਤੇ ਚੜ੍ਹਦੀਕਲਾ ਲਈ ਕਈ-ਕਈ ਸੁੱਖਾਂ ਸੁਖੀਆਂ ਹੋਣਗੀਆਂ…. ! ਇਸ ਤੋਂ ਵੀ ਖ਼ਤਰਨਾਕ ਖ਼ਬਰ ਪਿਛਲੇ ਵਰ੍ਹੇ ਜੂਨ ‘ਚ ਆਈ ਸੀ ਜਦੋਂ ਟੋਰਾਂਟੋ ਪੁਲਿਸ ਨੇ ਅੰਤਰਾਸ਼ਟਰੀ ਪੱਧਰ ‘ਤੇ ਹੁਣ ਤੱਕ ਦਾ ਸੱਭ ਤੋਂ ਵੱਡਾ  ਨਸ਼ਿਆਂ ਦਾ ਭੰਡਾਰ ਯਾਨੀ ਚਾਰ ਕੁਇੰਟਲ ਚੁਤਾਲ਼ੀ ਕਿਲੋ ਦੇ ਨਸ਼ੇ ਫੜੇ ਜਿਨਾਂ ਦੀ ਬਾਜ਼ਾਰ ‘ਚ ਕੀਮਤ ਛੇ ਅਰਬ ਰੁ: ਦੀ ਬਣਦੀ ਸੀ ; ਇਸ ਛਾਪੇ ਵਿੱਚ 20 ਨਸ਼ਾ ਤਸਕਰ ਫੜੇ ਗਏ ਜਿਨ੍ਹਾਂ ‘ਚ ਨੌਂ ਰੰਗਲੇ-ਪੰਜਾਬ ਦੇ ‘ਪੰਜਾਬੀ’ ਸਨ ; ਇਨ੍ਹਾਂ ‘ਚੋਂ ਇਕ 43 ਸਾਲਾਂ ਦੀ ‘ਪੰਜਾਬਣ’ ਹਰਵਿੰਦਰ ਭੁੱਲਰ ਵੀ ਸੀ।

ਦਸੰਬਰ 21 ‘ਚ ‘ਏਅਰ ਕਨਾਡਾ’ ਦੀ ਇਕ ਸਹਾਇਕ ਮਨਦੀਪ ਸ਼ਾਹੀ ਨੂੰ ਇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਹ ਫ਼ਲਾਈਟ ‘ਚ ਢਾਈ ਕਰੋੜ ਤੋਂ ਵੱਧ ਦੇ ਨਸ਼ੇ ਲਜਾਂਦੀ ਫੜੀ ਗਈ ਸੀ। ‘ਜੱਸੀ ਸਿੱਧੂ ਕਤਲ ਕੇਸ 2000’ ਨੇ ਪੰਜਾਬੀਆਂ ਨੂੰ ਉਦੋਂ ਸ਼ਰਮਸਾਰ ਕੀਤਾ ਸੀ ਜਦੋਂ ਕੈਨੇਡਾ ‘ਚ ਰਹਿੰਦੀ ਮਾਂ ਨੇ ਆਪਣੇ ਭਰਾ ਨਾਲ ‌ਮਿਲ਼ਕੇ ਆਪਣ‌ੀ ਧੀ ਜੱਸੀ ਨੂੰ, ਆਪਣੀ ਜ਼ਾਤ ਤੋਂ ਬਾਹਰ ਵਿਆਹ ਕਰਵਾਉਣ ਕਰਕੇ, ਭਾੜੇ ਦੇ ਕਾਤਲਾਂ ਤੋਂ ਪੰਜਾਬ ਦੇ ਮਲੇਰਕੋਟਲਾ ਨੇੜੇ ਕਤਲ ਕਰਵਾ ਦਿਤਾ ਸੀ ਜਿਸ ‘ਚ ਜੱਸੀ ਦਾ ਪਤੀ ਬਚ ਗਿਆ ਸੀ । ਇਸੇ ਵਰ੍ਹੇ ਪੰਜਾਬੀ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿਧੂ ਮੂਸੇਵਾਲਾ ਦਾ ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਕਤਲ ਕਰਵਾ ਦਿਤਾ ਗਿਆ।

