InternationalTop News

9/11 ਦੇ 25 ਸਾਲ : ਹਮਲਿਆਂ ਦੇ ਮਾਸਟਰਮਾਈਂਡ ‘ਤੇ ਮੁਕੱਦਮਾ ਚਲਾਉਣਾ ਅਜੇ ਵੀ ਬਣਿਆ ਹੋਇਐ ਚੁਣੌਤੀ

 ਸਤੰਬਰ 11 (9/11) ਦੇ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨੇ ਜਾਂਦੇ ਅਲ-ਕਾਇਦਾ ਨੇਤਾ ਖਾਲਿਦ ਸ਼ੇਖ਼ ਮੁਹੰਮਦ ਨੂੰ ਅਮਰੀਕੀ ਅਧਿਕਾਰੀਆਂ ਦੁਆਰਾ ਕਿਊਬਾ ਦੇ ਗੁਆਨਤਾਨਾਮੋ ਬੇਅ ਮਿਲਟਰੀ ਡਿਟੈਂਸ਼ਨ ਸੈਂਟਰ ਵਿਚ ਬੰਦ ਕੀਤੇ ਨੂੰ ਦੋ ਦਹਾਕੇ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਉਸ ‘ਤੇ ਅਦਾਲਤੀ ਮੁਕੱਦਮਾ ਚਲਾਉਣਾ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇੱਕ ਅਮਰੀਕੀ ਫੌਜੀ ਜੱਜ ਨੇ ਹਾਲ ਹੀ ਵਿਚ ਮੁਕੱਦਮੇ ਲਈ 5 ਜੂਨ, 2028 ਦੀ ਤਾਰੀਖ਼ ਤੈਅ ਕੀਤੀ ਹੈ, ਪਰ ਕਈ ਵਕੀਲਾਂ ਦਾ ਮੰਨਣਾ ਹੈ ਕਿ ਇਹ ਮੁਕੱਦਮਾ ਸ਼ਾਇਦ ਕਦੇ ਵੀ ਸ਼ੁਰੂ ਨਹੀਂ ਹੋ ਸਕੇਗਾ। ਵਕੀਲਾਂ ਦਾ ਕਹਿਣਾ ਹੈ ਕਿ 2003 ਵਿਚ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਖਾਲਿਦ ਸ਼ੇਖ਼ ‘ਤੇ ਸੀ.ਆਈ.ਏ. ਦੀ ਹਿਰਾਸਤ ਦੌਰਾਨ ਕੀਤੇ ਗਏ ਟਾਰਚਰ ਕਾਰਨ ਕਾਨੂੰਨੀ ਮਾਮਲਾ ਬਹੁਤ ਜ਼ਿਆਦਾ ਉਲਝ ਗਿਆ ਹੈ।
ਅਗਸਤ ਦੇ ਅਖੀਰ ਵਿਚ ਅਮਰੀਕੀ ਮਿਲਟਰੀ ਜੱਜ ਨੇ ਫੈਸਲਾ ਸੁਣਾਇਆ ਕਿ ਸਰਕਾਰੀ ਵਕੀਲ ਖਾਲਿਦ ਸ਼ੇਖ਼ ਦੁਆਰਾ 2007 ਵਿਚ ਐੱਫ.ਬੀ.ਆਈ. ਸਾਹਮਣੇ ਕੀਤੇ ਗਏ ਕਬੂਲਨਾਮੇ ਦੀ ਵਰਤੋਂ ਅਦਾਲਤ ਵਿਚ ਨਹੀਂ ਕਰ ਸਕਦੇ। ਜੱਜ ਅਨੁਸਾਰ ਇਹ ਬਿਆਨ ਗੈਰ-ਕਾਨੂੰਨੀ ਸਨ ਕਿਉਂਕਿ ਉਸ ਨੂੰ 183 ਵਾਰ ਵਾਟਰਬੋਰਡਿੰਗ ਵਰਗੀਆਂ ਸਖ਼ਤ ਪੁੱਛਗੁੱਛ ਤਕਨੀਕਾਂ ਨਾਲ ਟਾਰਚਰ ਕੀਤਾ ਗਿਆ ਸੀ। ਅਮਰੀਕੀ ਸਰਕਾਰ ਨੇ ਇਸ ਫੈਸਲੇ ਵਿਰੁੱਧ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਮਾਮਲੇ ਵਿਚ ਹੋਰ ਦੇਰੀ ਨਾ ਹੋਵੇ। ਇਸ ਤੋਂ ਪਹਿਲਾਂ 2024 ਵਿਚ ਇੱਕ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤਹਿਤ ਉਸ ਨੂੰ ਮੌਤ ਦੀ ਸਜ਼ਾ ਤੋਂ ਬਚਾ ਕੇ ਉਮਰ ਕੈਦ ਦਿੱਤੀ ਜਾਣੀ ਸੀ, ਪਰ ਇਹ ਸਮਝੌਤਾ ਪਿਛਲੇ ਸਾਲ ਪੂਰੀ ਤਰ੍ਹਾਂ ਰੱਦ ਹੋ ਗਿਆ।
