Opinion

24 ਫ਼ਰਵਰੀ ਦੇ ਅੰਕ ਲਈ ਗਿਆਨੀ ਗੁਰਦਿਤ ਸਿੰਘ ਜਨਮ ਸ਼ਤਾਬਦੀ ‘ਤੇ ਵਿਸ਼ੇਸ਼

ਗੁਰਮਤਿ/ਸਿੱਖ ਸੋਚ ਦਾ ਮੁੱਦਈ : ਖੋਜੀ ਵਿਦਵਾਨ ਗਿਆਨੀ ਗੁਰਦਿਤ ਸਿੰਘ

ਉਜਾਗਰ ਸਿੰਘ

ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ ਤੇ ਬਹੁਰੰਗੀ ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸਨ। ਉਹ ਧਾਰਮਿਕ ਖੋਜੀ, ਸਾਹਿਤਕਾਰ, ਪੱਤਰਕਾਰ, ਸਿਆਸਤਦਾਨ ਅਤੇ ਪੰਜਾਬੀ ਸਭਿਅਚਾਰ ਦੇ ਵਾਰਤਕਕਾਰ ਸਨ। ਉਨ੍ਹਾਂ ਨੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਅਜਿਹਾ ਵਿਦਵਤਾ ਭਰਪੂਰ ਬਿਹਤਰੀਨ ਕੰਮ ਕੀਤਾ, ਜਿਸ ਕਰਕੇ ਉਨ੍ਹਾਂ ਦੀ ਇੱਕ ਵੱਖਰੀ ਵਿਲੱਖਣ ਪਛਾਣ ਬਣ ਗਈ। ਉਨ੍ਹਾਂ ਦੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਬਿਹਤਰੀਨ ਕਾਰਜ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ ਪ੍ਰੰਤੂ ਫਿਰ ਵੀ ਇਨ੍ਹਾਂ ਦੇ ਵੱਖਰੇ-ਵੱਖਰੇ ਖੇਤਰਾਂ ਵਿੱਚ ਕੀਤੇ ਕੰਮਾ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ-

ਸਿੱਖ ਧਾਰਮ ਦੇ ਖੋਜੀ:

ਇਤਿਹਾਸ ਵਿੱਚ ਗਿਆਨੀ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਉਹ ਬਹੁ-ਪਰਤੀ ਵਿਦਵਤਾ ਦੇ ਮੁਜੱਸਮਾ ਸਨ। ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖ ਸੋਚ ‘ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ ਅਤੇ ਸਿੱਖ ਸੋਚ ਦੇ ਮੁੱਦਈ ਸਨ। ਉਹ ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਬਚਨਵੱਧ ਸਨ, ਇਸ ਲਈ ਉਨ੍ਹਾਂ ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ‘ਗੁਰਮਤਿ ਅਚਾਰੀਆ’ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਸ਼ਾਮਲ ਹੈ, ਉਨ੍ਹਾਂ ਭਗਤਾਂ ਅਤੇ ਭੱਟਾਂ ਦੀ ਬਾਣੀ ਦੇ ਇਤਿਹਾਸਿਕ ਪੱਖਾਂ ਬਾਰੇ ਸਮੱਗਰੀ ਇਕ-ਸੁਰ ਕਰਕੇ ਵਿਲੱਖਣ ਕਾਰਜ ਕੀਤਾ ਹੈ। ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ। ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ। ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਸਨ। ਜਿਤਨੀਆਂ ਵੀ ਪੰਜਾਬ ਵਿਚ ਗੁਰੂ ਸਾਹਿਬਾਨ ਅਤੇ ਸਿੱਖੀ ਨਾਲ ਸੰਬੰਧਤ ਸ਼ਤਾਬਦੀਆਂ ਮਨਾਈਆਂ ਗਈਆਂ, ਉਨ੍ਹਾਂ ਦੇ ਸਾਰੇ ਪ੍ਰੋਗਰਾਮ ਗਿਆਨੀ ਗੁਰਦਿੱਤ ਸਿੰਘ ਉਲੀਕਦੇ ਸਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਨਾਏ ਗਏ 300 ਸਾਲਾ ਸ਼ਤਾਬਦੀ ਸਮਾਰੋਹਾਂ ਦੇ ਮੌਕੇ ਉਨ੍ਹਾਂ ਨੇ 50 ਪੁਸਤਕਾਂ ਦੀ ਸੰਪਾਦਨਾ ਕੀਤੀ, ਜਿਹੜੀਆਂ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੀਆਂ ਹਨ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ। ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਅਨੀ ਜੀ ਨੂੰ ਜਾਂਦਾ ਹੈ।