ਇਕ ਪਾਸੇ ਪੰਜਾਬ ਦੀਆਂ ਧੀਆਂ ਤੇ ਪੁੱਤਰ ਇੰਗਲੈਂਡ ‘ਚ ਹੋ ਰਹੀਆਂ ਰਾਸ਼ਟਰ ਸੰਘ ਖੇਡਾਂ ‘ਚ ਭਾਰਤ ਦਾ ਤਿਰੰਗਾ ਝੁਲਾ ਰਹੇ ਨੇ ਓਥੇ  ਨਾਲ ਦੀ ਨਾਲ ਪੰਜਾਬ ‘ਚੋ ਨਿਕਲਕੇ ਕੈਨੇਡਾ ਪਹੁੰਚ ਗਏ ਗੈਂਗਸਟਰ ਪੰਜਾਬ ਦਾ ਨਾਂ ਮਿੱਟੀ ‘ਚ ਮਲਾਉਣ ਲੱਗੇ ਹਨ । ਉਹ ਵੀ ਪੰਜਾਬੀ ਹੀ ਸਨ ਜੋ ਗੁਰਦਿਤ ਸਿੰਘ ਸੰਧੂ ਦੀ ਅਗਵਾਈ ‘ਚ ਜਪਾਨੀ ਕਾਮਾਗਾਟਾ ਮਾਰੂ ਜਹਾਜ਼  ਲੈਕੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਕਰਨ ਵਾਸਤੇ ਕੈਨੇਡਾ ਦੀ ਵੈਨਕੂਵਰ ਨੇੜੇ ਬੰਦਰਗਾਹ ‘ਤੇ ਜਾ ਪਹੁੰਚੇ ਸਨ।

ਪੰਜਾਬ ‘ਚ ਪਿਛਲੇ ਸਾਲ ਤੋਂ ਹੀ ਗੈਂਗਸਟਰ ਗੁੱਟਾਂ ‘ਚ ਖਹਿਬਾਜ਼ੀ ਦੀਆਂ ਘਟਨਾਵਾਂ ਹੋਣ ਲੱਗ ਪਈਆਂ ਸਨ ਜਦੋਂ ਮੋਗੇ ਵਿੱਚ ਕਾਂਗਰਸੀ ਨੇਤਾ ਗੁਰਲਾਲ ਪਹਿਲਵਾਨ ਦੀ ਦਿਨ ਦਿਹਾੜੇ ਹੀ ਹੱਤਿਆ ਕਰ ਦਿਤੀ ਗਈ ਸੀ, ਫਿਰ ਪਿਛਲੇ ਵਰ੍ਹੇ ਹੀ  ਮੁਹਾਲੀ ‘ਚ ਮਿਡੂ ਖੇੜਾ ਦਾ ਸ਼ਰੇਆਮ ਕਤਲ, ਇਸ ਸਾਲ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦਾ ਨਕੋਦਰ ‘ਚ ਕਤਲ ; ਇਨ੍ਹਾਂ ਸਾਰੇ ਹੀ ਕਤਲਾਂ ਦੇ ਤਾਰ ਬਾਹਰਲੇ ਮੁਲਕਾਂ ‘ਚ ਬੈਠੇ ਸਰਗਣਿਆਂ ਨਾਲ਼ ਜੁੜ ਰਹੇ ਹਨ।

