OpinionD5 special

ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ

ਉਜਾਗਰ ਸਿੰਘ

ਸਾਹਿਤ ਅਤੇ ਸੰਗੀਤ ਮਨੁਖੀ ਮਨਾਂ ਨੂੰ ਸਕੂਨ ਦਿੰਦਾ ਹੈ। ਇਸ ਲਈ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਵੱਡੀ ਮਾਤਰਾ ਵਿੱਚ ਸਾਤਿ ਲਿਖਿਆ ਜਾ ਰਿਹਾ ਹੈ। ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਕਵਿਤਾ ਛੰਦ ਰੱਧ ਅਤੇ ਖੁਲ੍ਹੀ ਦੋ ਤਰ੍ਹਾਂ ਦੀ ਲਿਖੀ ਜਾ ਰਹੀ ਹੈ। ਇਸ ਵਿੱਚ ਵੀ ਖੁਲ੍ਹੀ ਕਵਿਤਾ ‘ਤੇ ਜ਼ਿਆਦਾ ਹੱਥ ਅਜਮਾਇਆ ਜਾ ਰਿਹਾ ਹੈ। ਕੁਝ ਲੋਕ ਤਾਂ ਖੁਲ੍ਹੀ ਕਵਿਤਾ ਨੂੰ ਕਵਿਤਾ ਮੰਨਣ ਲਈ ਤਿਆਰ ਹੀ ਨਹੀਂ। ਪ੍ਰੰਤੂ ਖੁਲ੍ਹੀ ਕਵਿਤਾ ਦੀ ਆਪਣੀ ਮਹੱਤਤਤਾ ਹੈ। ਖੁਲ੍ਹੀ ਕਵਿਤਾ ਲਿਖਣ ਵਾਲੀ ਕਵਿਤਰੀ ਨਰਿੰਦਰਪਾਲ ਕੌਰ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਕਵਿਤਰੀ ਹੈ।

ਉਹ ਕਿਸੇ ਇਕ ਵਾਦ ਨਾਲ ਜੁੜੀ ਹੋਈ ਨਹੀਂ। ਉਸਦਾ ਕਸ਼ੀਦ ਕਾਵਿ ਸੰਗ੍ਰਹਿ ਰਹੱਸਵਾਦੀ, ਵਿਸਮਾਦੀ, ਰੁਮਾਂਸਵਾਦੀ, ਅਧਿਆਤਮਵਾਦੀ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਦਾ ਗੋਹੜਾ ਹੈ। ਜਿਥੇ ਉਸਦੀਆਂ ਕਵਿਤਾਵਾਂ ਰੂਹ ਨੂੰ ਸਕੂਨ ਦਿੰਦੀਆਂ ਹਨ, ਉਥੇ ਨਾਲ ਹੀ ਰੁਮਾਂਸਵਾਦ ਦੇ ਸੰਕੇਤਕ ਝਉਲੇ ਪੈਂਦੇ ਹਨ। ਭਾਵ ਬਹੁ ਦਿਸ਼ਾਵੀ ਕਵਿਤਰੀ ਹੈ। ਉਸ ਦੀਆਂ ਕਵਿਤਾਵਾਂ ਸੰਕੇਤਾਂ ਰਾਹੀ ਬਹੁਤ ਕੁਝ ਸਮਝਾ ਜਾਂਦੀਆਂ ਹਨ। ਇਸ ਦੇ ਨਾਲ ਹੀ ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਕਰਦੀਆਂ ਹਨ।

ਇਹ ਸਾਰਾ ਕੁਝ ਤਾਂ ਹੀ ਸੰਭਵ ਹੁੰਦਾ ਹੈ ਕਿਉਂਕਿ ਇਸਤਰੀ ਮਰਦ ਅਤੇ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਮਝਣ ਵਿੱਚ ਵਧੇਰੇ ਸਮਰੱਥ ਹੁੰਦੀ ਹੈ। ਜੇਕਰ ਇਸਤਰੀਆਂ ਨੂੰ ਅੰਤਰਜਾਮੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਮਰਦ ਦੇ ਅੰਦਰ ਝਾਕਣ ਦੀ ਸਮਰੱਥਾ ਰੱਖਦੀਆਂ ਹਨ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਆਮ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਸਰਲ ਅਤੇ ਸ਼ਪਸ਼ਟ ਹੈ। ਉਹ ਆਪਣੀ ਭਾਵਨਾ ਨੂੰ ਵਿੰਗ ਵਲ ਪਾਉਣ ਦੀ ਥਾਂ ਸਾਦ ਮੁਰਾਦੇ ਢੰਗ ਨਾਲ ਕਹਿ ਦਿੰਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹਨ।

ਉਹ ਆਪਣੇ ਵਿਚਾਰਾਂ ਨੂੰ ਗਲਬਾਤੀ ਢੰਗ ਨਾਲ ਛੋਟੇ ਬਹਿਰ ਦੀ ਖੁਲ੍ਹੀ ਕਵਿਤਾ ਵਿੱਚ ਕਹਿ ਦਿੰਦੀ ਹੈ। ਉਸਦੀਆਂ ਕਵਿਤਾਵਾਂ ਵਿੱਚ ਵਿਚਾਰਧਾਰਾ ਭਾਰੂ ਨਹੀਂ ਹੁੰਦੀ। ਕੋਈ ਵੀ ਕਵਿਤਾ ਭਾਵੇਂ ਰੁਮਾਂਟਿਕ ਜਾਂ ਸਮਾਜਿਕ ਸਰੋਕਾਰਾਂ ਵਿੱਚ ਲਪੇਟੀ ਹੋਵੇ ਪ੍ਰੰਤੂ ਵਿਚਾਰਧਾਰਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ। ਜੇਕਰ ਕਵਿਤਾ ਮਾਨਵਤਾ ਨੂੰ ਕੋਈ ਸੇਧ ਨਹੀਂ ਦਿੰਦੀ ਤਾਂ ਉਸਦਾ ਕੋਈ ਅਰਥ ਨਹੀਂ ਹੁੰਦਾ। ਕਿਉਂਕਿ ਸਾਹਿਤ ਲੋਕਾਈ ਲਈ ਲਿਖਿਆ ਜਾਂਦਾ ਹੈ। ਉਸਦੀਆਂ ਕਵਿਤਾਵਾਂ ਦਿ੍ਰਸ਼ਟਾਂਤਿਕ ਵੀ ਹਨ। ਅਧਿਆਤਮਵਾਦ ਅਤੇ ਰੁਮਾਂਸਵਾਦ ਦਾ ਸੁਮੇਲ ਵੀ ਕਹੀਆਂ ਜਾ ਸਕਦੀਆਂ ਹਨ।

