EDITORIAL

ਪਟਿਆਲੇ ਦਾ ਪੰਜਾਬ ਲਈ ਪੈਗਾਮ

ਅਮਰਜੀਤ ਸਿੰਘ ਵੜੈਚ (9417801988)

29 ਅਪ੍ਰੈਲ ਨੂੰ ਪਟਿਆਲੇ ਵਿੱਚ ਦੋ ਧਰਮਾਂ ਦੇ ਲੋਕਾਂ ਵਿਚਾਲੇ ਨਫ਼ਰਤ ਪੈਦਾ ਕਰਨ ਦੀਆਂ ਕਮੀਨੀਆਂ ਕਰਤੂਤਾ ਨੂੰ ਪਟਿਆਲਵੀਆਂ ਨੇ  ਆਪ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਕੱਲ੍ਹ ਸ਼ਾਮ ਹੁੰਦਿਆਂ ਹੀ ਪਟਿਆਲੇ ਵਾਲਿਆਂ ਨੇ ਕਥਿਤ ਦੋਸ਼ੀਆਂ ਨੂੰ ਨੰਗਾ ਕਰਕੇ ਇਕ ਵੀਡੀਓ  ਵੀ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਜਿਸ ‘ਚ ਕੁਝ ਲੋਕ ਕਥਿਤ ਰੂਪ ਵਿੱਚ ਸ਼ਿਵ ਸੈਨਾ ਪੰਜਾਬ ਦੇ ਬਰਖਾਸਤ ਨੇਤਾ ਹਰੀਸ਼ ਸਿੰਗਲਾ ਨੂੰ ਪਟਿਆਲੇ ‘ਚ ਗੜਬੜ ਕਰਾਉਣ ਲਈ ਜ਼ਿੰਮੇਵਾਰ ਠਹਿਰਾ ਰਹੇ ਸਨ। ਪੁਲਿਸ ਨੇ ਦੇਰ ਸ਼ਾਮ ਸਿੰਗਲਾ ਨੂੰ ਹਿਰਾਸਤ ‘ਚ ਲੈ ਲਿਆ। ਇਸ ਘਟਨਾ ‘ਚ ਇਕ ਵਿਅਕਤੀ ਨੂੰ ਗੋਲੀ ਵੱਜੀ ਅਤੇ ਪੁਲਿਸ ਸਮੇਤ ਕੁਝ ਹੋਰ ਲੋਕ ਜ਼ਖਮੀ ਵੀ ਹੋਏ।

ਹੁਣ ਇਹ ਸਵਾਲ ਉਠਦਾ ਹੈ ਕਿ ਜਦੋਂ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਦਿਨ ਦੋ ਵਿਰੋਧੀ ਗਰੁੱਪਾਂ ਵੱਲੋਂ ਮਾਰਚ ਕੱਢਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਤਾਂ ਫਿਰ ਪੁਲਿਸ ਵੱਲੋਂ ਹਵਾਈ ਫਾਇਰ ਕਰਨ ਤੱਕ ਹਾਲਾਤ ਕਿਉਂ ਪਹੁੰਚਣ ਦਿੱਤੇ ਗਏ ? ਕੀ ਪੁਲਿਸ ਕੋਲ ਹਾਲਾਤ ਵਿਗੜਨ ਬਾਰੇ ਉਸ ਦੇ ਸੂਹੀਆਂ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਜਾਂ ਫਿਰ ਪੁਲਿਸ ਨੇ ਖੂਫ਼ੀਆ ਤੰਤਰ ਦੀ ਸੂਹ ਨੂੰ ਤਰਜੀਹ ਨਹੀਂ ਦਿੱਤੀ ? ਜਿਹੜੀਆਂ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਕੱਲ੍ਹ ਸ਼ਾਮੀ ਕੀਤੀਆਂ ਗਈਆਂ ਇਹ ਪਹਿਲਾਂ ਹੋਣੀਆਂ ਚਾਹੀਦੀਆਂ ਸਨ। ਲੋਕ ਇਹ ਕਹਿ ਰਹੇ ਹਨ ਕਿ ਦੋਵਾਂ ਹੀ ਮਾਰਚ ਕਰਨ ਵਾਲਿਆਂ ਨਾਲ ਪਹਿਲਾਂ ਮੀਟਿੰਗਾਂ ਕਰਕੇ ਦੋਹਾਂ ਲਈ ਵੱਖਰੇ-ਵੱਖਰੇ ਰਾਹ ਤਹਿ ਕਰਨੇ ਚਾਹੀਦੇ ਸਨ। ਇੰਜ ਕਿਉਂ ਨਹੀਂ ਹੋ ਸਕਿਆ ਇਸ ਦਾ ਸਹੀ ਜਵਾਬ ਤਾਂ ਪੁਲਿਸ ਹੀ ਦੇ ਸਕਦੀ ਹੈ।