ਪੰਜਾਬ ‘ਚੋ ਜਵਾਨੀ ਮੌਜੂਦਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਸਥਿਤੀਆਂ ਤੋਂ ਉਦਾਸ ਹੋਕੇ ਬਾਹਰਲੇ ਮੁਲਕਾਂ ਵੱਲ ਜਾ ਰਹੀ ਹੈ ; ਵਿਦੇਸ਼ਾਂ ‘ਚ ਜਾਣ ਲਈ ਕੱਚੇ ਵਿਆਹ, ਝੁਠੇ ਵਿਆਹ, ਭੈਣ ਨਾਲ਼,ਸਹੁਰੇ ਜਾਂ ਦਿਓਰ ਨਾਲ ਵਿਆਹ ਵਰਗੇ ਢੰਗ ਤਰੀਕੇ ਵਰਤੇ ਜਾ ਰਹੇ ਹਨ। ਜਿਹੜੀਆਂ ਲੜਕੀਆਂ ਸਮਝਦੀਆਂ ਹਨ ਕਿ ਉਹ ਵਿਦੇਸ਼ ‘ਚ ਜਾਕੇ  ਸਵਰਗ ਦੇ ਝੂਟੇ ਲੈਣਗੀਆਂ ਉਨ੍ਹਾਂ ਨੂੰ ਕੈਨੇਡਾ ਦੇ ਪੰਜਾਬੀ ਕਹਾਣੀਕਾਰ ਹਰਜੀਤ ਅਟਵਾਲ ਦੀ ਕਿਤਾਬ ਇਕ ‘ਇਕ ਸੱਚ ਮੇਰਾ ਵੀ ‘ਪੜ੍ਹ ਲੈਣੀ ਚਾਹੀਦੀ ਹੈ ਕਿ ਪੰਜਾਬੀ ਪਰਿਵਾਰ ਇਥੋਂ ਗਈਆਂ ਕੁੜੀਆਂ ਦੀ ਕਿੰਨੀ  ਕੁ ‘ਇਜ਼ਤ’ ਕਰਦੇ ਹਨ। ਆਹ ਪਰਸੋਂ ਅਮਰੀਕਾ ‘ਚ ਰਹਿੰਦੀ ਯੂਪੀ ਦੇ ਪੰਜਾਬੀ ਸਿਖ ਪਰਿਵਾਰ ਦੀ ਧੀ ਨੇ ਕਿਵੇਂ ਪਤੀ ਤੇ ਸੱਸ ਤੋਂ ਤੰਗ ਆਕੇ ਕਿਵੇਂ ਪਹਿਲਾਂ ਫੇਸਬੁੱਕ ‘ਤੇ ਆਪਣੇ ਨਰਕ ਦੀ ਕਹਾਣੀ ਬਿਆਨ ਕੀਤੀ ਤੇ ਫਿਰ ਆਪਣੀਆਂ ਦੋ ਕੁੜੀਆਂ ਨੂੰ ਛੱਡਕੇ ਆਤਮ-ਹੱਤਿਆ ਕਰ ਲਈ। ਇਸ ਤੋਂ ਪਹਿਲਾਂ ਅਸੀਂ ਕਈ ਵਾਰ ਪੰਜਾਬ ਤੋਂ ਗਏ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਪੜ੍ਹ ਚੁੱਕੇ ਹਾਂ ।

ਇਕੱਲੇ ਕੈਨੇਡਾ ‘ਚ ਹੀ ਨਹੀਂ ਬਾਕੀ ਮੁਲਕਾਂ ‘ਚ ਵੀ ਜਿਥੇ ਪੰਜਾਬੀ ਜਾ ਕੇ ਵੱਸੇ ਹਨ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲ਼ ਰਹੀਆਂ ਹਨ ; ਵਿਆਹ ਟੁੱਟ ਰਹੇ ਹਨ, ਮੁੰਡੇ ਨਸ਼ਿਆਂ ‘ਚ ਲਿਪਤ ਹੋ ਰਹੇ ਹਨ, ਕਈ ਨਸ਼ਿਆਂ ਦੀ ਸਮੱਗਲਿੰਗ ‘ਚ ਧੱਸ ਗਏ ਹਨ ਤੇ ਕਈ ਫੁਕਰਾਪੰਥੀ ‘ਚ ਪੈ ਕੇ ਹੁਣ ਬਦਨਾਮ ਗੈਂਗਸਟਰ ਬਣ ਗਏ ਹਨ ਤੇ ਕੁਝ ਨੌਜਵਾਨ ਵੱਖਵਾਦੀ ਤੱਤਾਂ ਦੇ ਵੀ ਧੱਕੇ ਚੜ੍ਹ ਰਹੇ ਹਨ। ਇਧਰ ਮਾਪਿਆਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਬੱਚਾ ਉਥੇ ਕੀ ਕਰ ਰਿਹਾ ਹੈ ਕਿਉਂਕਿ ਬੱਚਿਆਂ ‘ਤੇ ਨਿਗਾਹ ਰੱਖਣ ਵਾਲਾ ਕੋਈ ਨਹੀਂ ਹੁੰਦਾ।