ਉਹ ਆਪਣੀਆਂ ਕਵਿਤਾਵਾਂ ਵਿੱਚ ਸੰਕੇਤਾਂ ਰਾਹੀਂ ਦਰਸਾਉਂਦੀ ਹੈ ਕਿ ਮਰਦ ਅਤੇ ਔਰਤ ਇਕ ਦੂਜੇ ਦੇ ਪੂਰਕ ਹਨ। ਸੰਕੇਤ ਪ੍ਰਧਾਨ ਕਵਿਤਾ ਵੀ ਕਹੀ ਜਾ ਸਕਦੀ ਹੈ। ਪ੍ਰਸਿੰਨੀ, ਰਾਂਝਾ, ਹਮਲਾ, ਪੱਗ ਪਿੰਨ, ਦੀਪੋ, ਦੇਵਨੀਤ 1, 2, 3, ਸੂਰਜਮੁਖੀ, ਬੁੱਧ ਤੇ ਨਿਰਵਾਣ ਵਿੱਚ ਸੰਕੇਤਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹ ਭਾਵਨਾਵਾਂ ਵੀ ਲੋਕਾਈ ਦੀਆਂ ਹੀ ਹਨ ਕਿਉਂਕਿ ਕਵੀ ਲੋਕਾਈ ਦੇ ਮਨ ਨੂੰ ਮਹਿਸੂਸ ਕਰਕੇ ਹੀ ਕਵਿਤਾਵਾਂ ਲਿਖਦੇ ਹਨ। ਪ੍ਰਸਿੰਨੀ ਦੇਸ਼ ਦੀ ਵੰਡ ਸਮੇਂ ਮਨੁਖਤਾ ਦੇ ਵਹੇ ਖ਼ੂਨ ਦੇ ਦਰਦ ਦੀ ਦਾਸਤਾਂ ਹੈ। ਜੰਡ ਕਵਿਤਾ ਵਫ਼ਾ ਅਤੇ ਬੇਵਫ਼ਾਈ ਦੀਆਂ ਭਾਵਨਾਵਾਂ ਦੀ ਚੀਸ ਹੈ।

ਮਾਂ ਅਤੇ ਬਾਪੂ ਕਵਿਤਾਵਾਂ ਬੇਰੋਜ਼ਗਾਰੀ, ਕਿਸਾਨੀ ਸੰਕਟ ਦੇ ਹੁੰਦਿਆਂ ਕਰਜ਼ਿਆਂ ਵਿੱਚ ਗ੍ਰਸੇ ਕਿਸਾਨਾ ਦੀ ਦੁਰਦਸ਼ਾ ਦੀਆਂ ਪ੍ਰਤੀਕ ਹਨ। ਖ਼ੁਦਕਸ਼ੀਆਂ ਵੀ ਵਰਤਮਾਨ ਸਮਾਜਿਕ ਅਸਾਵੇਂਪਣ ਕਰਕੇ ਹੁੰਦੀਆਂ ਹਨ। ਪੱਜ ਅਤੇ ਰਾਣੋ ਦੋਵੇਂ ਕਵਿਤਾਵਾਂ ਬਨਾਵਟੀ ਜ਼ਿੰਦਗੀ ਦਾ ਪ੍ਰਗਟਾਵਾ ਕਰਦੀਆਂ ਹਨ। ਫੇਸ ਬੁੱਕ ਦੀਆਂ ਪੋਸਟਾਂ ਬਿਲਕੁਲ ਉਸ ਤਰ੍ਹਾਂ ਹੁੰਦੀਆਂ ਹਨ, ਜਿਵੇਂ ਔਰਤ ਨੂੰ ਸ਼ਿੰਗਾਰ ਖ਼ੂਬਸੂਰਤ ਬਣਾਕੇ ਪੇਸ਼ ਕਰਦਾ ਹੈ। ਅਸਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਸਿਫ਼ਾ ਇਸਤਰੀ ਜ਼ਾਤੀ ਨਾਲ ਵੱਡੇ ਪੱਧਰ ‘ਤੇ ਹੋ ਰਹੇ ਬਲਾਤਕਾਰਾਂ ਦੀ ਤ੍ਰਾਸਦੀ ਵਾਲੀ ਕਵਿਤਾ ਹੈ।