ਵਿਗੜੀ ਸਥਿਤੀ ਨੂੰ ਕਾਬੂ ਕਰਨ ਲਈ ਡੀ.ਸੀ ਸਾਕਸ਼ੀ ਸਾਹਨੀ ਅਤੇ ਐੱਸ.ਐੱਸ.ਪੀ ਨਾਨਕ ਸਿੰਘ ੍ਖ਼ੁਰ੍ਦਰ੍ਰ ਬਾਕੀ ਆਲਾ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ ਜਿਥੇ ਸਥਿਤੀ ਬਿਲਕੁਲ ਕਾਬੂ ਤੋਂ ਬਾਹਰ ਹੋ ਗਈ ਸੀ ਜਦੋਂ ਸੜਕ ‘ਤੇ ਜਾ ਰਹੇ ਰੋਸ ਮਾਰਚ ਵਾਲਿਆਂ ਉਪਰ ਇਕ ਧਾਰਮਿਕ ਸਥਾਨ ਦੀ ਛੱਤ ਤੋਂ 10-12 ਲੋਕ ਵੱਡੀਆਂ-ਵੱਡੀਆਂ ਇੱਟਾਂ ਵਰਸਾ ਰਹੇ ਸਨ।

ਇਸ ਸਾਰੀ ਦੁਰਘਟਨਾ ਦਾ ਪਿਛੋਕੜ ਇਹ ਹੈ ਕਿ ਵਿਦੇਸ਼ ‘ਚ ਬੈਠੇ ਗੁਰਪਤਵੰਤ ਸਿੰਘ ਪੰਨੂ ਨਾਂ ਦੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਦਿਨ ਡੀਸੀ ਦਫ਼ਤਰਾਂ ਉਪਰ ਖਾਲਿਸਤਾਨ ਦੇ ਝੰਡੇ ਝੁਲਾਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ। ਇਸ ਐਲਾਨ ਦਾ ਅਕਾਲੀ ਦਲ ਅੰਮ੍ਰਿਤਸਰ ਨੇ ਸਮਰਥਨ ਵੀ ਕਰ ਦਿੱਤਾ। ਕੁਝ ਲੋਕ ਡੀ.ਸੀ, ਮਲੇਰਕੋਟਲਾ ਦੇ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖਣ ‘ਚ ਕਾਮਯਾਬ ਵੀ ਹੋ ਗਏ। ਇਸ ਤੋਂ ਪਹਿਲਾਂ ਵੀ ਮਲੇਰਕੋਟਲਾ ਵਰਗੀਆਂ ਘਟਨਾਵਾਂ ਮੋਗਾ ਅਤੇ ਰੂਪਨਗਰ ਵਿੱਚ ਵਾਪਰ ਚੁੱਕੀਆਂ ਹਨ। ਪੰਨੂ ਨੇ ਮਲੇਰਕੋਟਲਾ ਦੀ ਵੀਡੀਓ ਜਾਰੀ ਕਰਦਿਆਂ ਭਗਵੰਤ ਮਾਨ, ਮੁੱਖ-ਮੰਤਰੀ ਪੰਜਾਬ ਨੂੰ ਚਿਤਾਵਨੀ ਦਿੱਤੀ ਹੈ ਕਿ ਜਲਦ ਹੀ ਪੰਜਾਬ ਵਿੱਚ ਖਾਲਿਸਤਾਨ ਰੈਫ਼ਰੈਂਡਮ ਕੀਤਾ ਜਾਵੇਗਾ।

