D5 specialOpinion

ਨਵਾਂ ਸਾਲ ਕੁੱਝ ਤਿਆਗਣ ਅਤੇ ਕੁੱਝ ਅਪਣਾਉਣ ਦਾ ਸੰਕਲਪ !

ਸਮੇਂ ਨੇ ਹਮੇਸ਼ਾ ਆਪਣੀ ਹੀ ਤੋਰ ਤੁਰਦੇ ਰਹਿਣਾ ਹੈ।ਇਸਨੇ ਨਾ ਹੀ ਕਿਸੇ ਦੇ ਕਹਿਣ ਤੇ ਕਦੇ ਰੁਕਣਾ ਹੈ,ਨਾ ਤੇਜ ਹੋਣਾ ਹੈ,ਨਾ ਹੀ ਹੌਲੀ ਹੋਣਾ ਹੈ ਅਤੇ ਨਾ ਹੀ ਪਿੱਛੇ ਹੀ ਮੁੜਨਾ ਹੈ।ਸਗੋਂ ਸਮੇਂ ਨੇ ਤਾਂ,ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਤੋਰ ਤੁਰਦੇ ਰਹਿਣਾ ਹੈ।ਇਸੇ ਲਈ ਤਾਂ ਕਹਿੰਦੇ ਹਨ,ਕਿ ਸਮਾਂ ਬੜਾ ਬੇਪ੍ਰਵਾਹ ਹੁੰਦਾ ਹੈ।ਕਿਉਂਕਿ ਇਹ ਨਾ ਹੀ ਕਿਸੇ ਅਮੀਰ ਅਤੇ ਨਾ ਹੀ ਕਿਸੇ ਗਰੀਬ ਚ ਕੋਈ ਭੇਦਭਾਵ ਕਰਦਾ ਹੈ।
ਸੋ ਸਮਾਂ,ਇਉਂ ਹੀ ਆਪਣੀ ਮਸਤੀ ਚ ਲੰਘ ਜਾਂਦਾ ਹੈ।ਪਰ ਕਈ ਵਾਰ,ਮਨੁੱਖ ਨੂੰ ਇਹ ਭੁਲੇਖਾ ਵੀ ਲੱਗ ਜਾਂਦਾ ਹੈ,ਕਿ ਉਹ ਸਮੇਂ ਦੇ ਗੇੜ ਨੂੰ ਪੁੱਠਾ ਗੇੜਾ ਦੇ ਦੇਵੇਗਾ,ਜੋ ਕਿ ਆਖਰ ਨੂੰ ਉਸਦਾ ਭੁਲੇਖਾ ਹੀ ਸਾਬਤ ਹੁੰਦਾ ਹੈ।ਕਿਉਂਕਿ,ਹਰ ਮਨੁੱਖ ਦੀ ਜਿੰਦਗੀ ਦੇ ਦਿਨ,ਮਹੀਨੇ ਅਤੇ ਸਾਲ,ਚੁੱਪ ਚੁਪੀਤੇ ਹੀ ਤਾਂ ਲੰਘ ਜਾਂਦੇ ਹਨ,ਪਰ ਮਨੁੱਖ ਨੂੰ ਇੰਨ੍ਹਾਂ ਦੇ ਬੀਤ ਜਾਣ ਦਾ ਬਿਲਕੁਲ ਵੀ ਪਤਾ ਨਹੀਂ ਚੱਲਦਾ।ਇਸੇ ਲਈ ਤਾਂ ਕਿਹਾ ਜਾਂਦਾ ਹੈ,ਕਿ ਇਹ, ਵਕਤ ਮਨੁੱਖ ਦੀ ਜਿੰਦਗੀ ਚੋਂ,ਇੱਕ ਦਿਨ ਰੇਤ ਦੀ ਮੁੱਠੀ ਦੀ ਤਰ੍ਹਾਂ ਹੀ ਕਿਰ ਜਾਂਦਾ ਹੈ।