ਹੈਵਾਨੀਅਤ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ, ਜਿਸ ਵਿੱਚ ਮਜ਼ਹਬ ਅਤੇ ਧਾਰਮਿਕ ਸਥਾਨਾ ਦੀ ਦੁਰਵਰਤੋਂ ਇਨਾਸਨੀਅਤ ਦੀ ਸੌੜੀ ਸੋਚ ਨੂੰ ਪ੍ਰਗਟਾਉਂਦੀ ਹੈ। ਨੁਸਰਤ ਅਤੇ ਮਾਰਫ਼ਤ ਕਵਿਤਾਵਾਂ ਵਿੱਚ ਸੰਗੀਤ ਨੂੰ ਇਨਸਾਨ ਦੇ ਦੁੱਖਾਂ ਦੀ ਮਰਹਮ ਲਾਉਣ ਵਾਲਾ ਕਿਹਾ ਗਿਆ ਹੈ। ਖਿਤਾਬ, ਚੈਰੀ ਤੋੜਦੀਆਂ ਕੁੜੀਆਂ ਇਸਤਰੀ ਦੀ ਕੋਮਲਤਾ ਦੇ ਸੁਪਨਮਈ ਜੀਵਨ ਦੇ ਅਹਿਸਾਸ ਨੂੰ ਕੜਵੜਾਹਟ ਵਿੱਚ ਬਦਲਦੀਆਂ ਵਿਖਾਈ ਦਿੰਦੀਆਂ ਹਨ। ਮਨ ਧਰਤੀ ਕਵਿਤਾ ਇਨਸਾਨ ਦੀ ਮਾਨਸਿਕਤਾ ਦੀ ਬਦਲਦੀ ਸਥਿਤੀ ਦਾ ਵਰਣਨ ਕਰਦੀ ਹੈ।

ਕੁੜੀਆਂ, ਘਾਹ ਦੀ ਤਿੜ ਅਤੇ ਪੌਪੀ ਦੇ ਫੁੱਲ ਕਵਿਤਾਵਾਂ ਰਾਹੀਂ ਕਵਿਤਰੀ ਦਸਦੀ ਹੈ ਕਿ ਇਸਤਰੀ ਦੀ ਮੁਹੱਬਤ ਖ਼ੁਸ਼ਹਾਲੀ ਲਿਆਉਂਦੀ, ਸੰਬੰਧ ਬਣਾਉਂਦੀ ਅਤੇ ਮਿਹਨਤ ਦੀਆਂ ਬਰਕਤਾਂ ਪਾਉਂਦੀ ਹੈ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਆਮ ਖੁਲ੍ਹੀਆਂ ਕਵਿਤਾਵਾਂ ਨਹੀਂ, ਜਿਨ੍ਹਾਂ ਨੂੰ ਕੁਝ ਆਲੋਚਕ ਕਵਿਤਾ ਹੀ ਨਹੀਂ ਮੰਨਦੇ। ਛੋਟੇ ਬਹਿਰ ਦੀਆਂ ਕਵਿਤਰੀ ਦੀਆਂ ਸਾਰੀਆਂ ਹੀ ਕਵਿਤਾਵਾਂ ਵੱਡੀ ਗੱਲ ਕਰਦੀਆਂ ਹਨ ਕਿਉਂਕਿ ਸਾਹਿਤ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੁੰਦਾ ਸਗੋਂ ਸਮਾਜ ਦਾ ਰਾਹ ਦਸੇਰਾ ਬਣਨਾ ਹੁੰਦਾ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਵਿਧਾ ਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ।

