
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਜਾਣਕਾਰੀ ਦਿੱਤੀ ਹੈ ਕਿ ਮੋਦੀ ਸਰਕਾਰ ਨੇ ਅਗਲੇ ਹਫ਼ਤੇ 30 ਨਵੰਬਰ ਤੋਂ 3 ਦਸੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਅਪੀਲ ਕੀਤੀ ਹੈ। ਸਰਕਾਰ ਵੱਲੋਂ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੋਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜ਼ਰੂਰੀ ਸਰਕਾਰੀ ਕੰਮਕਾਜ ਨਿਪਟਾਉਣ ਲਈ ਲੋਕ ਸਭਾ ਦੀ ਕਾਰਵਾਈ ਸੋਮਵਾਰ (30 ਨਵੰਬਰ) ਤੋਂ ਅਤੇ ਰਾਜ ਸਭਾ ਦੀ ਕਾਰਵਾਈ ਬੁੱਧਵਾਰ (2 ਦਸੰਬਰ) ਤੋਂ ਮੁੜ ਸ਼ੁਰੂ ਕੀਤੀ ਜਾਵੇ।
ਸਰਕਾਰੀ ਕੰਮਕਾਜ ਦੀਆਂ ਲੋੜਾਂ ਨੂੰ ਦੇਖਦੇ ਹੋਏ ਦੋਵਾਂ ਸਦਨਾਂ ਦੀਆਂ ਬੈਠਕਾਂ 3 ਦਸੰਬਰ ਨੂੰ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਰਕਾਰ ਇਸ ਸੈਸ਼ਨ ਦੌਰਾਨ ‘ਨਾਰੀ ਸ਼ਕਤੀ ਵੰਦਨ ਐਕਟ’ (ਮਹਿਲਾ ਰਾਖਵਾਂਕਰਨ ਬਿੱਲ) ਮੁੜ ਸੰਸਦ ਵਿੱਚ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਹੱਦਬੰਦੀ (ਡੀਲਿਮਿਟੇਸ਼ਨ) ਨਾਲ ਜੁੜਿਆ ਬਿੱਲ ਵੀ ਲਿਆਂਦਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਸਰਕਾਰ ਕੋਲ ਦੋਵਾਂ ਸਦਨਾਂ ਵਿੱਚ ਲੋੜੀਂਦਾ ਬਹੁਮਤ ਮੌਜੂਦ ਹੈ।
ਇਸ ਤੋਂ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ, ਜਿਸ ਨੂੰ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, 100 ਦਿਨਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਧਿਕਾਰਤ ਤੌਰ ‘ਤੇ ਸਮਾਪਤ ਨਹੀਂ ਕੀਤਾ ਗਿਆ ਹੈ। ਇਸ ਤਕਨੀਕੀ ਕਾਰਨ ਕਰਕੇ ਆਗਾਮੀ ਸੈਸ਼ਨ ਦੀਆਂ ਪ੍ਰਸਤਾਵਿਤ ਬੈਠਕਾਂ ਨੂੰ ਕਿਸੇ ਨਵੇਂ ਸੈਸ਼ਨ ਦੀ ਸ਼ੁਰੂਆਤ ਨਹੀਂ, ਸਗੋਂ ਮਾਨਸੂਨ ਸੈਸ਼ਨ ਦਾ ਹੀ ਵਿਸਥਾਰ ਮੰਨਿਆ ਜਾਵੇਗਾ।
ਸੰਸਦ ਦੇ ਇਸ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਅਗਲੇ ਹਫ਼ਤੇ 30 ਨਵੰਬਰ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੀ ਸਮਾਪਤੀ 3 ਦਸੰਬਰ ਨੂੰ ਹੋਵੇਗੀ। ਇਸ ਸੈਸ਼ਨ ਦੇ ਮੱਦੇਨਜ਼ਰ ਭਲਕੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਕੇਂਦਰੀ ਕੈਬਨਿਟ ਦੀ ਇੱਕ ਅਹਿਮ ਬੈਠਕ ਸੱਦੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਕੈਬਨਿਟ ਵੱਲੋਂ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