ਪੰਨੂ ਦੇ 29 ਅਪ੍ਰੈਲ ਦੇ ਸੱਦੇ ਦਾ ਵਿਰੋਧ ਕਰਨ ਲਈ ਹਰੀਸ਼ ਸਿੰਗਲਾ ਨੇ ਸ਼ਿਵ ਸੈਨਾ, ਬਾਲ ਠਾਕਰੇ ਪੰਜਾਬ ਵੱਲੋਂ ‘ਖਾਲਿਸਤਾਨ ਮੁਰਦਾਬਾਦ ਮਾਰਚ’ ਦਾ ਸੱਦਾ ਦਿੱਤਾ ਸੀ ਜੋ ਉਸੇ ਤਰ੍ਹਾਂ ਹੀ ਗ਼ਲਤ ਸੀ ਜਿਸ ਤਰ੍ਹਾਂ ਪੰਨੂ ਵੱਲੋਂ ਦਿੱਤਾ ਸੱਦਾ ਸੀ। ਜੇ ਦੋਵੇਂ ਧਿਰਾਂ ਇਕ ਸਾਂਝੀ ਸਦਭਾਵਨਾ ਮਾਰਚ ਦਾ ਸੱਦਾ ਦਿੰਦੀਆਂ ਤਾਂ ਕੱਲ੍ਹ ਵਾਲਾ ਦਿਨ ਕੁਝ ਹੋਰ ਹੀ ਹੋਣਾ ਸੀ। ਹੁਣ ਵੀ ਬੰਦ ਦੇ ਸੱਦੇ ਦੇਣ ਨਾਲੋ ਦੋਹਾਂ ਧਿਰਾਂ ਵੱਲੋਂ ਰਲ ਕੇ ਇਸ ਮਾਹੌਲ ਲਚ ਆਏ ਉਬਾਲ ‘ਤੇ ਪਾਣੀ ਛਿੜਕਣ ਦਾ ਕੰਮ ਕਰਨ ਚਾਹੀਦਾ ਹੈ ਅਤੇ ਭਵਿੱਖ ਲਈ ਅਜਿਹੀਆਂ ਕੋਝੀਆਂ ਚਾਲਾਂ ਦਾ ਜਵਾਬ ਦੇਣ ਲਈ ਤਿਆਰੀ ਕਰਨੀ ਚਾਹੀਦੀ ਹੈ।

‌ਕੱਲ੍ਹ ਦਾ ਵੇਖਣ ਵਿੱਚ ਆ ਰਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਸ ਘਟਨਾ ਨੂੰ ਆਪ-ਆਪਣੇ ਹੱਕ ਵਿੱਚ ਭੁਗਤਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਜੋ ਬਹੁਤ ਮਾੜੀ ਗੱਲ ਹੈ। ਕੁਝ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਚੈਨਲਾਂ ਨੇ ਪਟਿਆਲੇ ਵਿੱਚ ਝੜੱਪਾਂ, ਗੋਲ਼ੀਆਂ ਚੱਲਣ ਅਤੇ ਇਕ ਧਾਰਮਿਕ ਸਥਾਨ ਦੀ ਛੱਤ ਉਪਰੋਂ ਹੋ ਰਹੀ ਇੱਟਾਂ ਦੀ ਵਰਖਾ ਨੂੰ ਬੜੀ ਸ਼ਿਦਤ ਨਾਲ ਫੁੱਲ ਸਕਰੀਨ ਬਿਨ੍ਹਾਂ ਐਂਕਰ ਦਿਖਾਇਆ ਜੋ ਪੱਤਰਕਾਰੀ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਮੂੰਹ ਚੜਾਉਣ ਵਾਲੀ ਗੱਲ ਹੀ ਲੱਗਦੀ ਸੀ। ਪੰਜਾਬ ਇਸ ਤੋਂ ਪਹਿਲਾਂ ਵੀ ਬੜੇ ਗਹਿਰੇ ਸੰਕਟ ‘ਚੋਂ ਲੰਘ ਚੁੱਕਿਆ ਹੈ। ਜਿਨ੍ਹਾਂ ਨੇ ਉਹ ਦਿਨ ਦੇਖੇ ਹਨ ਉਨ੍ਹਾਂ ਨੂੰ ਕੰਬਣੀਆਂ ਛਿੜ ਜਾਂਦੀਆਂ ਹਨ ਅਤੇ ਉਹ ਸੁਪਨੇ ਵਿੱਚ ਵੀ ਉਹੋ ਜਿਹੇ ਦਿਨ ਨਹੀਂ ਦੇਖਣਾ ਚਾਹੁਣਗੇ।  ਸਰਕਾਰ, ਸਮਾਜ ਅਤੇ ਧਾਰਮਿਕ ਧਿਰਾਂ ਨੂੰ ਸਿਰ ਜੋੜ ਕੇ ਇਸ ਦਰਦਨਾਕ ਘਟਨਾ ‘ਤੇ ਚਰਚਾ ਕਰਨ ਦੀ ਲੋੜ ਬਣਦੀ ਹੈ । ਰੱਬ ਖ਼ੈਰ ਕਰੇ !

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button