ਸ੍ਰੀ ਗੁਰੂ ਗ੍ਰੰਥ ਸਾਹਿਬ
ਅਮਰਜੀਤ ਸਿੰਘ ਵੜੈਚ (94178-01988)
ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਵਿਲੱਖਣ ਧਰਮ ਹੈ ਜਿਸ ‘ਚ ਹਰ ਕੰਮ ਚਾਹੇ ਖੁਸ਼ੀ ਵਾਲਾ ਹੋਵੇ ਜਾਂ ਫਿਰ ਸੋਗ ਵਾਲਾ ਹਰ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਵਿੱਤਰ ਵਾਕ ਲੈ ਕੇ ਆਰੰਭ ਜਾਂ ਪੂਰਾ ਕੀਤਾ ਜਾਂਦਾ ਹੈ। ਇਹ ਗ੍ਰੰਥ ਹਰ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਹੁੰਦੇ ਹਨ। ਇਕ ਵਿਸ਼ੇਸ਼ ਮਰਿਆਦਾ ਅਨੁਸਾਰ ਇਸ ਦਾ ਰੋਜ਼ ਸਵੇਰੇ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ ਸੰਤੋਖ ਕਰਨ ਦੀ ਮਰਿਆਦਾ ਹੁੰਦੀ ਹੈ। ਇਸ ਮਹਾਨ ਗ੍ਰੰਥ ਵਿੱਚ ਸਿੱਖ ਧਰਮ ਦੇ ਛੇ ਗੁਰੂ ਸਾਹਿਬਾਨ, 36 ਗੁਰੂ ਘਰ ਦੇ ਸੇਵਕ ਅਤੇ ਭਗਤਾਂ ਦੀ ਬਾਣੀ 31 ਰਾਗਾਂ ਵਿਦਮਾਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੁਲ 5894 ਸ਼ਬਦ ਹਨ। ਇਸ ਗ੍ਰੰਥ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ (974 ਸ਼ਬਦ), ਗੁਰੂ ਅੰਗਦ ਦੇਵ ਜੀ (62 ਸ਼ਬਦ), ਗੁਰੂ ਅਮਰ ਦਾਸ ਜੀ (907 ਸ਼ਬਦ), ਗੁਰੂ ਰਾਮ ਦਾਸ ਜੀ (679 ਸ਼ਬਦ), ਗੁਰੂ ਅਰਜੁਨ ਦੇਵ ਜੀ (2218 ਸ਼ਬਦ) ਅਤੇ ਨੌਵੇਂ ਗੁਰੂ ਤੇਗ ਬਹਾਦੁਰ ਸਾਹਿਬ ਜੀ (115 ਸ਼ਬਦ) ਦੀ ਬਾਣੀ ਅੰਕਿਤ ਹੈ। ਸਭ ਤੋਂ ਵੱਧ 2218 ਸ਼ਬਦ 30 ਰਾਗਾਂ ਵਿੱਚ ਗੁਰੂ ਅਰਜੁਨ ਦੇਵ ਜੀ ਦੇ ਹਨ। ਭਗਤਾਂ ਦੇ 922 ਸ਼ਬਦਾਂ ਵਿੱਚੋਂ ਸਭ ਤੋਂ ਵੱਧ 541 ਸ਼ਬਦ ਭਗਤ ਕਬੀਰ ਜੀ ਦੇ ਹਨ ਅਤੇ ਸਭ ਤੋਂ ਘੱਟ ਭਗਤ ਸੂਰਦਾਸ ਜੀ ਦਾ ਇਕ ਪੰਗਤੀ ‘ਤੇ ਅਧਾਰਿਤ ਸ਼ਬਦ ਹੈ। ਇਸ ਦੇ 1430 ਅੰਗ ਹਨ।
ਸ੍ਰੀ ਗੁਰੂ ਗ੍ਰੰਥ ਸਹਿਬ ਦੀ ਸੰਪਾਦਨਾ ਗੁਰੂ ਅਰਜੁਨ ਦੇਵ ਜੀ ਨੇ ਕੀਤੀ ਸੀ ਅਤੇ ਭਾਈ ਗੁਰਦਾਸ ਜੀ ਤੋਂ ਇਹ ਪਾਵਨ ਭੀੜ ਕੋਲ ਬੈਠ ਕੇ ਲਿਖਵਾਈ ਸੀ। 1604 ਈ; ਵਿੱਚ ਇਸ ਦੀ ਸੰਪਾਦਨਾ ਮੁਕੱਮਲ ਹੋਈ ਸੀ ਅਤੇ ਉਦੋਂ ਹੀ ਇਸ ਗ੍ਰੰਥ ਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਨਾ ਕੀਤੀ ਸੀ। ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਿਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪ ਕੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ 1604 ਈ: ਵਿੱਚ ਪ੍ਰਕਾਸ਼ ਕੀਤਾ ਗਿਆ ਸੀ।