ਲੁਕਣਮੀਟੀ ਕਵਿਤਾ ਮੁਹੱਬਤ ਵਿੱਚ ਵਫ਼ਾਦਾਰੀ ਨਿਭਾਉਣ ਦੀ ਤਾਕੀਦ ਕਰਦੀ ਹੈ। ਕਿਸੇ ਹੋਰ ਬਾਰੇ ਸੁਪਨੇ ਸਿਰਜਣੇ ਘਾਤਕ ਹੋ ਸਕਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਵਿੱਚ ਰੰਗਾਂ ਦੇ ਵਖਰੇਵੇਂ ਉਨ੍ਹਾਂ ਦੀ ਸਚਾਈ ਵਰਨਣ ਕਰਦੀਆਂ ਹਨ। ਇਨਸਾਨ ਨੂੰ ਆਪਣੇ ਆਪ ‘ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ। ਲੋਕਾਂ ਤੇ ਵਿਅੰਗ ਕਰਦੀ ਸੈਮੀਨਾਰਾਂ, ਧਾਰਮਿਕ, ਸਮਾਜਿਕ, ਸਾਹਿਤਕ ਸਮਾਗਮਾਂ ਨੂੰ ਖ਼ਬਰਾਂ ਲਗਵਾਉਣ ਲਈ ਕੀਤੇ ਜਾਂਦੇ ਉਪਰਾਲੇ ਕਹਿੰਦੀ ਹੈ, ਉਨ੍ਹਾਂ ਦੇ ਅਸਲ ਮੰਤਵ ਦੀ ਪ੍ਰਪਤੀ ਇਕ ਵਿਖਾਵਾ ਹੁੰਦਾ ਹੈ। ਉਹ ਮੁਹੱਬਤ ਦੇ ਤਿੱਖੇ ਦਰਦ ਦੇ ਰੰਗਾਂ ਨੂੰ ਪ੍ਰਗਟਾਉਣ ਲਈ ਵੀ ਵਿਲੱਖਣ ਸ਼ਬਦਾਵਲੀ ਵਰਤਦੀ ਹੈ।

ਕਵਿਤਰੀ ਦੀ ਸ਼ਬਦਾਵਲੀ ਡੱਡੂਆਂ ਦੀ ਟ੍ਰੈਂ-ਟ੍ਰੈਂ, ਸਜਣ-ਫਬਣ, ਕੱਖ, ਬੱਬਲ-ਬੱਤੇ, ਵਿਕੇਂਦਾ, ਲਹੂ-ਲੁਹਾਣ, ਗਲੀਆਂ-ਚੌਕਾਂ, ਗੋਡੇ-ਗੋਡੇ, ਤਿਣਕਾ-ਤਿਣਕਾ, ਘੁੰਗਰੂ, ਖੰਡ! ਮੰਡਲ! ਬ੍ਰਹਿਮੰਡ, ਹਰੇ ਕਚੂਰ, ਸਲ੍ਹਾਬ, ਚੰਡੋਲ, ਪਿੰਨ-ਕੁਸ਼ਨ, ਤ੍ਰੇੜੀਂ, ਬੋੜੇ ਚੁਲ੍ਹੇ, ਚਿੱਬ ਖੜਿੱਬੀ, ਬਾਟੀ, ਡੋਡੀਆਂ,ਆਦਿ ਪਾਠਕ ਦੇ ਦਿਲ ਦੀਆਂ ਕੁੰਦਰਾਂ ਵਿੱਚ ਹਲਚਲ ਪੈਦਾ ਕਰ ਦਿੰਦੇ ਹਨ। ਨਰਿੰਦਰਪਾਲ ਕੌਰ ਦੇ ਵਿਸ਼ੇ ਕਿਸਾਨੀ ਕਰਜ਼ੇ, ਖ਼ੁਦਕਸ਼ੀਆਂ, ਬੇਰੋਜ਼ਗਾਰੀ, ਬਲਾਤਕਾਰ, ਧਾਰਮਿਕ ਕਟੜਤਾ, ਆਦਿ ਹਨ, ਜਿਨ੍ਹਾਂ ਰਾਹੀਂ ਉਹ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਵਕਾਲਤ ਕਰਦੀ ਹੈ।