ਇਸ ਤੋਂ ਪਹਿਲਾਂ 2009 ਵਿਚ ਤਤਕਾਲੀ ਅਟਾਰਨੀ ਜਨਰਲ ਏਰਿਕ ਹੋਲਡਰ ਵੱਲੋਂ ਉਸ ‘ਤੇ ਨਿਊਯਾਰਕ ਸਿਟੀ ਦੀ ਸਿਵਲ ਕੋਰਟ ਵਿਚ ਕੇਸ ਚਲਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਸੁਰੱਖਿਆ ਚਿੰਤਾਵਾਂ ਅਤੇ ਭਾਰੀ ਵਿਰੋਧ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ। ਵਕੀਲ ਜੋਸ਼ੂਆ ਡਰਾਟੇਲ ਅਨੁਸਾਰ ਇਹ ਸਾਰਾ ਮਾਮਲਾ ਰਾਜਨੀਤੀ ਅਤੇ ਟਾਰਚਰ ਦੀ ਜਵਾਬਦੇਹੀ ਦੀ ਘਾਟ ਕਾਰਨ ਖ਼ਰਾਬ ਹੋ ਚੁੱਕਾ ਹੈ।
9/11 ਹਮਲੇ ਵਿਚ ਆਪਣੇ ਪਤੀ ਨੂੰ ਗੁਆਉਣ ਵਾਲੀ ਅਤੇ ‘9/11 ਫੈਮਿਲੀਜ਼ ਯੂਨਾਈਟਿਡ’ ਦੀ ਚੇਅਰ ਟੈਰੀ ਸਟ੍ਰਾਡਾ ਨੇ ਕਿਹਾ ਕਿ ਪੀੜਤ ਪਰਿਵਾਰ ਅਜੇ ਵੀ ਇਨਸਾਫ਼ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੌਤ ਦੀ ਸਜ਼ਾ ਹਟਾਉਣ ਦੇ ਪੱਖ ਵਿਚ ਨਹੀਂ ਹਨ, ਕਿਉਂਕਿ ਜੇਕਰ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਤਾਂ ਭਵਿੱਖ ਦੇ ਅਮਰੀਕੀ ਨੇਤਾ ਉਸ ਨੂੰ ਕੈਦੀਆਂ ਦੇ ਵਟਾਂਦਰੇ ਲਈ ਵਰਤ ਸਕਦੇ ਹਨ। ਟੈਰੀ ਸਟ੍ਰਾਡਾ ਅਨੁਸਾਰ ਇਸ ਗੰਭੀਰ ਅਪਰਾਧ ਲਈ ਮੌਤ ਦੀ ਸਜ਼ਾ ਹੀ ਸਭ ਤੋਂ ਢੁਕਵੀਂ ਹੈ।
ਜ਼ਿਕਰਯੋਗ ਹੈ ਕਿ 11, ਸਤੰਬਰ 2001 ਵਿਚ ਹੋਏ ਅੱਤਵਾਦੀ ਹਮਲੇ ਨੇ ਕੁਝ ਘੰਟਿਆਂ ਵਿਚ ਹੀ ਅਮਰੀਕਾ ਦੀ ਤਸਵੀਰ ਬਦਲ ਦਿੱਤੀ। ਅੱਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਅਤੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿਚੋਂ ਦੋ ਜਹਾਜ਼ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰਾਂ ਨਾਲ ਟਕਰਾ ਗਏ। ਇੱਕ ਹੋਰ ਜਹਾਜ਼ ਪੈਂਟਾਗਨ ਨਾਲ ਟਕਰਾ ਗਿਆ। ਚੌਥਾ ਜਹਾਜ਼ ਪੈਨਸਿਲਵੇਨੀਆ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਮਲੇ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। 25 ਸਾਲ ਬੀਤਣ ਦੇ ਬਾਵਜੂਦ ਉਸ ਦਿਨ ਦਾ ਦਰਦ ਹਾਲੇ ਵੀ ਲੋਕਾਂ ਦੇ ਦਿਲਾਂ ਵਿਚ ਤਾਜ਼ਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button