ਉਨ੍ਹਾਂ ਸਿੱਖ ਇਤਿਹਾਸ ਦੇ ਮੁੱਢਲੇ ਸ੍ਰੋਤਾਂ ਨੂੰ ਵਿਦਵਾਨਾ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਕੀਤਾ ਹੈ। ਇਸ ਮੰਤਵ ਲਈ ਉਨ੍ਹਾਂ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਹੱਥ ਲਿਖਤਾਂ ਅਤੇ ਪੁਰਾਤਨ ਖਰੜਿਆਂ ਦਾ ਅਧਿਐਨ ਕੀਤਾ। ਉਹ ਹਮੇਸ਼ਾ ਤੱਥਾਂ ‘ਤੇ ਅਧਾਰਤ ਲਿਖਦੇ ਸਨ। ਉਨ੍ਹਾਂ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ। ਉਨ੍ਹਾਂ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ ‘ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਸਨ। ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ ‘ਸਿੱਖ ਵਿਰਸਾ ਟਰੱਸਟ’ ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਕਈ ਸਿੱਖ ਸੰਸਥਾਵਾਂ ਦੇ ਮੁੱਖੀ /ਮੈਂਬਰ ਅਤੇ ਉਨ੍ਹਾਂ ਦੇ ਕੁਸ਼ਲ ਪ੍ਰਬੰਧਕ ਸਨ।

ਪੰਜਾਬੀ ਸਭਿਅਚਾਰ ਦੇ ਵਾਰਤਕਕਾਰ:

ਗਿਆਨੀ ਗੁਰਦਿਤ ਸਿੰਘ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕਰਨ ਵਾਲੇ ਬੁਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਉਹ ਇੱਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਮੇਰਾ ਪਿੰਡ’ ਨੂੰ ਗਿਣਿਆ ਜਾਂਦਾ ਹੈ। ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ।

ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ। ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ ‘ਮੇਰਾ ਪਿੰਡ’ ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ। ਇਸ ਪੁਸਤਕ ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਪਿੰਡਾਂ ਦੇ ਸਭਿਅਚਾਰ ਦੀ ਤਸਵੀਰ ਖਿਚ ਕੇ ਰੱਖ ਦਿੱਤੀ। ਘਰ ਬੈਠਿਆਂ ਨੂੰ ਪੇਂਡੂ ਸਭਿਅਤਾ ਦੇ ਦਰਸ਼ਨ ਕਰਵਾ ਦਿੱਤੇ ਹਨ। ਪਿੰਡਾਂ ਦੇ ਜੀਵਨ ਵਿੱਚ ਪਾਏ ਜਾਂਦੇ ਵਹਿਮ ਭਰਮ, ਮਨਾਏ ਜਾਂਦੇ ਤਿਥ ਤਿਓਹਾਰ, ਜੰਮਣ-ਮਰਨ, ਵਿਆਹ ਦੇ ਰੀਤੀ ਰਿਵਾਜ਼ਾਂ ਨੂੰ ਬਾਖ਼ੂਬੀ ਚਿਤਰਿਆ ਹੈ। ਉਹ ਪੰਜਾਬੀ ਦਿਹਾਤੀ ਵਿਰਾਸਤ ਦੇ ਰੰਗ ਵਿੱਚ ਰੰਗੇ ਹੋਏ ਸਨ, ਜਿਸ ਕਰਕੇ ਉਹ ਆਪਣੀ ਵਿਰਾਸਤ ‘ਤੇ ਸਾਰੀ ਉਮਰ ਪਹਿਰਾ ਦਿੰਦੇ ਰਹੇ। ਇਕ ਕਿਸਮ ਨਾਲ ‘ਮੇਰਾ ਪਿੰਡ’ ਪੁਸਤਕ ਹਵਾਲਾ ਪੁਸਤਕ ਹੈ, ਜਿਸ ਨੂੰ ਆਉਣ ਵਾਲੀ ਪੀੜ੍ਹੀ ਖੋਜ ਲਈ ਵਰਤਿਆ ਕਰੇਗੀ। ਪੰਜਾਬ ਦੀਆਂ ਲੋਕ ਕਹਾਣੀਆਂ ਇਸ ਪ੍ਰਸੰਗ ਦੀ ਇੱਕ ਵਿਲੱਖਣ ਵੰਨਗੀ ਹੈ, ਜਿਸ ਵਿੱਚ ਪੰਜਾਬੀ ਬਾਤਾਂ ਤਿੰਨ ਜਿਲਦਾਂ ਵਿੱਚ ਛਾਪੀਆਂ ਗਈਆਂ ਸਨ। ਉਨ੍ਹਾਂ ਸਿੰਘ ਸਭਾ ਲਹਿਰ ਵਿੱਚ ਨਵੀਂ ਰੂਹ ਪੈਦਾ ਕੀਤੀ। ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਦਾ ਵਣਜਾਰਾ ਕਿਹਾ ਜਾ ਸਕਦਾ ਹੈ। ਉਨ੍ਹਾਂ ਲੋਕਧਾਰਾਈ ਵਰਤਾਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਹੈ।