ਗੁਰੁ ਗ੍ਰੰਥ ਸਾਹਿਬ ਵਿੱਚ ਉਂਜ ਤਾਂ ਪੰਜਾਬੀ ਭਾਸ਼ਾ ਹੀ ਵਰਤੀ ਗਈ ਹੈ ਅਤੇ ਇਸ ਉਪਰ ਸੰਤ ਬਾਣੀ ਦਾ ਪ੍ਰਭਾਵ ਹੈ। ਇਸ ਤੋਂ ਇਲਾਵਾ ਇਸ ਵਿੱਚ ਵੱਖ-ਵੱਖ ਇਲਾਕੇ ਦੇ ਭਗਤਾਂ ਦੀ ਬਾਣੀ ਹੋਣ ਕਾਰਨ ਮਰਾਠੀ, ਬੰਗਾਲੀ, ਸੰਸਕ੍ਰਿਤ, ਬਰਿਜ, ਫ਼ਾਰਸੀ ਆਦਿ ਭਾਸ਼ਾਵਾ ਦਾ ਵੀ ਸੁਮੇਲ ਹੈ। ਇਸ ਗ੍ਰੰਥ ਦੀ ਇਸ ਗੱਲ ਵਿੱਚ ਹੀ ਵਿਲੱਖਣਤਾ ਹੈ ਕਿ ਇਸ ਵਿੱਚ ਗੁਰੂ ਅਰਜੁਨ ਦੇਵ ਜੀ ਨੇ ਬਾਣੀ ਸ਼ਾਮਿਲ ਕਰਨ ਸਮੇਂ ਕਿਸੇ ਭਗਤ ਦੀ ਜ਼ਾਤ, ਬਰਾਦਰੀ, ਭਾਸ਼ਾ ਜਾਂ ਸਮਾਜਿਕ ਰੁਤਬਾ ਨਹੀ ਵੇਖਿਆ ਸਗੋਂ ਉਹ ਭਗਤ ਸ਼ਾਮਿਲ ਕੀਤੇ ਜੋ ਰੱਬ ਦੀ ਸੱਚੀ ਉਸਤਤ ਕਰਨ ਵਾਲੇ ਅਤੇ ਸਰਭ ਸਾਂਝੀਵਾਲਤਾ ਦੇ ਅਲੰਬਰਦਾਰ ਸਨ।
ਜਦੋਂ ਗੁਰੂ ਅਰਜੁਨ ਦੇਵ ਜੀ ਨੇ ਇਸ ਗ੍ਰੰਥ ਦੀ ਸੰਪਾਦਨਾ ਸੰਪੰਨ ਕੀਤੀ ਤਾਂ ਉਸ ਵਕਤ ਇਸ ਵਿੱਚ ਸਿਰਫ਼ ਪਹਿਲੇ ਪੰਜ ਗੁਰ ਸਾਹਿਬਾਨ ਦੀ ਬਾਣੀ ਸਮਿਲਤ ਸੀ ਅਤੇ ਨੌਵੇਂ ਗੁਰੂ ਸਾਹਿਬ ਦੀ ਬਾਣੀ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਿਲ ਕਰਕੇ ਇਸ ਨੂੰ ਮੁਕੰਮਲ ਕਰ ਦਿੱਤਾ ਅਤੇ ਇਸ ਮਗਰੋਂ ਸਿੱਖ ਧਰਮ ਵਿੱਚ ਗੁਰੂ ਪ੍ਰੰਪਰਾ ਵੀ ਸਮਾਪਤ ਕਰ ਦਿੱਤੀ ਅਤੇ ਸਿੱਖਾਂ ਨੂੰ ਕਿਹਾ “ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ”। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਪ੍ਰਕਾਰ ਦੀਆਂ ਪਵਿੱਤਰ ਬੀੜਾਂ ਹੁੰਦੀਆਂ ਹਨ ; 1. ਲੜੀਵਾਰ ਸਰੂਪ, ਭਾਵ ਪੁਰਾਤਨ ਬੀੜਾਂ ਜਿਸ ਵਿੱਚ ਸ਼ਬਦ ਜੋੜੇ ਹੋਏ ਹੁੰਦੇ ਹਨ।
ਇਹ ਬੀੜਾਂ ਸਿਰਫ ਐੱਸ ਜੀ ਪੀ ਸੀ ਦੇ ਕੰਟਰੋਲ ਹੇਠ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿੱਚ ਸੁਸ਼ੋਭਿਤ ਹੁੰਦੀਆਂ ਹਨ। ਇਸ ਪ੍ਰਕਾਰ ਦੇ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਵਿਸ਼ੇਸ਼ ਕਿਸਮ ਦੀ ਸਿਖਲਾਈ ਲੈਣੀ ਪੈਂਦੀ ਹੈ ; 2. ਪਦਸ਼ੇਦ ਸਰੂਪ, ਭਾਵ ਗੁਰਬਾਣੀ ਦੇ ਅੱਖਰ ਵੱਖ-ਵੱਖ ਕਰਕੇ ਛਾਪੇ ਹੁੰਦੇ ਹਨ ਤਾਂ ਕਿ ਸਾਧਾਰਨ ਵਿਅਕਤੀ ਉਸ ਦਾ ਪਾਠ ਆਸਾਨੀ ਨਾਲ ਕਰ ਸਕੇ। ਦਸਵੇਂ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਇਸ ਕਰਕੇ ਇਸ ਵਿੱਚ ਸ਼ਾਮਿਲ ਨਹੀਂ ਕੀਤੀ ਕਿਉਂਕਿ ਉਹ ਸਮਝਦੇ ਸਨ ਕਿ ਉਹ ਪਹਿਲੇ ਗੁਰੂ ਸਾਹਿਬਾਨ ਦੇ ਬਰਾਬਰ ਨਹੀਂ ਹਨ। ਇਹ ਗੁਰੂ ਸਾਹਿਬ ਦੀ ਮਹਾਨਤਾ ਹੈ ਅਤੇ ਇਕ ਬਹੁਤ ਹੀ ਵੱਡਾ ਸੰਦੇਸ਼ ਹੈ ਕਿ ਆਪਣੇ ਤੋਂ ਵੱਡਿਆਂ ਨੂੰ ਕਿਵੇਂ ਸਤਿਕਾਰ ਦੇਣਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.