ਖੂਹ ਦੀ ਮੌਣ ਕਵਿਤਾ ਵਿੱਚ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਹੀ ਵੱਢੋਗੇ। ਭਾਵ ਚੰਗੇ ਕੰਮਾਂ ਦੇ ਫਲ ਚੰਗੇ ਮਿਲਦੇ ਹਨ। ਇਸੇ ਤਰ੍ਹਾਂ ਰੰਗ ਤੇ ਕੈਨਵਸ ਵਿੱਚ ਇਨਸਾਨ ਨੂੰ ਇਛਾਵਾਂ ਸੀਮਤ ਰੱਖਣ ਦੀ ਪੁਰਜ਼ੋਰ ਤਾਕੀਦ ਕਰਦੀ ਹੈ। ਰੇਲਵੇ ਟਰੈਕ ਅਤੇ ਕੱਚ ਦੀ ਦੀਵਾਰ ਕਵਿਤਾਵਾਂ ਵਿੱਚ ਉਹ ਦੱਸਦੀ ਹੈ ਕਿ ਇਸਤਰੀ ਰੇਲਵੇ ਦਾ ਟਰੈਕ ਨਹੀਂ ਭਾਵ ਸਿਰਫ ਜਿਸਮਾਨੀਂ ਭੁੱਖ ਪੂਰਤੀ ਲਈ ਨਹੀਂ। ਇਸ ਲਈ ਇਨਸਾਨ ਨੂੰ ਇਸਤਰੀ ਨਾਲ ਵਿਵਹਾਰ ਕਰਨ ਸਮੇਂ ਆਪਣੇ ਅੰਦਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।

ਲੋਹੜੀ ਅਤੇ ਸਪੇਰਾ ਕਵਿਤਾਵਾਂ ਵਹਿਮਾ ਭਰਮਾ ਦਾ ਖੰਡਨ ਕਰਦੀਆਂ ਹਨ। ਦਰੋਣਾਚਾਰੀਆ, ਆਜੜੀ, ਮੰਡੀ, ਕਿਚਨ ਗਾਰਡਨ-1, ਕਿਚਨ ਗਾਰਡਨ-2 ਕਵਿਤਾਵਾਂ ਇਨਸਾਨ ਨੂੰ ਵਕਤ ਨੂੰ ਅਜਾਈਂ ਜਾਣ ਤੋਂ ਰੋਕਣ ਅਤੇ ਸੋਚਣ ਦੀ ਤਾਕੀਦ ਕਰਦੀਆਂ ਹਨ। ਇਨਸਾਨ ਨੂੰ ਆਪਣੀ ਖ਼ੁਸ਼ਬੋ ਦਾ ਆਪ ਆਨੰਦ ਮਾਣਦਿਆਂ ਸੰਸਾਰ ਨੂੰ ਵੀ ਸ਼ਰਸ਼ਾਰ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ। ਤਲਾਕ, ਆਤਮ ਹਿੱਤ, ਤੁਰਲਾ, ਗੁਲਾਬ, ਮਿਲਣ, ਅਹਿਸਾਸ, ਚਿੜੀ, ਪਤੰਗ ਅਤੇ ਕਿਸ਼ਤੀ ਤੇ ਕੁੜੀ ਕਵਿਤਾਵਾ ਵਿੱਚ ਇਸਤਰੀ ਬਰਾਬਰਤਾ ਬਾਰੇ ਸੋਚਦੀ ਤਾਂ ਹੈ ਪ੍ਰੰਤੂ ਹੌਸਲਾ ਨਹੀਂ ਕਰਦੀ, ਮਰਦ ਦੀਆਂ ਵਧੀਕੀਆਂ ਵਿਰੁੱਧ ਬੋਲਣ ਨੂੰ ਤਰਜ਼ੀਹ ਨਹੀਂ ਦੇਂਦੀ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੀ ਹੋਈ ਆਪਣੀਆਂ ਭਾਵਨਾਵਾਂ ਦਾ ਕਤਲ ਕਰ ਦਿੰਦੀ ਹੈ।

96 ਪੰਨਿਆਂ, 150 ਰੁਪਏ ਕੀਮਤ ਅਤੇ 61 ਕਵਿਤਾਵਾਂ ਵਾਲਾ ‘ਕਸ਼ੀਦ’ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਕਵਿਤਰੀ ਤੋਂ ਭਵਿਖ ਵਿੱਚ ਹੋਰ ਚੰਗਾ ਯੋਗਦਾਨ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ 94178 13072

ujagarsingh48@yahoo.com

IMG 1839 Copy 2

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button