ਸੰਪਾਦਕ ਤੇ ਪੱਤਰਕਾਰ

 ਗਿਆਨੀ ਗੁਰਦਿਤ ਸਿੰਘ ਨੇ ਆਪਣਾ ਕੈਰੀਅਰ ਮਹਿਜ 24 ਸਾਲ ਦੀ ਉਮਰ ਵਿੱਚ ਪੱਤਰਕਾਰੀ ਵਿੱਚ ਹੀ ਸ਼ੁਰੂ ਕੀਤਾ ਸੀ। ਉਹ ਉਚ ਕੋਟੀ ਦੇ ਨਿੱਡਰ ਪੱਤਰਕਾਰ ਤੇ ਸੰਪਾਦਕ ਸਨ। ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ ‘ਪ੍ਰਕਾਸ਼’ ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕੀਤਾ। ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਇਸ ਅਖ਼ਬਾਰ ਵਿੱਚ ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ। ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ। 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ। ਇਨ੍ਹਾਂ ਪਤ੍ਰਿਕਾਵਾਂ ਰਾਹੀਂ ਉਹ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਰਹੇ। ਉਨ੍ਹਾਂ ਦਾ ਹਰ ਲੇਖ ਇਤਿਹਾਸਿਕ ਅਤੇ ਗੁਰਮਤਿ ਦੇ ਕੇਂਦਰੀ ਸਿਧਾਂਤ ‘ਤੇ ਅਧਾਰਤ ਬਾ-ਦਲੀਲ ਕੇਂਦਰਤ ਹੁੰਦਾ ਸੀ। ਉਹ ਸਿੰਘ ਸਭਾ ਸ਼ਤਾਬਦੀ ਕਮੇਟੀ ਅੰਮ੍ਰਿਤਸਰ ਦੇ ਵੀ ਜਨਰਲ ਸਕੱਤਰ ਰਹੇ।  ਗਿਆਨੀ ਗੁਰਦਿੱਤ ਸਿੰਘ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਰਾਜ਼ ਇੱਕ ਖੋਜੀ ਪੱਤਰਕਾਰ ਤੇ ਸੰਪਾਦਕ ਹੋਣਾ ਹੈ। ਉਹ ਪੱਤਰਕਾਰੀ ਦੇ ਪਿਤਾਮਿਆਂ ਵਿੱਚੋਂ ਇੱਕ ਹਨ।

ਸਾਹਿਤਕਾਰ:

ਗਿਆਨੀ ਗੁਰਦਿੱਤ ਸਿੰਘ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਗਿਆਨੀ ਗੁਰਦਿੱਤ ਸਿੰਘ ਨੇ ਪ੍ਰਸਿੱਧ ਧਾਰਮਿਕ ਵਿਦਵਾਨਾ ਦੀਆਂ ਜੀਵਨੀਆਂ ਵੀ ਲਿਖੀਆਂ ਹਨ। ਉਹ ਆਪਣੀ ਧੁਨ ਦੇ ਪੱਕੇ, ਸਿਰੜ੍ਹੀ ਅਤੇ ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ। ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ।

ਸਿਆਸਤਦਾਨ:

ਗਿਆਨੀ ਗੁਰਦਿੱਤ ਸਿੰਘ ਜੀ ਦੀ ਸਿੱਖੀ, ਗੁਰਮਤਿ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਲੈਜਿਸਲੇਚਰ ਕੌਂਸਲ ਦਾ 1956 ਵਿੱਚ ਮੈਂਬਰ ਨਾਮਜਦ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਅਤੇ ਤਖ਼ਤ ਦਮਦਮਾ ਸਾਹਿਬ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ।