ਕਹਿਣ ਤੋਂ ਭਾਵ ਇਹ ਹੈ,ਕਿ ਮਨੁੱਖ ਦੀ ਜਿੰਦਗੀ ਚ,ਦਿਨ,ਮਹੀਨੇ ਅਤੇ ਸਾਲ,ਇਉਂ ਹੀ ਆਉਂਦੇ ਜਾਂਦੇ ਰਹਿੰਦੇ ਹਨ।ਜਿੰਨ੍ਹਾਂ ਦਾ ਸਧਾਰਨ ਹਾਲਾਤਾਂ ਚ ਮਨੁੱਖ ਨੂੰ ਕੋਈ ਪਤਾ ਵੀ ਨਹੀਂ ਚੱਲਦਾ।ਵਕਤ ਦਾ ਪਤਾ ਤਾਂ, ਮਨੁੱਖ ਨੂੰ ਸਿਰਫ ਉਸ ਵਕਤ ਹੀ ਲੱਗਦਾ ਹੈ,ਜਦੋਂ ਮਨੁੱਖ ਦੀ ਜਿੰਦਗੀ ਚ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ।ਕਿਉਂਕਿ ਮਨੁੱਖ ਦੀ ਜਿੰਦਗੀ ਚ ਵਾਪਰੀ ਹੋਈ ਉਹ ਦੁਰਘਟਨਾ ਮਨੁੱਖ ਦੀ ਜਿੰਦਗੀ ਤੇ ਗਹਿਰੀ ਛਾਪ ਛੱਡ ਜਾਂਦੀ ਹੈ।ਜਿਸਨੂੰ ਮਨੁੱਖ ਲੱਖ ਭੁਲਾਉਣ ਦੇ ਬਾਵਜੂਦ ਵੀ ਭੁੱਲ ਨਹੀਂ ਸਕਦਾ। ਅਗਰ ਇਹ ਕਹਿ ਲਿਆ ਜਾਵੇ, ਕਿ ਮਨੁੱਖ ਦੀ ਜਿੰਦਗੀ ਦਾ ਕੋਈ ਵੀ ਦਿਨ,ਚੰਗਾ ਜਾਂ ਮਾੜਾ ਨਹੀਂ ਹੁੰਦਾ,ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ।ਇਹ ਚੰਗੇ ਮਾੜੇ ਦਾ ਸੰਕਲਪ ਤਾਂ,ਮਨੁੱਖ ਨੇ ਆਪਣੇ ਹਿਸਾਬ ਅਤੇ ਪੁਰਾਣੇ ਚੱਲੇ ਆ ਰਹੇ ਰੀਤੀ ਰਿਵਾਜਾਂ ਦੇ ਆਧਾਰ ਤੇ ਹੀ ਬਣਾਇਆ ਹੈ।ਇਸ ਲਈ,ਅਸੀਂ ਕਿਸੇ ਦਿਨ ਜਾਂ ਸਮੇਂ ਨੂੰ ਚੰਗਾ ਅਤੇ ਕਿਸੇ ਨੂੰ ਬੁਰਾ ਕਹਿਣ ਲੱਗ ਪੈਂਦੇ ਹਾਂ।ਕਿਉਂਕਿ ਮਨੁੱਖ ਰੀਸ਼ੋ ਰੀਸ ਜਾਂ ਭੇਡਚਾਲ ਦਾ ਸ਼ੌਕੀਨ ਹੈ।ਮਨੁੱਖ ਤਰਕ ਦੇ ਅਧਾਰ ਤੇ ਸੋਚਣ ਦੀ ਵਜਾਏ ਲਾਈਲੱਗ ਕਿਸਮ ਦਾ ਮਨੁੱਖ ਬਣਕੇ ,ਪਹਿਲਾਂ ਹੀ ਬਣੇ ਰਾਹਾਂ ਤੇ ਚੱਲਣ ਨੂੰ ਜਿਆਦਾ ਤਰਜੀਹ ਦਿੰਦਾ ਹੈ।

ਮਨੁੱਖ ਦੀ ਅਜਿਹੀ ਹੀ ਖੂਬੀ ਜਾਂ ਕਮਜੋਰੀ,ਕਈ ਤਰ੍ਹਾਂ ਦੇ ਤਿੱਥ ਤਿਉਹਾਰਾਂ ਜਾਂ ਫਿਰ ਨਵੇਂ ਸਾਲ ਤੇ ਵਧਾਈਆਂ ਦੇਣ ਦੀ ਇੱਕ ਬੜੀ ਵਧੀਆ ਉਦਾਹਰਣ ਹੀ ਕਹੀ ਜਾ ਸਕਦੀ ਹੈ।ਇੰਨ੍ਹਾਂ ਦਿਨਾਂ ਤੇ ਲੋਕ,ਵੱਧ ਚੜਕੇ ਵਧਾਈਆਂ ਦਿੰਦੇ ਹਨ।ਆਪਣੇ ਕੀਤੇ ਬੁਰੇ ਕੰਮਾਂ ਲਈ ਜੁਬਾਨੀ ਕਲਾਮੀ ਮੁਆਫੀਆਂ ਵੀ ਮੰਗਦੇ ਹਨ।ਪਰ ਜਿਉਂ ਹੀ ਇਹ ਖਾਸ ਦਿਨ ਲੰਘ ਜਾਂਦਾ ਹੈ,ਤਾਂ ਫਿਰ,