ਦੂਜੇ ਪਾਸੇ, ਆਗਾਮੀ ਸੰਸਦ ਸੈਸ਼ਨ ‘ਤੇ ਚਰਚਾ ਕਰਨ ਲਈ ਕਾਂਗਰਸ ਪਾਰਟੀ ਨੇ ਵੀ ਭਲਕੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਅਹਿਮ ਮੀਟਿੰਗ ਰੱਖੀ ਹੈ। 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਸੰਸਦ ਸੈਸ਼ਨ ਦੌਰਾਨ ਸਰਕਾਰ ਨੂੰ ਘੇਰਨ ਅਤੇ ਆਪਣੀ ਰਣਨੀਤੀ ਤੈਅ ਕਰਨ ਲਈ ਕਾਂਗਰਸ ਸੰਸਦੀ ਰਣਨੀਤੀ ਸਮੂਹ ਦੀ ਬੈਠਕ ਸ਼ਾਮ 4:30 ਵਜੇ ਦਿੱਲੀ ਵਿਖੇ ਸੱਦੀ ਗਈ ਹੈ।
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਅੱਜ ਦੱਸਿਆ ਕਿ ਸਰਕਾਰ ਨੇ “ਜ਼ਰੂਰੀ ਸਰਕਾਰੀ ਕੰਮਕਾਜ” ਨਿਪਟਾਉਣ ਲਈ ਲੋਕ ਸਭਾ ਅਤੇ ਰਾਜ ਸਭਾ ਤੋਂ ਕ੍ਰਮਵਾਰ 30 ਨਵੰਬਰ ਅਤੇ 2 ਦਸੰਬਰ ਨੂੰ ਮੁੜ ਸੈਸ਼ਨ ਸੱਦਣ ਦੀ ਬੇਨਤੀ ਕੀਤੀ ਹੈ। ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਪੋਸਟ ਕਰਦਿਆਂ ਲਿਖਿਆ, “ਸਰਕਾਰ ਨੇ ਲੋਕ ਸਭਾ ਸਪੀਕਰ ਨੂੰ ਸੋਮਵਾਰ (30 ਨਵੰਬਰ) ਨੂੰ ਹੇਠਲੇ ਸਦਨ ਦੀ ਬੈਠਕ ਸੱਦਣ ਅਤੇ ਰਾਜ ਸਭਾ ਦੇ ਚੇਅਰਮੈਨ ਨੂੰ ਬੁੱਧਵਾਰ (2 ਦਸੰਬਰ) ਨੂੰ ਉਪਰਲੇ ਸਦਨ ਦੀ ਬੈਠਕ ਸੱਦਣ ਦੀ ਅਪੀਲ ਕੀਤੀ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਕੰਮਕਾਜ ਦੀਆਂ ਲੋੜਾਂ ਨੂੰ ਦੇਖਦਿਆਂ ਦੋਵਾਂ ਸਦਨਾਂ ਦੇ ਸੈਸ਼ਨ 3 ਦਸੰਬਰ ਨੂੰ ਸਮਾਪਤ ਹੋ ਸਕਦੇ ਹਨ।ਕੇਂਦਰ ਸਰਕਾਰ ਵੱਲੋਂ ਸੰਸਦ ਦਾ ਸੈਸ਼ਨ ਮੁੜ ਸੱਦਣ ਦੇ ਫ਼ੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਬੀਜੂ ਜਨਤਾ ਦਲ (BJD) ਦੇ ਉਪ ਪ੍ਰਧਾਨ ਪ੍ਰਸੰਨਾ ਆਚਾਰੀਆ ਨੇ ਕਿਹਾ, “ਸਾਨੂੰ ਇਸ ਗੱਲ ਦੀ ਉਮੀਦ ਪਹਿਲਾਂ ਤੋਂ ਹੀ ਸੀ, ਕਿਉਂਕਿ ਲੋਕ ਸਭਾ ਦਾ ਪਿਛਲਾ ਸੈਸ਼ਨ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਗਿਆ ਸੀ, ਪਰ ਉਸ ਦੀ ਰਸਮੀ ਸਮਾਪਤੀ ਨਹੀਂ ਕੀਤੀ ਗਈ ਸੀ। ਇਸ ਲਈ ਇਹ ਖ਼ਦਸ਼ਾ ਸੀ ਕਿ ਸਰਕਾਰ ਕਿਸੇ ਵੀ ਸਮੇਂ ਨਵਾਂ ਸੰਮਨ ਜਾਰੀ ਕੀਤੇ ਬਿਨਾਂ ਸੰਸਦ ਦਾ ਸੈਸ਼ਨ ਸੱਦ ਸਕਦੀ ਹੈ ਅਤੇ ਹੁਣ ਅਜਿਹਾ ਹੀ ਹੋਇਆ ਹੈ।”
ਉਨ੍ਹਾਂ ਅੱਗੇ ਕਿਹਾ, “ਸੱਤਾਧਾਰੀ ਧਿਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਸੈਸ਼ਨ ਕਿਸ ਮਕਸਦ ਨਾਲ ਮੁੜ ਸੱਦਿਆ ਜਾ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸਰਕਾਰ ਸ਼ਾਇਦ ਹੱਦਬੰਦੀ ਬਿੱਲ ਨੂੰ ਮਹਿਲਾ ਰਾਖਵਾਂਕਰਨ ਬਿੱਲ ਨਾਲ ਜੋੜ ਕੇ ਮੁੜ ਪੇਸ਼ ਕਰਨ ਜਾ ਰਹੀ ਹੈ। ਮੈਨੂੰ ਨਹੀਂ ਪਤਾ ਕਿ ਇਸ ਵਾਰ ਇਸ ਬਿੱਲ ਦਾ ਸਰੂਪ ਕੀ ਹੋਵੇਗਾ, ਪਰ ਸਾਨੂੰ ਉਮੀਦ ਹੈ ਕਿ ਜਿਨ੍ਹਾਂ ਨੁਕਤਿਆਂ ‘ਤੇ ਵਿਰੋਧੀ ਪਾਰਟੀਆਂ ਨੇ ਇਤਰਾਜ਼ ਜਤਾਇਆ ਸੀ, ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਜਾਵੇਗਾ ਅਤੇ ਸਰਕਾਰ ਆਪਣਾ ਰੁਖ਼ ਬਦਲੇਗੀ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