ਕੈਨੇਡਾ ਵਿੱਚ ਸੱਤ ਲੱਖ ਦੇ ਕਰੀਬ ਪੰਜਾਬੀ ਹਨ ਤੇ ਇਨ੍ਹਾਂ ‘ਚੋ ਪੰਜ ਲੱਖ ਸਿਖ ਪਰਿਵਾਰ ਹਨ। ਕੈਨੇਡਾ ‘ਚ ਕੁਲ ਪ੍ਰਵਾਸੀਆਂ ‘ਚੋਂ 60 ਫ਼ੀਸਦ ਪ੍ਰਵਾਸੀ ਪੰਜਾਬੀ ਹਨ। ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕੁਝ ਪੰਜਾਬ  ਤੇ ਸਿਖ ਵਿਰੋਧੀ ਏਜੰਸੀਆਂ ਜਾਣ ਬੁਝਕੇ ਪੰਜਾਬ ਨੂੰ ਬਦਨਾਮ ਕਰਨ ਦੇ ਜਾਲ਼ ਬੁਣ ਰਹੀਆਂ ਹਨ। ਇਨ੍ਹਾਂ ਦਿਨਾਂ ‘ਚ ਆ ਰਹੀਆਂ ਮਾੜੀਆਂ ਖ਼ਬਰਾਂ ਕਈ ਨੌਜਵਾਨਾਂ ਤੇ ਮਾਪਿਆਂ ਦੇ ਦਿਲ ਤੋੜਨ ਵਾਲ਼ੀਆਂ ਹਨ ; ਜਿਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ‘ਚ ਪਹਿਲਾਂ ਹੀ ਗਏ ਹੋਏ ਹਨ ਉਨ੍ਹਾਂ ਦੇ ਅੰਦਰ ਵੀ ਡੋਬੂ ਪੈਣ ਲੱਗ ਪਏ ਹਨ।

ਇਸ ਵਕਤ ਲੋੜ ਇਹ ਹੈ ਕੇ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਬਾਹਰ ਭੇਜਦੇ ਹਾਂ ਤਾਂ ਲੋੜ ਤੋਂ ਵੱਧ ਚੌਕਸ ਰਹੀਏ; ਗ਼ਲਤ ਢੰਗ , ਲੋਟੂ ਏਜੰਟਾਂ ਤੇ ਠੱਗ ਵਿਦਿਆਕ ਸੰਸਥਾਵਾਂ ਤੋਂ ਦੂਰੀ ਬਣਾ ਕੇ ਰੱਖੀਏ । ਜੇਕਰ ਇਸੇ ਤਰ੍ਹਾਂ ਪੰਜਾਬੀ ਗੈਂਗਸਟਰਾਂ ਤੇ ਨਸ਼ੇ ਦੇ ਸਮੱਗਲਰਾਂ ‘ਚ ਸ਼ਾਮਿਲ ਹੋਕੇ ਪੰਜਾਬ ਨੂੰ ਬਦਨਾਮ ਕਰਦੇ ਰਹੇ ਤਾਂ ਵਿਦੇਸ਼ੀ ਸਰਕਾਰਾਂ ਸਖ਼ਤ ਕਦਮ ਵੀ ਚੁੱਕ ਸਕਦੀਆਂ ਹਨ । ਜੇ ਇੰਜ ਹੁੰਦਾ ਹੈ ਤਾਂ ਫਿਰ ਲੱਖਾਂ ਨੌਜਵਾਨਾਂ ਤੇ ਮਾਪਿਆਂ ਦੇ ਸੁਪਨੇ ਮਿੱਟੀ ‘ਚ ਵੀ ਮਿਲ਼ ਸਕਦੇ ਹਨ।

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button