ਮਾਨ ਸਨਮਾਨ

ਗਿਆਨੀ ਗੁਰਦਿਤ ਸਿੰਘ ਦੀਆਂ ਪੰਜਾਬ, ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਈ ਮਾਨ ਸਨਮਾਨ ਵੀ ਦਿਤੇ ਗਏ। ਉਹਨਾਂ ਨੂੰ ਮਿਲੇ ਮਾਨ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ 2006, ਪੰਜ ਪਾਣੀ ਪੁਰਸਕਾਰ 2005, ਦੂਰਦਰਸ਼ਨ ਜਲੰਧਰ ਵਲੋਂ ਚੀਫ ਖਾਲਸਾ ਦੀਵਾਨ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਪੁਰਸਕਾਰ 2000, ਕਰਤਾਰ ਸਿੰਘ ਧਾਲੀਵਾਲ ਅਵਾਰਡ, ਐਸ. ਜੀ. ਪੀ. ਸੀ. ਵਲੋਂ ਗੁਰਮਤਿ ਅਚਾਰੀਆ ਅਵਾਰਡ 1991, ਮੇਰਾ ਪਿੰਡ ਪੁਸਤਕ ਲਈ 1967 ਅਤੇ ਤਿਥ ਤਿਉਹਾਰ ਲਈ 1960 ਆਦਿ ਸ਼ਾਮਲ ਹਨ। ਉਨ੍ਹਾਂ ਨੂੰ 1960 ਵਿੱਚ ਯੂਨੈਸਕੋ ਨੇ ਮੇਰਾ ਪਿੰਡ ਲੇਖ ਲਈ ਪੁਰਸਕਾਰ ਵੀ ਦਿੱਤਾ ਸੀ। 1970 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਤਿੰਨ ਸਾਲ ਲਈ ਆਨਰੇਰੀ ਫੈਲੋਸ਼ਿਪ ਪ੍ਰਦਾਨ ਕੀਤੀ ਸੀ।

ਗਿਆਨੀ ਗੁਰਦਿੱਤ ਸਿੰਘ ਦਾ ਜਨਮ ਮਾਲੇਰਕੋਟਲਾ ਰਿਆਸਤ (ਹੁਣ ਮਾਲੇਰਕੋਟਲਾ ਜਿਲ੍ਹਾ) ਦੇ ਪਿੰਡ ਮਿੱਠੇਵਾਲ ਵਿਖੇ ਪਿਤਾ ਹੀਰਾ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ 24 ਫਰਵਰੀ 1923 ਨੂੰ ਇਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਗੁਰਦੁਆਰੇ ਵਿੱਚੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਡੇਰਿਆਂ ਵਿੱਚ ਗ਼ੈਰਰਸਮੀ ਪੜ੍ਹਾਈ ਕੀਤੀ। 1945 ਵਿੱਚ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਭਾਵੇਂ ਉਚ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ ਪ੍ਰੰਤੂ ਉਨ੍ਹਾਂ ਦਾ ਕੰਮ ਉਚ ਕੋਟੀ ਦੇ ਵਿਦਵਾਨਾ ਤੋਂ ਵੀ ਵੱਧ ਸੀ। ਉਨ੍ਹਾਂ ਦੀ ਬੋਲੀ ਸਰਲ, ਗੱਲਬਾਤੀ ਅਤੇ ਬਿਰਤਾਂਤਿਕ ਹੈ, ਜਿਹੜੀ ਸੌਖਿਆਂ ਹੀ ਪਾਠਕ ਦੇ ਸਮਝ ਪੈ ਜਾਂਦੀ ਹੈ। ਗਿਆਨੀ ਜੀ ਨੇ ਆਮ ਲੋਕਾਂ ਵੱਲੋਂ ਵਰਤੀ ਜਾਂਦੀ  ਬੋਲੀ ਦੀ ਅਮੀਰੀ ਅਤੇ ਸਮਰੱਥਾ ਦਰਸਾ ਕੇ ਇਸ ਨੂੰ ਸਾਹਿਤਕ ਖੇਤਰ ਵਿੱਚ ਪੂਰਾ ਆਦਰ ਮਾਣ ਦਿਵਾਇਆ। ਉਨ੍ਹਾਂ ਪੰਜਾਬੀ ਬੋਲੀ ਦੀ ਸਰਦਾਰੀ ਨੂੰ ਸਥਾਪਤ ਕਰ ਦਿੱਤਾ। ਉਹ ਲੋਕਾਂ ਦੀਆਂ ਗੱਲਾਂ ਲੋਕਾਂ ਦੀ ਭਾਸ਼ਾ ਵਿੱਚ ਲਿਖਦੇ ਸਨ। 17 ਜਨਵਰੀ 2007 ਨੂੰ ਗਿਆਨੀ ਗੁਰਦਿੱਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ

 ਮੋਬਾਈਲ-94178 13072

ujagarsingh48@yahoo.com

 —————————————————–

ਹਵਾਲੇ/ਸਰੋਤ: ਪੁਸਤਕ ‘ਗਿਆਨੀ ਗੁਰਦਿੱਤ ਸਿੰਘ 1923-2007

ਸੰਪਾਦਕ:ਇੰਦਰਜੀਤ ਕੌਰ ਤੇ ਰੂਪਿੰਦਰ ਸਿੰਘ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Check Also
Close
Back to top button