ਓਹੀਓ ਕਹੀ,ਓਹੀਓ ਕੜਾਹੀ! ਵਾਲੀ ਗੱਲ ਹੋ ਜਾਂਦੀ ਹੈ।ਪਰ ਇੰਨ੍ਹਾਂ ਦਿਨਾਂ ਤੇ ਕੀਤੇ ਗਏ ਮੁਆਫੀ ਨਾਮੇ ਜਾਂ ਵਾਅਦਿਆਂ ਨੂੰ ਭੋਰਾ ਵੀ ਅਮਲ ਚ ਨਹੀਂ ਲਿਆਇਆ ਜਾਂਦਾ। ਸਮਾਜ ਚ ਮਨਾਏ ਜਾ ਰਹੇ,ਇੰਨ੍ਹਾਂ ਤਿੱਥਾਂ ਤਿਉਹਾਰਾਂ ਵਾਰੇ ਤਾਂ ਗੁਰਬਾਣੀ ਚ ਵੀ ਫਰਮਾਇਆ ਗਿਆ ਹੈ,ਕਿ,
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।

ਭਾਵ ਕਿ,ਇੰਨ੍ਹਾਂ ਤਿੱਥਾਂ ਤਿਉਹਾਰਾਂ ਅਤੇ ਦਿਨਾਂ ਦੇ ਚੰਗਾ ਜਾਂ ਮਾੜਾ ਹੋਣ ਵਾਰੇ ਕੋਈ ਵੀ ਮਹਾਂਪੁਰਸ਼ ਜਾਂ ਫਿਰ ਕੋਈ ਜੋਗੀ ਨਹੀਂ ਜਾਣ ਸਕਿਆ।ਇਹਦੇ ਚੰਗੇ ਜਾਂ ਮਾੜੇ ਹੋਣ ਵਾਰੇ ਤਾਂ ਸ਼੍ਰਿਸ਼ਟੀ ਨੂੰ ਸਾਜਣ ਵਾਲਾ ਅਕਾਲ ਪੁਰਖ ਹੀ ਜਾਣ ਸਕਦਾ ਹੈ।ਇਸ ਲਈ ਅਜਿਹੇ ਚੰਗੇ ਮਾੜੇ ਚੱਕਰਾਂ ਚ ਪੈਣ ਦੀ ਲੋੜ ਨਹੀਂ ਹੈ। ਭਾਵੇਂ,ਇਹ ਤਿੱਥ ਤਿਉਹਾਰ ਅਤੇ ਕੁੱਝ ਖਾਸ ਦਿਨ ਮਨੁੱਖ ਦੀ ਜਿੰਦਗੀ ਚ ਖਾਸ ਮਹੱਤਵ ਵੀ ਰੱਖਦੇ ਹਨ।ਪਰ ਕਿਸੇ ਖਾਸ ਤਿੱਥ ਤਿਉਹਾਰ ਜਾਂ ਦਿਨ ਨੂੰ ਸਿਰਫ ਚੰਗਾ ਜਾਂ ਮਾੜਾ ਕਹਿ ਦੇਣ ਨਾਲ ਹੀ ਕੰਮ ਨਹੀਂ ਚੱਲਣਾ,ਸਗੋਂ,ਗੱਲ ਤਾਂ ਇੰਨ੍ਹਾਂ ਦੀਆਂ ਚੰਗਿਆਈਆਂ ਨੂੰ ਗ੍ਰਹਿਣ ਕਰਨ ਅਤੇ ਬੁਰਾਈਆਂ ਨੂੰ ਛੱਡਣ ਦੀ ਹੈ।ਇਹੋ ਗੱਲ ਹੀ ਮਨੁੱਖ ਦੇ ਧਿਆਨ ਦੀ ਮੰਗ ਕਰਦੀ ਹੈ।
