
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਤ ਸਾਲਾਂ ਬਾਅਦ ਹੋ ਰਹੇ ਭਾਰਤ ਦੌਰੇ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿੱਚ ਇੱਕ ਵੱਡਾ ਸਕਾਰਾਤਮਕ ਮੋੜ ਆਇਆ ਹੈ। ਪਿਛਲੇ ਛੇ ਸਾਲਾਂ ਤੋਂ ਬੰਦ ਪਈ ਨਵੀਂ ਦਿੱਲੀ ਤੋਂ ਗੁਆਂਗਜ਼ੂ ਵਿਚਕਾਰਲੀ ਹਵਾਈ ਸੇਵਾ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਚਾਈਨਾ ਸਾਊਦਰਨ ਏਅਰਲਾਈਨਜ਼ ਅਨੁਸਾਰ ਇਹ ਉਡਾਣਾਂ 21 ਸਤੰਬਰ ਤੋਂ ਰਸਮੀ ਤੌਰ ‘ਤੇ ਸ਼ੁਰੂ ਹੋ ਜਾਣਗੀਆਂ, ਜਿਸ ਤਹਿਤ ਹਫ਼ਤੇ ਵਿੱਚ ਲਗਭਗ 100 ਉਡਾਣਾਂ ਚਲਾਈਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਬੀਜਿੰਗ ਅਤੇ ਕੋਲਕਾਤਾ ਤੋਂ ਕੁਨਮਿੰਗ ਵਿਚਕਾਰ ਹਵਾਈ ਸੇਵਾਵਾਂ ਅਪ੍ਰੈਲ ਮਹੀਨੇ ਵਿੱਚ ਪਹਿਲਾਂ ਹੀ ਬਹਾਲ ਕੀਤੀਆਂ ਜਾ ਚੁੱਕੀਆਂ ਹਨ। ਸਾਲ 2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਫੌਜੀ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਕਾਫ਼ੀ ਤਣਾਅ ਆ ਗਿਆ ਸੀ। ਹਾਲਾਂਕਿ, ਕਈ ਦੌਰ ਦੀਆਂ ਕੂਟਨੀਤਕ ਅਤੇ ਫੌਜੀ ਗੱਲਬਾਤਾਂ ਤੋਂ ਬਾਅਦ ਪੂਰਬੀ ਲੱਦਾਖ ਸਰਹੱਦ ਤੋਂ ਫੌਜਾਂ ਦੀ ਵਾਪਸੀ ਨਾਲ ਸਥਿਤੀ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ।ਸ਼ੀ ਜਿਨਪਿੰਗ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਵੀ ਕਰਨਗੇ। ਇਸ ਅਹਿਮ ਦੌਰੇ ਲਈ ਉਨ੍ਹਾਂ ਦੇ ਨਾਲ ਲਗਭਗ 400 ਮੈਂਬਰਾਂ ਦਾ ਵੱਡਾ ਵਫ਼ਦ ਭਾਰਤ ਪਹੁੰਚ ਰਿਹਾ ਹੈ। ਇਸ ਵਫ਼ਦ ਵਿੱਚ ਸੀਪੀਸੀ ਕੇਂਦਰੀ ਕਮੇਟੀ ਦੇ ਜਨਰਲ ਦਫ਼ਤਰ ਦੇ ਡਾਇਰੈਕਟਰ ਕਾਈ ਜੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਰਗੇ ਪ੍ਰਮੁੱਖ ਆਗੂ ਸ਼ਾਮਲ ਹਨ।ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਪ੍ਰਸਤਾਵਿਤ ਮੋਦੀ-ਜਿਨਪਿੰਗ ਮੁਲਾਕਾਤ ‘ਤੇ ਬੋਲਦਿਆਂ ਕਿਹਾ ਕਿ ਚੀਨ, ਭਾਰਤ ਨਾਲ ਮਿਲ ਕੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਉਮੀਦ ਜਤਾਈ ਕਿ ਦੋਵੇਂ ਦੇਸ਼ ਆਪਸੀ ਸੰਚਾਰ ਵਧਾ ਕੇ ਅਤੇ ਮਤਭੇਦਾਂ ਨੂੰ ਸੁਲਝਾ ਕੇ ਇੱਕ ਦੂਜੇ ਦੇ ਚੰਗੇ ਗੁਆਂਢੀ ਅਤੇ ਸਹਿਯੋਗੀ ਭਾਈਵਾਲ ਬਣਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