ਸੋ,ਅਜਿਹੇ ਖਾਸ ਦਿਨਾਂ ਜਾਂ ਤਿੱਥ ਤਿਉਹਾਰਾਂ ਤੇ ਸਾਨੂੰ ਜਿੰਦਗੀ ਚ,ਕੁੱਝ ਸੰਕਲਪ ਕਰਨੇ ਚਾਹੀਦੇ ਹਨ,ਜਿਸ ਨਾਲ ਸਮਾਜ ਅਤੇ ਸਮੁੱਚੇ ਸੰਸਾਰ ਨੂੰ ਸੋਹਣਾ ਅਤੇ ਖੁਸ਼ਹਾਲ ਬਣਾਇਆ ਜਾ ਸਕੇ।ਇੰਨ੍ਹਾਂ ਦਿਨਾਂ ਤੇ,ਸਾਨੂੰ ਆਪਸੀ ਵੈਰ ਵਿਰੋਧ,ਲੁੱਟ ਖਸੁੱਟ, ਬੇਸ਼ੁਮਾਰ ਧਨ ਦੌਲਤ ਦਾ ਮੋਹ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ, ਧਨ ਦੀ ਕਾਣੀ ਵੰਡ,ਮਹਿੰਗਾਈ, ਬੇਰੁਜਗਾਰੀ ਦਾ ਖਾਤਮਾ,ਜਾਤ ਪਾਤ ਅਤੇ ਪਾਖੰਡਵਾਦ ਦਾ ਡੱਟਵਾਂ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ, ਵਿਗਿਆਨਕ ਸੋਚ,ਆਪਸੀ ਭਾਈਚਾਰਾ,ਸਮਾਨਤਾ ਅਤੇ ਗੁਰੂਆਂ ਪੀਰਾਂ ਦੇ ਸਿਧਾਂਤਾਂ,

ਕਿਰਤ ਕਰੋ,ਵੰਡ ਛਕੋ ਅਤੇ ਨਾਮ ਜਪੋ!
ਜਿਹੇ ਸਿਧਾਂਤਾਂ ਨੂੰ ਜਿੰਦਗੀ ਚ ਅਪਨਾਉਣਾ ਚਾਹੀਦਾ ਹੈ। ਮੁੱਕਦੀ ਗੱਲ ਤਾਂ ਇਹ ਹੈ,ਕਿ ਸਾਨੂੰ,ਕਿਸੇ ਵੀ ਦਿਨ ਜਾਂ ਕਿਸੇ ਤਿੱਥ ਤਿਉਹਾਰ ਨੂੰ ਰੀਸ਼ੋਰੀਸ ਜਾਂ ਭੇਡਚਾਲ ਦੇ ਵਾਂਗ ਸਿਰਫ ਮਨਾ ਕੇ ਹੀ ਨਹੀਂ ਛੱਡ ਦੇਣਾ ਚਾਹੀਦਾ,ਸਗੋਂ ਅਜਿਹੇ ਮੌਕਿਆਂ ਤੇ ਸਾਨੂੰ ਕੁੱਝ ਬੁਰਾਈਆਂ ਨੂੰ ਤਿਆਗਣਾ ਅਤੇ ਕੁੱਝ ਅੱਛੀਆਂ ਗੱਲਾਂ ਨੂੰ ਗ੍ਰਹਿਣ ਕਰਕੇ ਆਪਣੀ,ਆਪਣੇ ਪਰਿਵਾਰ, ਸਮਾਜ ਤੇ ਦੇਸ਼ ਦੀ ਤਰੱਕੀ ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਕਿਉਂਕਿ,ਕਿਸੇ ਦਾ ਭਲਾ ਇਕੱਲਾ ਕਹਿਣ ਜਾਂ ਸੁਣਨ ਨਾਲ ਹੀ ਨਹੀਂ ਹੋਣਾ,ਸਗੋਂ ਇਹਦੇ ਲਈ ਤਾਂ,ਹੱਥ ਪੱਲਾ ਹਿਲਾਉਣਾ ਹੀ ਪੈਣਾ ਹੈ।ਐਵੇਂ ਹੱਥ ਤੇ ਹੱਥ ਧਰਕੇ,ਕਦੇ ਮੰਜਲਾਂ ਸਰ ਨਹੀਂ ਹੁੰਦੀਆਂ ਅਤੇ ਨਾ ਹੀ ਕਿਸੇ ਦਾ ਕੁੱਝ ਸੁਆਰਿਆ ਹੀ ਜਾ ਸਕਦਾ ਹੈ।
ਸੁਬੇਗ ਸਿੰਘ, ਸੰਗਰੂਰ
93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button